
ਕਿਹਾ- ਮੋਦੀ ਵੈਜੀਟੇਰੀਅਨ ਹਨ, ਉਨ੍ਹਾਂ ਨਾਲ ਕਰਾਂਗਾ ਸਾਂਝੇ
ਕੈਨਬਰਾ, 31 ਮਈ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਐਤਵਾਰ ਨੂੰ ਅੰਬ ਦੀ ਚਟਣੀ ਸਮੋਸੇ ਦਾ ਸਵਾਦ ਲਿਆ। ਇਸ ਮੌਕੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਯਾਦ ਕੀਤਾ। ਮੌਰੀਸਨ ਨੇ ਟਵੀਟ ਕਰ ਕੇ ਕਿਹਾ, ''ਇਹ ਐਤਵਾਰ ਦਾ 'ਸਕਾ-ਮੋਸਾ' ਹੈ। ਮੈਂ ਇਨ੍ਹਾਂ ਨੂੰ ਅੰਬ ਦੀ ਚਟਣੀ ਨਾਲ ਤਿਆਰ ਕੀਤਾ ਹੈ। ਇਸ ਹਫ਼ਤੇ ਮੈਂ ਪੀ.ਐਮ ਮੋਦੀ ਨਾਲ ਵੀਡੀਉ ਲਿੰਕ ਰਾਹੀਂ ਬੈਠਕ ਕਰਾਂਗਾ। ਅਸਲ ਵਿਚ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਅੰਬ ਦੀ ਚਟਣੀ ਨਾਲ 'ਸਕਾ-ਮੋਸਾ' ਦੀ ਇਕ ਤਸਵੀਰ ਸਾਂਝੀ ਕੀਤੀ ਅਤੇ ਉਸ ਵਿਚ ਪੀ. ਐੱਮ. ਮੋਦੀ ਨੂੰ ਟੈਗ ਕੀਤਾ।
File photo
ਸਕੌਟ ਮੌਰੀਸਨ ਨੇ ਸਮੋਸੇ ਨੂੰ ਅਪਣੇ ਮੁਤਾਬਕ 'ਸਕਾਮੋਸਾ' ਨਾਂ ਦਿਤਾ। ਪੀ. ਐੱਮ. ਮੋਦੀ ਨੂੰ ਟੈਗ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਉਨ੍ਹਾਂ ਦੀ ਆਉਣ ਵਾਲੀ ਬੈਠਕ ਵੀਡੀਉ ਲਿੰਕ ਰਾਹੀਂ ਹੋਵੇਗੀ। ਮੌਰੀਸਨ ਨੇ ਕਿਹਾ ਕਿ 'ਸਕਾ-ਮੋਸਾ' ਸ਼ਾਕਾਹਾਰੀ ਹੈ ਅਤੇ ਉਹ ਪੀ. ਐੱਮ. ਮੋਦੀ ਨਾਲ ਇਸ ਨੂੰ ਸਾਂਝਾ ਕਰਨਾ ਪਸੰਦ ਕਰਨਗੇ। ਆਸਟ੍ਰੇਲੀਆਈ ਪ੍ਰਧਾਨ ਮੰਤਰੀ ਅਤੇ ਮੋਦੀ ਦੀ ਮੀਟਿੰਗ 4 ਜੂਨ ਨੂੰ ਵੀਡੀਉ ਲਿੰਕ ਰਾਹੀਂ ਹੋਵੇਗੀ। ਇਸ ਵਿਚ ਦੋਹਾਂ ਦੇ ਹਿਤਾਂ ਨਾਲ ਜੁੜੇ ਮੁੱਦਿਆਂ 'ਤੇ ਚਰਚਾ ਹੋਵੇਗੀ। ਮੀਟਿੰਗ 'ਚ ਭਾਰਤ ਅਤੇ ਆਸਟ੍ਰੇਲੀਆ ਵਿਗਿਆਨ ਅਤੇ ਟੈਕਨੋਲਾਜੀ, ਫ਼ੌਜ ਰਸਦ ਸਮੇਤ ਕੁੱਝ ਹੋਰ ਅਹਿਮ ਦੁਵੱਲੇ ਸਮਝੌਤਿਆਂ 'ਤੇ ਦਸਤਖ਼ਤ ਕੀਤੇ ਜਾਣਗੇ। (ਏਜੰਸੀ)