
ਪੰਜਾਬ ਕਾਂਗਰਸ ਦੀ ਸਿਆਸਤ ਦਾ ਕੇਂਦਰ ਹੋਇਆ ਦਿੱਲੀ ਤਬਦੀਲ
ਹਾਈ ਕਮਾਨ ਦੀ ਕਮੇਟੀ ਪਹਿਲੇ ਦਿਨ ਮਿਲੀ 12 ਮੰਤਰੀਆਂ ਅਤੇ 13 ਵਿਧਾਇਕਾਂ ਨੂੰ
ਚੰਡੀਗੜ੍ਹ, 31 ਮਈ (ਗੁਰਉਪਦੇਸ਼ ਭੁੱਲਰ) : ਪੰਜਾਬ ਕਾਂਗਰਸ ਦੇ ਸੰਕਟ ਨੂੰ ਹੱਲ ਕਰਨ ਲਈ ਅੱਜ ਕਾਂਗਰਸ ਹਾਈ ਕਮਾਨ ਦੀ ਤਿੰਨ ਮੈਂਬਰੀ ਕਮੇਟੀ ਨੇ ਸੂਬੇ ਦੇ ਮੰਤਰੀਆਂ, ਕਾਂਗਰਸੀ ਵਿਧਾਇਕਾਂ ਅਤੇ ਹੋਰ ਪ੍ਰਮੁੱਖ ਆਗੂਆਂ ਨਾਲ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰ ਦਿਤਾ ਹੈ | ਇਸ ਤਰ੍ਹਾਂ ਪੰਜਾਬ ਕਾਂਗਰਸ ਦੀ ਸਿਆਸਤ ਦਾ ਕੇਂਦਰ ਕੁੱਝ ਦਿਨਾਂ ਲਈ ਦਿੱਲੀ ਤਬਦੀਲ ਹੋ ਗਿਆ ਹੈ |
ਅੱਜ ਪਹਿਲੇ ਦਿਨ ਮਲਿਕਾ ਅਰਜਨ ਖੜਗੇ, ਹਰੀਸ਼ ਰਾਵਤ ਤੇ ਜੇ.ਪੀ. ਅਗਰਵਾਲ 'ਤੇ ਆਧਾਰਤ ਤਿੰਨ ਮੈਂਬਰੀ ਕਮੇਟੀ ਨੇ 12 ਮੰਤਰੀਆਂ ਅਤੇ 13 ਵਿਧਾਇਕਾਂ ਸਮੇਤ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨਾਲ ਗੱਲਬਾਤ ਕਰ ਕੇ ਪੰਜਾਬ ਕਾਂਗਰਸ, ਸਰਕਾਰ ਅਤੇ ਵਿਵਾਦਿਤ ਮੁੱਦਿਆਂ 'ਤੇ ਉਨ੍ਹਾਂ ਦੀ ਰਾਏ ਪੁੱਛੀ |
ਲਗਾਤਾਰ 7 ਘੰਟੇ ਚੱਲੇ ਗੱਲਬਾਤ ਦੇ ਸਿਲਸਿਲੇ ਤਹਿਤ ਇਕੱਲੇ-ਇਕੱਲੇ ਮੈਂਬਰ ਨਾਲ 15 ਤੋਂ 20 ਮਿੰਟ ਤਕ ਗੱਲਬਾਤ ਕੀਤੀ ਗਈ | ਭਾਵੇਂ ਮੀਟਿੰਗ ਤੋਂ ਬਾਹਰ ਆ ਕੇ ਜ਼ਿਆਦਾ ਮੈਂਬਰਾਂ ਨੇ ਇਕੋ ਜਿਹੀਆਂ ਸੱਭ ਠੀਕਠਾਕ ਹੈ, ਦੀ ਰਟੀ-ਰਟਾਈ ਭਾਸ਼ਾ 'ਚ ਗੱਲ ਕੀਤੀ | ਪਰ ਭਰੋਸੇਯੋਗ ਜਾਣਕਾਰੀ ਮੁਤਾਬਕ ਹੋਰਨਾਂ ਗੱਲਾਂ ਤੋਂ ਇਲਾਵਾ ਕਮੇਟੀ ਦੇ ਮੈਂਬਰਾਂ
ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਕਾਰਗੁਜ਼ਾਰੀ ਨੂੰ ਲੈ ਕੇ ਵੀ ਵਿਚਾਰ ਪੁੱਛੇ ਗਏ |
ਜ਼ਿਕਰਯੋਗ ਗੱਲ ਇਹ ਵੀ ਹੈ ਕਿ ਨਾਰਾਜ਼ ਧੜੇ ਮੀਟਿੰਗਾਂ ਕਰਦੇ ਰਹੇ ਮੰਤਰੀਆਂ ਸੁਖਜਿੰਦਰ ਰੰਧਾਵਾ ਤੇ ਚਰਨਜੀਤ ਚੰਨੀ ਦੇ ਤੇਵਰ ਪਹਿਲਾਂ ਵਾਲੇ ਹੀ ਦਿਖੇ ਤੇ ਉਨ੍ਹਾਂ ਅਪਣੇ ਵਿਚਾਰਾਂ 'ਤੇ ਦਿ੍ੜ ਰਹਿਣ ਦੀ ਗੱਲ ਆਖੀ ਹੈ | ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਵੀ ਕਮੇਟੀ ਨਾਲ ਵੱਖਰੇ ਤੌਰ 'ਤੇ ਗੱਲਬਾਤ ਕਰ ਕੇ ਅਪਣੀ ਰੀਪੋਰਟ ਦਿਤੀ ਗਈ | ਉਨ੍ਹਾਂ ਵਲੋਂ ਕੁੱਝ ਸੀਨੀਅਰ ਆਗੂਟਾਂ 'ਚ ਪਾਰਟੀ 'ਚ ਜਾਣਬੁਝ ਕੇ ਫੁੱਟ ਪੈਦਾ ਕਰਨ ਦੀ ਸ਼ਿਕਾਇਤ ਕੀਤੀ ਹੈ |
ਅੱਜ ਜਿਹੜੇ 12 ਮੰਤਰੀ ਤਿੰਨ ਮੈਂਬਰੀ ਕਮੇਟੀ ਨੂੰ ਮਿਲੇ ਉਨ੍ਹਾਂ 'ਚ ਬ੍ਰਹਮ ਮਹਿੰਦਰਾ, ਮਨਪ੍ਰੀਤ ਬਾਦਲ, ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ, ਤਿ੍ਪਤ ਰਜਿੰਦਰ ਬਾਜਵਾ, ਅਰੁਨਾ ਚੌਧਰੀ, ਓ.ਪੀ. ਸੋਨੀ, ਸੁਖਵਿੰਦਰ ਸੁੱਖ ਸਰਕਾਰੀਆ, ਸਾਧੂ ਸਿੰਘ ਧਰਮਸੋਤ, ਸੁੰਦਰ ਸ਼ਾਮ ਅਰੋੜਾ, ਗੁਰਪ੍ਰੀਤ ਕਾਂਗੜ ਅਤੇ ਬਲਬੀਰ ਸਿੱਧੂ ਸ਼ਾਮਲ ਹਨ |
ਵਿਧਾਇਕਾਂ 'ਚ ਡਾ. ਰਾਜ ਕੁਮਾਰ ਵੇਰਕਾ, ਗੁਰਕੀਰਤ ਕੋਟਲੀ, ਰਣਦੀਪ ਨਾਭਾ, ਸੰਗਤ ਸਿੰਘ ਗਿਲਜੀਆਂ, ਸੁਖਜੀਤ ਲੋਹਗੜ੍ਹ, ਰਾਜਾ ਵੜਿੰਗ, ਕੁਲਜੀਤ ਨਾਗਰਾ, ਰਾਣਾ ਗੁੁਰਜੀਤ, ਪਵਨ ਆਦੀਆ, ਕੁਸ਼ਲਦੀਪ ਢਿੱਲੋਂ, ਇੰਦਰਬੀਰ ਬੁਲਾਰੀਆ, ਸੁਖਵਿੰਦਰ ਡੈਨੀ ਸ਼ਾਮਲ ਸਨ | ਦੂਜੇ ਦਿਨ ਕਮੇਟੀ ਨੂੰ ਮਿਲਣ ਵਾਲੇ ਵਿਧਾਇਕਾਂ 'ਚ ਨਵਜੋਤ ਸਿੰਘ ਸਿੱਧੂ ਤੇ ਪਰਗਟ ਸਿੰਘ ਦਾ ਨਾਂ ਮੁੱਖ ਤੌਰ 'ਤੇ ਜ਼ਿਕਰਯੋਗ ਹੈ | ਜਿਨ੍ਹਾਂ 'ਤੇ ਸੱਭ ਨਜ਼ਰਾਂ ਲੱਗੀਆਂ ਹਨ | ਪ੍ਰਤਾਪ ਸਿੰਘ ਬਾਜਵਾ ਨੂੰ ਤੀਜੇ ਦਿਨ ਬੁਧਵਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀਰਵਾਰ ਨੂੰ ਕਮੇਟੀ ਵਲੋਂ ਸੱਦਿਆ ਗਿਆ ਹੈ |
ਅੱਜ ਦੀ ਮੀਟਿੰਗ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਗੋਲੀਕਾਂਡ ਦਾ ਮੁੱਦਾ ਵੀ ਮੁੱਖ ਤੌਰ 'ਤੇ ਜ਼ਿਕਰਯੋਗ ਹੈ, ਜਿਸ ਲਈ ਬਹੁਤੇ ਮੈਂਬਰ ਇਕਜੁਟ ਦਿਖਾਈ ਦਿਤੇ ਕਿ ਦੋਸ਼ੀਆਂ ਵਿਰੁਧ ਛੇਤੀ ਕਾਰਵਾਈ ਹੋਣੀ ਚਾਹੀਦੀ ਹੈ | ਕੁੱਝ ਮੈਂਬਰਾਂ ਵਿਰੁਧ ਵਿਜੀਲੈਂਸ ਕਾਰਵਾਈ 'ਤੇ ਵੀ ਕੁੱਝ ਮੈਂਬਰਾਂ ਨੇ ਇਤਰਾਜ ਪ੍ਰਗਟ ਕੀਤਾ ਹੈ |
ਪਾਰਟੀ ਤੋੜਨ ਦੇ ਮਨਸੂਬੇ ਸਫ਼ਲ ਨਹੀਂ ਹੋਣ ਦਿਆਂਗੇ : ਜਾਖੜ
ਅੱਜ ਤਿੰਨ ਮੈਂਬਰੀ ਕਮੇਟੀ ਨਾਲ ਮੀਟਿੰਗ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਆਪਦਾ 'ਚ ਅਵਸਰ ਭਾਲਣ ਵਾਲੇ ਬੇਨਕਾਬ ਹੋ ਚੁੱਕੇ ਹਨ | ਮੀਟਿੰਗ ਦੌਰਾਨ ਪਾਰਟੀ ਅੰਦਰ ਰਹਿ ਕੇ ਪਾਰਟੀ ਨੂੰ ਢਾਹ ਲਾਉਣ ਵਾਲੇ ਵੀ ਸਾਹਮਣੇ ਆ ਜਾਣਗੇ | ਉਨ੍ਹਾਂ ਕਿਹਾ ਕਿ ਪਾਰਟੀ ਨੂੰ ਤੋੜਨ ਦੇ ਮਨਸੂਬੇ ਸਫ਼ਲ ਨਹੀਂ ਹੋਣ ਦਿਆਂਗੇ | ਉਨ੍ਹਾਂ ਬੇਅਦਬੀ ਤੇ ਗੋਲੀ ਕਾਂਡ ਦੇ ਮੁੱਦੇ ਬਾਰੇ ਕਿਹਾ ਕਿ ਦੋਸ਼ੀ ਅੱਜ ਵੀ ਖੁਲ੍ਹੇ ਘੁਮ ਰਹੇ ਹਨ ਪਰ ਡੁੱਲ੍ਹੇ ਬੇਰਾਂ ਦਾ ਅਜੇ ਵੀ ਕੁੱਝ ਨਹੀਂ ਵਿਗੜਿਆ | ਦੋਸ਼ੀ ਜ਼ਰੂਰ ਕਾਬੂ ਕੀਤੇ ਜਾਣਗੇ |
ਬੇਅਦਬੀ ਤੇ ਗੋਲੀ ਕਾਂਡ ਦੇ ਮੁੱਦੇ 'ਤੇ ਅੱਜ ਵੀ ਸਟੈਂਡ 'ਤੇ ਕਾਇਮ ਹਾਂ : ਰੰਧਾਵਾ
ਮੀਟਿੰਗ ਤੋਂ ਬਾਅਦ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਨੇ ਅਪਣੀ ਪੂਰੀ ਗੱਲ ਕਮੇਟੀ ਸਾਹਮਣੇ ਰੱਖ ਦਿਤੀ ਹੈ ਪਰ ਇਸ ਨੂੰ ਮੈਂ ਬਾਹਰ ਨਹੀਂ ਦੱਸ ਸਕਦਾ | ਉਨ੍ਹਾਂ ਨਾਲ ਹੀ ਕਿਹਾ ਕਿ ਬੇਅਦਬੀ ਤੇ ਗੋਲੀ ਕਾਂਡ ਦੇ ਮੁੱਦੇ 'ਤੇ ਦੋਸ਼ੀਆਂ ਵਿਰੁਧ ਕਾਰਵਾਈ 'ਚ ਰਹੀ ਕਮਜ਼ੋਰੀ ਨੂੰ ਲੈ ਕੇ ਅੱਜ ਵੀ ਅਪਣੇ ਪਹਿਲੇ ਸਟੈਂਡ ਉਪਰ ਕਾਇਮ ਹਾਂ |