
ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੂੰ ਈ.ਡੀ. ਨੇ ਭਿ੍ਸ਼ਟਾਚਾਰ ਮਾਮਲੇ ਵਿਚ ਕੀਤਾ ਗਿ੍ਫ਼ਤਾਰ
'ਆਪ' ਦਾ ਦਾਅਵਾ, ਹਿਮਾਚਲ ਵਿਚ ਹਾਰ ਹੁੰਦੀ ਵੇਖ ਕੇ ਬੀਜੇਪੀ ਸਟਪਟਾਈ
ਨਵੀਂ ਦਿੱਲੀ, 30 ਮਈ : ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੂੰ ਈਡੀ ਨੇ ਗਿ੍ਫ਼ਤਾਰ ਕਰ ਲਿਆ ਹੈ | ਜੈਨ ਵਿਰੁਧ ਭਿ੍ਸ਼ਟਾਚਾਰ ਦੇ ਮਾਮਲੇ 'ਚ ਜਾਂਚ ਚੱਲ ਰਹੀ ਸੀ | ਸਤੇਂਦਰ ਜੈਨ ਨੂੰ ਅਰਵਿੰਦ ਕੇਜਰੀਵਾਲ ਦਾ ਕਾਫੀ ਕਰੀਬੀ ਮੰਨਿਆ ਜਾਂਦਾ ਹੈ | ਦੋ ਮਹੀਨੇ ਪਹਿਲਾਂ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ) ਦੇ ਤਹਿਤ ਸੀਬੀਆਈ ਦੁਆਰਾ ਦਰਜ ਕੀਤੀ ਗਈ ਐਫ਼ਆਈਆਰ ਤੋਂ ਬਾਅਦ ਉਸਦੇ ਪਰਵਾਰ ਅਤੇ ਫਰਮਾਂ ਨਾਲ ਸਬੰਧਤ 4.81 ਕਰੋੜ ਰੁਪਏ ਦੀਆਂ ਅਚੱਲ ਜਾਇਦਾਦਾਂ ਅਸਥਾਈ ਤੌਰ 'ਤੇ ਕੁਰਕ ਕੀਤੀਆਂ ਗਈਆਂ ਸਨ | ਸੀਬੀਆਈ ਨੇ ਅਗੱਸਤ 2017 ਵਿਚ ਕੇਸ ਦਰਜ ਕੀਤਾ ਸੀ | ਬਾਅਦ ਵਿਚ ਇਹ ਮਾਮਲਾ ਈਡੀ ਨੂੰ ਟਰਾਂਸਫਰ ਕਰ ਦਿਤਾ ਗਿਆ ਸੀ |
ਈਡੀ ਅਨੁਸਾਰ, ਜਾਂਚ ਵਿਚ ਦੇਖਿਆ ਗਿਆ ਕਿ 2015-16 ਦੌਰਾਨ ਸਤੇਂਦਰ ਜੈਨ ਇਕ ਜਨਤਕ ਸੇਵਕ ਸੀ, ਤਦ ਉਸ ਦੁਆਰਾ ਨਿਯੰਤਰਿਤ ਅਤੇ ਮਾਲਕੀ ਵਾਲੀਆਂ ਕੰਪਨੀਆਂ ਨੂੰ ਹਵਾਲਾ ਜ਼ਰੀਏ ਕੋਲਕਾਤਾ ਅਧਾਰਤ ਐਂਟਰੀ ਆਪਰੇਟਰਾਂ ਨੂੰ ਨਕਦ ਟ੍ਰਾਂਸਫਰ ਦੇ ਬਦਲੇ ਸੈੱਲ ਕੰਪਨੀਆਂ ਤੋਂ 4.81 ਕਰੋੜ ਰੁਪਏ ਪ੍ਰਾਪਤ ਹੋਏ ਸਨ | ਈਡੀ ਦੀ ਰਿਪੋਰਟ ਦੇ ਅਨੁਸਾਰ, ਇਸ ਰਕਮ ਦੀ ਵਰਤੋਂ ਜ਼ਮੀਨ ਦੀ ਸਿੱਧੀ ਖਰੀਦ ਲਈ ਜਾਂ ਦਿੱਲੀ ਅਤੇ ਇਸ ਦੇ ਆਲੇ-ਦੁਆਲੇ ਖੇਤੀਬਾੜੀ ਜ਼ਮੀਨ ਦੀ ਖਰੀਦ ਲਈ ਲਏ ਗਏ ਕਰਜ਼ੇ ਦੀ ਮੁੜ ਅਦਾਇਗੀ ਲਈ ਕੀਤੀ ਗਈ ਸੀ |
ਸਤਿੰਦਰ ਜੈਨ ਕਿਉਂਕਿ ਹਿਮਾਚਲ ਵਿਚ 'ਆਪ' ਪਾਰਟੀ ਦੇ ਪ੍ਰਭਾਰੀ (ਇੰਚਾਰਜ) ਹਨ, ਇਸ ਲਈ 'ਆਪ' ਪਾਰਟੀ ਨੇ ਦੋਸ਼ ਲਾਇਆ ਹੈ ਕਿ ਸਤਿੰਦਰ ਜੈਨ ਨੇ ਭਾਜਪਾ ਦੀ ਹਾਰ ਦੀ ਕਹਾਣੀ ਲਿਖ ਦਿਤੀ ਹੈ, ਇਸ ਲਈ ਸਤਿੰਦਰ ਜੈਨ ਨੂੰ ਚੋਣਾਂ ਤਕ ਜੇਲ ਵਿਚ ਰੱਖਣ ਦੀਆਂ ਤਿਆਰੀਆਂ ਕੁੱਝ ਦੇਰ ਤੋਂ ਕਰ ਰਹੀ ਸੀ ਜੋ ਹੁਣ ਉਸ ਨੇ ਅਮਲ ਵਿਚ ਲਿਆ ਦਿਤੀਆਂ ਹਨ | ਪਾਰਟੀ ਦੇ ਬੁਲਾਰਿਆਂ ਦਾ ਕਹਿਣਾ ਹੈ ਕਿ ਇਸ ਨਾਲ ਬੀਜੇਪੀ ਨੇ ਫ਼ਾਇਦਾ ਹੋਣ ਦੀ ਬਜਾਏ, ਨੁਕਸਾਨ ਜ਼ਿਆਦਾ ਹੋਵੇਗਾ ਤੇ ਹਿਮਾਚਲ ਵਿਚ ਵੀ ਬੀਜੇਪੀ ਦੀ ਹਾਰ ਯਕੀਨੀ ਬਣ ਜਾਵੇਗੀ |
ਉਧਰ ਬੀਜੇਪੀ ਦੇ ਬੁਲਾਰਿਆਂ ਦਾ ਕਹਿਣਾ ਹੈ ਕਿ ਸਤਿੰਦਰ ਜੈਨ ਵਿਰੁਧ ਕੇਸ ਬਹੁਤ ਦੇਰ ਤੋਂ ਚਲ ਰਿਹਾ ਹੈ ਤੇ ਤਫ਼ਤੀਸ਼ ਹੋ ਰਹੀ ਸੀ | ਕਾਨੂੰਨ ਨੇ ਅਖ਼ੀਰ ਅਪਣਾ ਪੰਜਾ ਜੈਨ ਦੀ ਗਰਦਨ ਨੂੰ ਪਾ ਲਿਆ ਹੈ ਤੇ ਇਸ ਵਿਚ ਬੀਜੇਪੀ ਦਾ ਕੋਈ ਹੱਥ ਨਹੀਂ, ਨਾ ਹੀ ਹਿਮਾਚਲ ਵਿਚ ਕੋਈ ਫ਼ਰਕ ਹੀ ਪਵੇਗਾ | (ਏਜੰਸੀ)