
ਪਟਿਆਲਾ ਕੋਰਟ ਵਿਚ ਹੋਈ ਪੇਸ਼ੀ, ਦੇਰ ਰਾਤ ਬਰਜਿੰਦਰ ਪਰਵਾਨਾ ਨੂੰ ਕੀਤਾ ਗਿਆ ਸੀ ਗ੍ਰਿਫ਼ਤਾਰ
ਚੰਡੀਗੜ੍ਹ : ਪਟਿਆਲਾ ਘਟਨਾਕ੍ਰਮ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਮਾਸਟਰਮਾਈਂਡ ਬਰਜਿੰਦਰ ਸਿੰਘ ਪਰਵਾਨਾ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਸ ਮਗਰੋਂ ਅਦਾਲਤ ਨੇ ਪਰਵਾਨਾ ਨੂੰ ਚਾਰ ਦਿਨ ਦੀ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਦੱਸ ਦੇਈਏ ਕਿ ਇਹ ਰਿਮਾਂਡ ਪਟਿਆਲਾ ਅਦਾਲਤ ਵਲੋਂ ਦਿਤਾ ਗਿਆ ਹੈ। ਬਰਜਿੰਦਰ ਸਿੰਘ ਪਰਵਾਨਾ ਨੂੰ ਬੀਤੀ ਰਾਤ ਮੁਹਾਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਸ ਦੀ ਪੁਸ਼ਟੀ ਆਈ.ਜੀ. ਮੁਖਵਿੰਦਰ ਸਿੰਘ ਛੀਨਾ ਵਲੋਂ ਕੀਤੀ ਗਈ ਹੈ।
Barjinder Singh Parwana
ਆਈਜੀ ਮੁਖਵਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਹੁਣ ਤੱਕ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਉਹਨਾਂ ਦੱਸਿਆ ਕਿ ਮੁੱਖ ਮੰਤਰੀ ਨੇ ਸਮਾਜ ਵਿਰੋਧੀ ਅਤੇ ਦੇਸ਼ ਵਿਰੋਧੀ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਹਨ। ਕਿਸੇ ਨਿਰਦੋਸ਼ ਨੂੰ ਤੰਗ ਨਹੀਂ ਕੀਤਾ ਜਾਵੇਗਾ ਪਰ ਇਸ ਘਟਨਾ ਵਿਚ ਸ਼ਾਮਲ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ ਅਤੇ ਉਹਨਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪੁਲਿਸ ਨੇ ਹਰੀਸ਼ ਸਿੰਗਲਾ ਦੇ ਜਾਣਕਾਰ ਸ਼ੰਕਰ ਭਾਰਦਵਾਜ ਅਤੇ ਤਿੰਨ ਹੋਰ ਨੂੰ ਵੀ ਗ੍ਰਿਫਤਾਰ ਕੀਤਾ ਹੈ। ਸੋਸ਼ਲ ਮੀਡੀਆ 'ਤੇ ਨਫ਼ਰਤ ਭਰਿਆ ਭਾਸ਼ਣ ਦੇਣ ਦੇ ਮਾਮਲੇ 'ਚ ਪੁਲਿਸ ਨੇ ਗੱਗੀ ਪੰਡਿਤ 'ਤੇ ਵੀ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ।
Patiala IG Press Confrence
ਤੁਹਾਨੂੰ ਦੱਸ ਦੇਈਏ ਕਿ ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਹਰੀਸ਼ ਸਿੰਗਲਾ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਸ ਤਰ੍ਹਾਂ ਹੀ ਹੁਣ ਬਰਜਿੰਦਰ ਸਿੰਘ ਪਰਵਾਨਾ ਤੋਂ ਵੀ ਮਾਮਲੇ ਸਬੰਧੀ ਪੁੱਛਗਿੱਛ ਕੀਤੀ ਜਾਵੇਗੀ। ਆਈਜੀ ਛੀਨਾ ਨੇ ਦੱਸਿਆ ਕਿ ਐਸਐਸਪੀ ਦੀਪਕ ਪਰਿਕ ਦੀ ਅਗਵਾਈ ਵਿਚ ਪਟਿਆਲਾ ਪੁਲਿਸ ਦੀਆਂ 20 ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ, ਜੋ ਪੰਜਾਬ ਭਰ ਵਿਚ ਛਾਪੇਮਾਰੀ ਕਰ ਰਹੀਆਂ ਹਨ।
Patiala Incident
ਆਈਜੀ ਪਟਿਆਲਾ ਨੇ ਇਹ ਸਖ਼ਤ ਸੁਨੇਹਾ ਵੀ ਦਿੱਤਾ ਕਿ ਸਨਸਨੀਖੇਜ਼ ਖ਼ਬਰਾਂ ਫੈਲਾਉਣ ਵਾਲਿਆਂ ਸਮੇਤ ਸੋਸ਼ਲ ਮੀਡੀਆ 'ਤੇ ਭੜਕਾਊ ਸਮੱਗਰੀ ਪਾਉਣ ਵਾਲਿਆਂ ਖ਼ਿਲਾਫ਼ ਵੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਮੀਡੀਆ ਨੂੰ ਅਪੀਲ ਕੀਤੀ ਕਿ ਅਮਨ-ਕਾਨੂੰਨ ਤੇ ਸ਼ਾਂਤੀ ਭੰਗ ਕਰਨ ਵਾਲੀ ਕੋਈ ਵੀ ਖ਼ਬਰ ਸਾਂਝੀ ਕਰਨ ਤੋਂ ਪਹਿਲਾਂ ਉਸ ਦੀ ਪੁਸ਼ਟੀ ਜ਼ਰੂਰ ਕੀਤੀ ਜਾਵੇ।
Patiala IG Press Conference
ਇਸ ਦੌਰਾਨ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅਪੀਲ ਕੀਤੀ ਕਿ ਜ਼ਿਲ੍ਹੇ 'ਚ ਅਮਨ-ਸ਼ਾਂਤੀ ਬਣਾਈ ਰੱਖਣ ਲਈ ਕਿਸੇ ਵੀ ਅਜਿਹੀ ਤੱਥਹੀਣ ਪੋਸਟ ਨੂੰ ਟਵਿਟਰ, ਇੰਸਟਾਗ੍ਰਾਮ ਜਾਂ ਫੇਸਬੁਕ ਸਮੇਤ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੈਟਫਾਰਮਾਂ 'ਤੇ ਸਾਂਝੀ ਨਾ ਕੀਤਾ ਜਾਵੇ, ਜੋ ਸਮਾਜ ਵਿਚ ਅਸ਼ਾਂਤੀ ਤੇ ਦੋ ਫ਼ਿਰਕਿਆਂ ਜਾਂ ਲੋਕਾਂ ਵਿਚ ਝਗੜੇ ਪੈਦਾ ਕਰਦੀ ਹੋਵੇ। ਉਹਨਾਂ ਕਿਹਾ ਕਿ ਅਜਿਹੀ ਪੋਸਟ ਬਾਰੇ ਜਾਣਕਾਰੀ ਡੀਸੀਪਟਿਆਲਾਪੀਬੀ @DCPatialaPb ਦੇ ਟਵਿਟਰ ਖਾਤੇ 'ਤੇ ਡਾਇਰੈਕਟ ਮੈਸੇਜ ਕਰਕੇ ਸਾਂਝੀ ਕੀਤੀ ਜਾਵੇ ਤਾਂ ਜੋ ਇਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।
Barjinder Parwana
ਪੰਜਾਬ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਬਰਜਿੰਦਰ ਸਿੰਘ ਪਰਵਾਨਾ ਰਾਜਪੁਰਾ ਦੇ ਵਸਨੀਕ ਹਨ। ਜਾਣਕਾਰੀ ਮੁਤਾਬਕ ਪਟਿਆਲਾ ਵਿਖੇ ਵਾਪਰੀ ਹਿੰਸਕ ਘਟਨਾ ਤੋਂ ਪਹਿਲਾਂ ਵੀ ਪਰਵਾਨਾ ਉੱਪਰ ਚਾਰ ਐੱਫਆਈਆਰ ਦਰਜ ਹਨ। ਇਹਨਾਂ ਵਿਚੋਂ ਤਿੰਨ ਐੱਫਆਈਆਰ ਪਟਿਆਲਾ ਜ਼ਿਲ੍ਹੇ ਵਿਚ ਹਨ ਜਦਕਿ ਇਕ ਮੁਹਾਲੀ ਵਿਚ ਹੈ। ਦੱਸ ਦੇਈਏ ਕਿ ਹਰੀਸ਼ ਸਿੰਗਲਾ ਨੂੰ ਪੰਜਾਬ ਪੁਲਿਸ ਵੱਲੋਂ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਬੀਤੇ ਦਿਨ ਉਸ ਨੂੰ ਦੋ ਦਿਨਾਂ ਦੇ ਰਿਮਾਂਡ 'ਤੇ ਭੇਜਿਆ ਗਿਆ ਸੀ। ਇਸ ਮਾਮਲੇ 'ਚ ਹੁਣ ਤੱਕ 6 ਖਿਲਾਫ ਐੱਫਆਈਆਰ ਦਰਜ ਕੀਤੀਆਂ ਗਈਆਂ ਹਨ ਜਦਕਿ ਮਾਮਲੇ ਵਿਚ 25 ਲੋਕ ਨਾਮਜ਼ਦ ਹਨ।