ਅਧਿਆਪਕਾਂ ਨੂੰ ਪਿਛਲੀਆਂ ਸਰਕਾਰਾਂ ਵੱਲੋਂ ਕੁਝ ਵੀ ਨਹੀਂ ਦਿੱਤਾ ਗਿਆ।
ਜਲੰਧਰ - ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਪਾਰਟੀ ਉਮੀਦਵਾਰ ਸੁਸ਼ੀਲ ਰਿੰਕੂ ਦੇ ਹੱਕ ਵਿਚ ਜਲੰਧਰ ਵਿਖੇ ਪ੍ਰੈੱਸ ਕਾਨਫ਼ਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸਿੱਖਿਆ ਮਹਿਕਮੇ ਨਾਲ ਜੁੜੀਆਂ ਗੱਲਾਂ ਵੀ ਕੀਤੀਆਂ ਤੇ ਪਿਛਲੀਆਂ ਸਰਕਾਰਾਂ 'ਤੇ ਸਵਾਲ ਵੀ ਚੁੱਕਿਆ। ਉਨ੍ਹਾਂ ਨੇ ਕਿਹਾ ਕਿ ਸਾਡੇ ਅਧਿਆਪਕ ਬਹੁਤ ਵਧੀਆ ਕੰਮ ਕਰ ਰਹੇ ਹਨ ਤੇ ਉਹ ਅਪਣੇ ਪੱਲਿਓਂ ਪੈਸੇ ਲਗਾ ਕੇ ਸਕੂਲਾਂ ਦੀ ਨੁਹਾਰ ਬਦਲ ਰਹੇ ਹਨ। ਅਧਿਆਪਕਾਂ ਨੂੰ ਪਿਛਲੀਆਂ ਸਰਕਾਰਾਂ ਵੱਲੋਂ ਕੁਝ ਵੀ ਨਹੀਂ ਦਿੱਤਾ ਗਿਆ।
ਅਸੀਂ ਕਈ ਸਕੂਲਾਂ ਵਿਚ ਜਾ ਕੇ ਵੇਖਿਆ ਤਾਂ ਪਤਾ ਲੱਗਿਆ ਕਿ ਪਿਛਲੀਆਂ ਸਰਕਾਰਾਂ ਦੌਰਾਨ ਸਮੇਂ 'ਤੇ ਕਿਤਾਬਾਂ ਹੀ ਨਹੀਂ ਮਿਲਦੀਆਂ ਸਨ। ਉਨ੍ਹਾਂ ਕਿਹਾ ਕਿ ਕਈ ਸਾਲਾਂ ਤੋਂ ਅਧਿਆਪਕਾਂ ਦੀ ਭਰਤੀ ਹੀ ਨਹੀਂ ਹੋਈ। ਇਸ ਮੌਕੇ ਉਹਨਾਂ ਨੇ ਅਹਿਮ ਬਿਆਨ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿਚ 100 ਫ਼ੀਸਦੀ ਅਧਿਆਪਕ ਭਰਤੀ ਕੀਤੇ ਜਾਣਗੇ। ਜਲਦੀ ਹੀ 13 ਹਜ਼ਾਰ ਅਧਿਆਪਕ ਪੱਕੇ ਕੀਤੇ ਜਾਣਗੇ।
ਪੰਜਾਬ ਵਿਚ ਕੰਪਿਊਟਰ ਸਿੱਖਿਆ 'ਚ ਵੀ ਸੁਧਾਰ ਕੀਤਾ ਜਾਵੇਗਾ। ਹਰਜੋਤ ਬੈਂਸ ਨੇ ਦਾਅਵਾ ਕੀਤਾ ਕਿ ਮਈ ਮਹੀਨੇ ਵਿਚ ਸਕੂਲਾਂ ਲਈ ਗਰਾਂਟ ਵੀ ਜਾਰੀ ਕੀਤੀ ਜਾਵੇਗੀ।। ਹਰਜੋਤ ਸਿੰਘ ਬੈਂਸ ਨੇ ਅੱਗੇ ਕਿਹਾ ਕਿ ਜਲੰਧਰ ਦੀ ਜ਼ਿਮਨੀ ਚੋਣ ਦੌਰਾਨ ਜਲੰਧਰ ਦੇ ਲੋਕ ਨਵਾਂ ਇਤਿਹਾਸ ਸਿਰਜਣਗੇ।