ਮੰਤਰੀ ਭੁੱਲਰ ਨੇ ਆਪਣੀ ਤਨਖਾਹ ਵਿੱਚੋਂ 2 ਲੱਖ ਰੁਪਏ ਸਹਾਇਤਾ ਦੇਣ ਦਾ ਵਾਅਦਾ ਕੀਤਾ
ਗੁਰਦਾਸਪੁਰ : ਮ੍ਰਿਤਕ ਡਰਾਈਵਰ ਗੁਰਸੇਵਕ ਸਿੰਘ ਭੱਟੀ ਵੀਰਵਾਰ ਦੀ ਰਾਤ ਨੂੰ ਬਟਾਲਾ ਤੋਂ ਦਿੱਲੀ ਬੱਸ ਲੈ ਕੇ ਗਿਆ ਸੀ ਅਤੇ ਰਸਤੇ ’ਚ ਹਰਿਆਣਾ ਦੇ ਸ਼ਹਿਰ ਅਸੰਧ ਵਿਖੇ ਅਚਾਨਕ ਦਿਲ ’ਚ ਦਰਦ ਹੋਣਾ ਸ਼ੁਰੂ ਹੋ ਗਿਆ। ਕੰਡਕਟਰ ਨੇ ਉਸ ਨੂੰ ਕਰਨਾਲ ਦੇ ਹਸਪਤਾਲ ਪਹੁੰਚਾਇਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰੋਡਵੇਜ਼ ਪਨਬੱਸ ਸਟੇਟ ਟਰਾਂਸਪੋਰਟ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਹਰਮਿੰਦਰ ਸਿੰਘ ਨੇ ਦੱਸਿਆ ਕਿ ਡਰਾਈਵਰ ਗੁਰਸੇਵਕ ਸਿੰਘ ਭੱਟੀ ਪ੍ਰਧਾਨ ਬਟਾਲਾ ਡਿੱਪੂ ਦੀ ਅਸੰਧ ਹਰਿਆਣਾ ਵਿਖੇ ਹਾਰਟ ਅਟੈਕ ਦੌਰਾਨ ਮੌਤ ਹੋਈ ਹੈ, ਜਿਸ ਨਾਲ ਯੂਨੀਅਨ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਉਨ੍ਹਾਂ ਦੱਸਿਆ ਕਿ ਬਟਾਲਾ ਡਿਪੂ ਤੋਂ ਬੱਸ ਲੈ ਕੇ ਗਏ ਡਰਾਈਵਰ ਗੁਰਸੇਵਕ ਸਿੰਘ ਭੱਟੀ ਜਦੋਂ ਹਰਿਆਣਾ ਦੇ ਅਸੰਧ ਵਿਖੇ ਚਾਹ ਪੀਣ ਲਈ ਰੁਕੇ ਤਾਂ ਡਰਾਈਵਰ ਗੁਰਸੇਵਕ ਸਿੰਘ ਨੇ ਦਿਲ ’ਚ ਦਰਦ ਮਹਿਸੂਸ ਕੀਤਾ। ਉਸ ਨੇ ਇਸ ਸਬੰਧੀ ਆਪਣੇ ਕੰਡਕਟਰ ਨੂੰ ਦੱਸਿਆ ਤੇ ਅਚਾਨਕ ਬੇਹੋਸ਼ ਹੋ ਗਿਆ। ਕੰਡਕਟਰ ਨੇ ਪਹਿਲਾਂ ਡਰਾਈਵਰ ਨੂੰ ਅਸੰਧ ਦੇ ਇਕ ਹਸਪਤਾਲ ਵਿਚ ਲਿਜਾਇਆ, ਜਿਥੇ ਉਨ੍ਹਾਂ ਨੇ ਕਰਨਾਲ ਰੈਫਰ ਕਰ ਦਿੱਤਾ। ਜਦੋਂ ਉਹ ਕਰਨਾਲ ਹਸਪਤਾਲ ਪਹੁੰਚੇ ਤਾਂ ਡਾਕਟਰਾਂ ਨੇ ਗੁਰਸੇਵਕ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ।
ਸੂਬਾ ਪ੍ਰਧਾਨ ਨੇ ਦੱਸਿਆ ਕਿ ਡਰਾਈਵਰ ਸਾਥੀ ਦੀ ਮੌਤ ਦੇ ਸਬੰਧ ’ਚ ਪਰਿਵਾਰ ਲਈ ਵਿੱਤੀ ਸਹਾਇਤਾ ਲਈ ਯੂਨੀਅਨ ਦਾ ਇਕ ਵਫ਼ਦ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਮਿਲਿਆ ਅਤੇ ਟਰਾਂਸਪੋਰਟ ਮੰਤਰੀ ਨੇ ਡਰਾਈਵਰ ਦੀ ਹੋਈ ਮੌਤ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ।
ਮੰਤਰੀ ਭੁੱਲਰ ਨੇ ਆਪਣੀ ਤਨਖਾਹ ਵਿੱਚੋਂ 2 ਲੱਖ ਰੁਪਏ ਸਹਾਇਤਾ ਦੇਣ ਦਾ ਵਾਅਦਾ ਕੀਤਾ। ਗੁਰਸੇਵਕ ਸਿੰਘ ਦਾ ਸ਼ਨੀਵਾਰ ਦੀ ਸ਼ਾਮ ਨੂੰ ਉਸ ਦੇ ਪਿੰਡ ਨੇੜੇ ਟਾਹਲੀ ਸਾਹਿਬ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ, ਇਕ ਪੁੱਤਰ ਅਤੇ ਇਕ ਧੀ ਛੱਡ ਗਿਆ ਹੈ।