
ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਫ਼ੈਸਲਾ ਰਾਖਵਾਂ ਕੀਤਾ
ਗੁਰਦੀਪ ਸਿੰਘ ਤੇ ਉਮਰਾਨੰਗਲ ਨੇ ਨਵੇਂ ਸਿਰਿਉਂ ਜਾਂਚ ਦੀ ਕੀਤੀ ਮੰਗ
ਚੰਡੀਗੜ੍ਹ, 31 ਮਈ (ਸੁਰਜੀਤ ਸਿੰਘ ਸੱਤੀ): ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਨਵੇਂ ਸਿਰੇ ਤੋਂ ਕਰਨ ਦੀ ਮੰਗ ਕਰਦੀ ਪਟੀਸ਼ਨ 'ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਬਹਿਸ ਮੁਕੰਮਲ ਹੋ ਗਈ ਹੈ ਤੇ ਜਸਟਿਸ ਰਾਜਮੋਹਨ ਸਿੰਘ ਦੀ ਬੈਂਚ ਨੇ ਇਸ ਮਾਮਲੇ ਵਿਚ ਫ਼ੈਸਲਾ ਰਾਖਵਾਂ ਰੱਖ ਲਿਆ ਹੈ |
ਤੱਤਕਾਲੀ ਐਸਐਚਓ ਗੁਰਦੀਪ ਸਿੰਘ ਵਲੋਂ, ਆਈਜੀ ਪਰਮਰਾਜ ਸਿੰਘ ਉਮਰਾਨੰਗਲ ਵਲੋਂ ਤੇ ਸੋਹੇਲ ਬਰਾੜ ਵਲੋਂ ਦਲੀਲਾਂ ਰੱਖੀਆਂ ਜਾ ਚੁੱਕੀਆਂ ਹਨ ਤੇ ਹੁਣ ਇਸ ਮਾਮਲੇ ਵਿਚ ਸਰਕਾਰ ਅਤੇ ਸਾਬਕਾ ਆਈਜੀ ਕੁੰਵਰ ਵਿਜੈ ਪ੍ਰਤਾਪ ਵਲੋਂ ਦਲੀਲਾਂ ਪੇਸ਼ ਕੀਤੀਆਂ ਗਈਆਂ |
ਹਾਈ ਕੋਰਟ ਦਾ ਧਿਆਨ ਦਿਵਾਇਆ ਗਿਆ ਕਿ ਆਈਜੀ ਕੁੰਵਰ ਵਿਜੈ ਪ੍ਰਤਾਪ ਵਲੋਂ ਕੀਤੀ ਗਈ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਹਾਈਕੋਰਟ ਦੀ ਦੂਜੀ ਬੈਂਚ ਵਲੋਂ ਰੱਦ ਕਰ ਕੇ ਨਵੀਂ ਸਿੱਟ ਬਣਾਉਣ ਦਾ ਹੁਕਮ ਦਿਤਾ ਗਿਆ ਸੀ ਤੇ ਬਾਅਦ ਵਿਚ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀਕਾਂਡ ਦੀ ਵੱਖ-ਵੱਖ ਜਾਂਚ ਲਈ ਨਵੀਂ ਵਿਸ਼ੇਸ਼ ਜਾਂਚ ਟੀਮਾਂ ਬਣਾਈਆਂ ਗਈਆਂ |
ਇਹ ਵੀ ਦਸਿਆ ਗਿਆ ਕਿ ਕੋਟਕਪੂਰਾ ਗੋਲੀ ਕਾਂਡ ਵਿਚ ਨਵੇਂ ਸਿਰਿਉਂ ਜਾਂਚ ਸ਼ੁਰੂ ਕੀਤੀ ਗਈ ਹੈ, ਜਦੋਂ ਕਿ ਬਹਿਬਲ ਕਲਾਂ ਗੋਲੀਕਾਂਡ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ | ਇਸੇ ਤਰ੍ਹਾਂ ਤੱਤਕਾਲੀ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਵਲੋਂ ਪੇਸ਼ ਹੋਏ ਵਕੀਲ ਗੁਰਮਿੰਦਰ ਸਿੰਘ ਗੈਰੀ ਨੇ ਕਿਹਾ ਕਿ ਉਮਰਾਨੰਗਲ ਬਹਿਬਲ ਕਲਾਂ ਗੋਲੀਕਾਂਡ ਵੇਲੇ ਉਥੇ ਮੌਜੂਦ ਹੀ ਨਹੀਂ ਸੀ ਤੇ ਨਾ ਹੀ ਪਹਿਲਾਂ ਦਰਜ ਐਫ਼ਆਈਆਰ ਵਿਚ ਉਨ੍ਹਾਂ ਦਾ ਨਾਮ ਸੀ ਤੇ ਨਾ ਹੀ ਪਹਿਲਾਂ ਹੋਈਆਂ ਜਾਂਚਾਂ ਵਿਚ ਉਮਰਾਨੰਗਲ ਦਾ ਨਾਮ ਸਾਹਮਣੇ ਆਇਆ | ਉਨ੍ਹਾਂ ਕਿਹਾ ਕਿ ਉਮਰਾਨੰਗਲ ਨੂੰ ਰਾਜਸੀ ਰੰਜਸ਼ ਕਾਰਨ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ ਹੈ |