
ਘੱਲੂਘਾਰੇ ਦਾ ਮੁੱਢ ਤਾਂ ਬਾਦਲ ਤੇ ਨਿਰੰਕਾਰੀ ਮੁਖੀ ਦੀ ਯਾਰੀ ਨੇ ਪਹਿਲਾਂ ਹੀ ਬੰਨ੍ਹ ਦਿਤਾ ਸੀ
1977 ਦੀਆਂ ਵੋਟਾਂ ਲਈ ਨਿਰੰਕਾਰੀਆਂ ਵਲੋਂ ਕੀਤੀ ਮਦਦ ਦਾ 1978 ਵਿਚ ਬਾਦਲ ਨੇ ਮੁੱਲ ਮੋੜ ਦਿਤਾ
ਨੰਗਲ, 31 ਮਈ (ਕੁਲਵਿੰਦਰ ਭਾਟੀਆ) : ਸਾਲ 1984 ਦਾ ਸ਼ਹੀਦੀ ਘੱਲੂਘਾਰਾ ਮਨਾਉਂਦਿਆ ਜੇਕਰ ਕੱੁਝ ਪੁਰਾਣੀਆਂ ਯਾਦਾਂ ਨੂੰ ਕੁਰੇਦੀਏ ਤਾਂ ਘੱਲੂਘਾਰੇ ਦਾ ਕੋਈ ਵੀ ਪੰਨਾ ਨਕਲੀ ਨਿਰੰਕਾਰੀਆਂ ਨਾਲ ਸਿੰਘਾਂ ਦੀ 13 ਅਪ੍ਰੈਲ 1978 ਨੂੰ ਹੋਈ ਲੜਾਈ ਤੋਂ ਬਗ਼ੈਰ ਅਧੂਰਾ ਹੈ | ਇਸ ਵਿਚ ਇਹ ਗੱਲ ਵੀ ਸਾਫ਼ ਲਿਖੀ ਹੋਈ ਹੈ ਕਿ 13 ਅਪ੍ਰੈਲ 1978 ਨੂੰ ਸ੍ਰੀ ਅੰਮਿ੍ਤਸਰ ਸਾਹਿਬ ਵਿਚ ਵਾਪਰੇ ਨਿਰੰਕਾਰੀ ਕਾਂਡ ਜਿਸ ਵਿਚ 13 ਸਿੱਖਾਂ ਦੀ ਸ਼ਹੀਦੀ ਹੋ ਗਈ ਸੀ, ਤੋਂ ਬਾਅਦ ਨਿਰੰਕਾਰੀ ਮੁਖੀ ਗੁਰਬਚਨ ਸਿੰਘ ਨੂੰ ਸਰਕਾਰੀ ਗੱਡੀ ਬਚਾ ਕੇ ਲੈ ਗਈ ਸੀ | ਉਸ ਸਮੇਂ ਸਰਕਾਰ 'ਪੰਥ ਰਤਨ' ਸ. ਪਰਕਾਸ਼ ਸਿੰਘ ਬਾਦਲ ਦੀ ਸੀ, ਪਰ ਕਿਸੇ ਨੇ ਇਹ ਵਿਚਾਰ ਨਹੀਂ ਕੀਤਾ ਕਿ ਬਾਦਲ ਸਰਕਾਰ ਕਾਰਨ ਗੁਰਬਚਨ ਸਿੰਘ ਬਚਿਆ ਸੀ ਜਾਂ ਫਿਰ ਪੰਥ ਰਤਨ ਦੀ ਸਰਕਾਰ ਹੀ ਗੁਰਬਚਨੇ ਦੀ ਕਿਰਪਾ ਨਾਲ ਬਣੀ ਸੀ?
ਨਿਰੰਕਾਰੀਆਂ ਦਾ ਇਤਿਹਾਸ ਵਾਚੀਏ ਤਾਂ ਤੱਥ ਸਾਹਮਣੇ ਆਉਂਦੇ ਹਨ ਕਿ ਇਹ ਮਿਸ਼ਨ 1783 ਵਿਚ ਸਿੱਖ ਸਮਾਜ ਵਿਚ ਆਈਆਂ ਉਣਤਾਈਆਂ ਵਿਚ ਸੁਧਾਰ ਲਿਆਉਣ ਦੇ ਮੰਤਵ ਨਾਲ ਬਾਬਾ ਦਿਆਲ ਜੀ ਨੇ ਸ਼ੁਰੂ ਕੀਤਾ ਸੀ, ਪਰ ਆਜ਼ਾਦੀ ਤੋਂ ਬਾਅਦ ਇਸ ਮਿਸ਼ਨ ਵਿਚ ਆਈਆਂ ਗਿਰਾਵਟਾਂ ਨੇ ਇਸ ਮਿਸ਼ਨ ਨੂੰ ਰਾਜਨੀਤਕ ਆਗੂਆਂ ਦਾ ਗ਼ੁਲਾਮ ਬਣਾ ਦਿਤਾ | ਇਨ੍ਹਾਂ ਵਲੋਂ ਅਪਣਾ ਮੇਲ-ਜੋਲ ਰਾਜਨੀਤਕ ਆਗੂਆਂ ਨਾਲ ਵਧਾਉਣਾ ਸ਼ੁਰੂ ਕਰ ਦਿਤਾ |
ਇੰਦਰਾ ਗਾਂਧੀ ਦੇ ਨਜ਼ਦੀਕੀ ਰਹੇ ਗੁਰਬਚਨ ਸਿੰਘ ਨੇ ਇਕ ਸਮੇਂ 'ਤੇ ਉਸ ਦਾ ਸਾਥ ਛੱਡ ਕੇ ਨਵੇਂ ਉਭਰੇ ਕੇਂਦਰੀ ਆਗੂ ਮੁਰਾਰਜੀ ਦੇਸਾਈ ਨਾਲ ਅਪਣਾ ਮੇਲ-ਜੋਲ ਵਧਾ ਲਿਆ ਅਤੇ 1977 ਦੀਆਂ ਵਿਧਾਨ ਸਭਾ ਚੋਣਾਂ ਵਿਚ ਮਦਦ ਲਈ ਅਕਾਲੀਆਂ ਵਲੋਂ ਗੁਰਬਚਨੇ ਤੋਂ ਵੋਟਾਂ ਲੈਣ ਲਈ ਪਹੁੰਚ ਕੀਤੀ ਤੇ ਬਾਬਾ ਜੀ ਦੀ ਅਪਾਰ ਬਖਸ਼ਿਸ਼ ਨਾਲ ਅਕਾਲੀਆਂ ਦੀ ਸਰਕਾਰ ਬਣ ਗਈ ਅਤੇ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣ ਗਏ |
ਜੇਕਰ ਇਹ ਕਹਿ ਲਈਏ ਕਿ ਇਥੋਂ ਘੱਲੂਘਾਰੇ ਦਾ ਬੀਜ ਬੀਜਿਆ ਗਿਆ ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗੀ | ਕਿਉਂਕਿ ਜਿਥੇ ਇਸ ਵਜ਼ਾਰਤ ਵਿਚ ਵੱਡੇ ਪੱਧਰ 'ਤੇ ਹਿੰਦੂ ਵੀਰਾਂ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕੀਤਾ ਗਿਆ ਉਥੇ ਹੀ ਨਿਰੰਕਾਰੀਆਂ ਦੇ ਪ੍ਰਚਾਰ-ਪਸਾਰ ਦੀ ਜ਼ਿੰਮੇਵਾਰੀ ਲੁਕਵੇਂ ਢੰਗ ਨਾਲ ਸ. ਬਾਦਲ ਨੇ ਲੈ ਲਈ | ਜੇਕਰ ਉਸ ਸਮੇਂ ਦੇ ਹਾਲਾਤ ਨੂੰ ਬਿਆਨ ਕਰਦੀਆਂ ਕਿਤਾਬਾਂ ਪੜ੍ਹੀਏ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਅਕਾਲੀ ਸਰਕਾਰ ਤੋਂ ਪਹਿਲਾ ਵੀ ਨਿਰੰਕਾਰੀ ਸਿੱਖ ਵਿਰੋਧੀ ਕਾਰਵਾਈਆਂ ਕਰ ਰਹੇ ਸਨ ਅਤੇ ਇਕ ਯੋਜਨਾ ਤਹਿਤ ਨਿਰੰਜਨ ਸਿੰਘ ਨਾਮੀ ਕੱਟੜ ਨਿਰੰਕਾਰੀ ਨੂੰ ਗੁਰਦਾਸਪੁਰ ਦਾ ਡਿਪਟੀ ਕਮਿਸ਼ਨਰ ਲਗਾਇਆ ਗਿਆ ਅਤੇ ਹਰਦੇਵ ਸਿੰਘ
ਛੀਨਾ ਨੂੰ ਪੰਜਾਬ ਦਾ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਕਿਉਂਕਿ ਲੰਬੇ ਸਮੇਂ ਤੋਂ ਨਿਰੰਕਾਰੀਆਂ ਵਲੋਂ ਇੰਦਰਾ ਅਤੇ ਕੇਂਦਰ ਦੀ ਸ਼ਹਿ ਤੇ ਸਿੱਖ ਵਿਰੋਧੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਸਨ ਅਤੇ ਸੰਤ ਕਰਤਾਰ ਸਿੰਘ ਭਿੰਡਰਵਾਲੇ ਇਸ ਦਾ ਵਿਰੋਧ ਵੀ ਕਰਦੇ ਰਹੇ ਸਨ |
ਇਸ ਨੂੰ ਇਤਫ਼ਾਕ ਨਹੀਂ ਕਿਹਾ ਜਾ ਸਕਦਾ ਕਿ ਨਿਰੰਕਾਰੀਆਂ ਵਲੋਂ ਇੰਨੇ ਵੱਡੇ ਪੱਧਰ 'ਤੇ 13 ਅਪ੍ਰੈਲ 1978 ਨੂੰ ਇਕੱਠ ਕਰਨ ਦਾ ਐਲਾਨ ਕੀਤਾ ਗਿਆ ਅਤੇ ਇਸ ਦੇ ਵਿਰੋਧ ਵਿਚ ਸਿੱਖ ਕੌਮ ਇਸ ਦੀ ਅਗਵਾਈ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਕਰ ਰਹੇ ਸਨ ਅਤੇ ਦੂਸਰੇ ਪਾਸੇ ਨਕਲੀ ਨਿਰੰਕਾਰੀ ਸਨ | ਪੰਜਾਬ ਦਾ ਮਹੌਲ ਬਹੁਤ ਗਰਮ ਸੀ ਅਤੇ ਉਸ ਸਮੇਂ ਨਾ ਸਿਰਫ਼ ਪੰਥ ਰਤਨ ਸ. ਪਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ ਸਗੋਂ ਉਸ ਦਿਨ ਇਕ ਜੀਵਨ ਸਿੰਘ ਉਮਰਾਨੰਗਲ ਨੂੰ ਸਾਰੀ ਜ਼ਿੰਮੇਵਾਰ ਸੌਂਪ ਆਪ ਬਾਦਲ ਸਾਹਿਬ ਬੰਬਈ ਵਿਚ ਵਿਸਾਖੀ ਦਾ ਜਸ਼ਨ ਮਨਾਉਣ ਗਏ ਹੋਏ ਸਨ |
ਇਥੇ ਹੀ ਬੱਸ ਨਹੀਂ ਇਹ ਖੂਨੀ ਕਾਂਡ ਵਾਪਰਿਆ ਅਤੇ 13 ਸਿੰਘ ਸ਼ਹੀਦ ਹੋ ਗਏ ਤਾਂ ਇਕ ਸੀਨੀਅਰ ਅਧਿਕਾਰੀ ਗੁਰਬਚਨ ਸਿੰਘ ਨੂੰ ਅਪਣੀ ਕਾਰ ਵਿਚ ਦਿੱਲੀ ਛੱਡ ਕੇ ਆਇਆ ਅਤੇ ਸੰਸਾਰ ਪਧਰੀ ਰੋਸ ਮੁਜ਼ਾਹਰਿਆਂ ਤੋਂ ਬਾਅਦ ਪੰਜਾਬ ਵਿਚਲੀ ਤਤਕਾਲੀ ਬਾਦਲ ਸਰਕਾਰ ਨੇ ਗੁਰਬਚਨੇ ਵਿਰੁਧ ਮੁਕੱਦਮਾ ਦਰਜ ਕੀਤਾ | ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਹਾਈ ਕੋਰਟ ਦੇ ਹੁਕਮਾਂ ਨੇ ਇਹ ਕੇਸ ਕਰਨਾਲ ਬਦਲ ਕੇ ਚਲਾ ਕੇ ਗਿਆ | ਜੱਜ ਵਲੋਂ ਗੁਰਬਚਨ ਸਿੰਘ ਅਤੇ ਉਸ ਦੇ 61 ਹੋਰ ਕਥਿਤ ਮੁਲਜ਼ਮਾਂ ਨੂੰ ਬਰੀ ਕਰ ਦਿਤਾ ਅਤੇ ਪੰਥ ਰਤਨ ਤੇ ਉਸ ਸਮੇਂ ਦੇ ਪੰਥਕ ਅਕਾਲੀ ਅਖਵਾਉਂਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਇਸ ਫ਼ੈਸਲੇ ਵਿਰੁਧ ਹਾਈ ਕੋਰਟ ਵਿਚ ਅਪੀਲ ਵੀ ਨਾ ਕੀਤੀ ਅਤੇ ਇਹ ਗੱਲ ਤਾਂ ਉਸ ਸਮੇਂ ਹੋਰ ਵੀ ਸਾਫ਼ ਹੋ ਗਈ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਵਲੋਂ ਨਿਰੰਕਾਰੀ ਭਵਨਾਂ ਨੂੰ ਤਾਲੇ ਲਗਵਾਉਣ ਦੀ ਵਿੱਢੀ ਮੁਹਿੰਮ ਵਿੱਢੀ ਤਾਂ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਹੁੰਦੇ ਹੋਏ ਪ੍ਰਸ਼ਾਸਨ ਨੂੰ ਹਦਾਇਤ ਦਿਤੀ ਕਿ ''ਹਰ ਤਰ੍ਹਾਂ ਦਾ ਬੰਦੋਬਸਤ ਕਰ ਕੇ ਆਉਣ ਵਾਲੀ 27 ਅਗੱਸਤ 1978 ਨੂੰ ਸਤਿਸੰਗ ਕਰਨ ਲਈ ਨਿਰੰਕਾਰੀ ਭਵਨ ਖੁਲ੍ਹਵਾਇਆ ਜਾਵੇ | ਅਜਿਹਾ ਕਰਨ ਲਈ ਬੇਸ਼ੱਕ ਕਿਸੇ ਵੱਡੇ ਤੋਂ ਵੱਡੇ ਆਗੂ ਨੂੰ ਗਿ੍ਫ਼ਤਾਰ ਕਿਉਂ ਨਾ ਕਰਨ ਪਵੇ ਜਾਂ ਤਾਕਤ ਦੀ ਵਰਤੋਂ ਵੀ ਕਰਨੀ ਪਵੇ ਤਾਂ ਢਿੱਲ ਨਹੀਂ ਵਰਤਣੀ |'' ਮੁੱਖ ਮੰਤਰੀ ਦਾ ਸੰਕੇਤ ਸੰਤ ਭਿੰਡਰਾਵਾਲਿਆਂ ਨੂੰ ਗਿ੍ਫ਼ਤਾਰ ਕਰਨਾ ਸੀ |
ਜੇਕਰ ਇਹ ਕਹਿ ਲਈਏ ਕਿ ਸ. ਬਾਦਲ ਨੇ 1977 ਦੀਆਂ ਵੋਟਾਂ ਲਈ ਨਿਰੰਕਾਰੀਆਂ ਵਲੋਂ ਕੀਤੀ ਮਦਦ ਦਾ 1978 ਵਿਚ ਮੁੱਲ ਮੋੜ ਦਿਤਾ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ, ਪਰ ਸ. ਬਾਦਲ ਦੀ ਇਸ ਗ਼ਲਤੀ ਦਾ ਮੁੱਲ ਕੌਮ ਨੂੰ ਲੱਖਾਂ ਸ਼ਹੀਦੀਆਂ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਢੁਹਾ ਕੇ ਮੋੜਨਾ ਪਿਆ |
ਦਿਲ ਕੇ ਫਫੋਲੇ ਜਲ ਉਠੇ ਸੀਨੇ ਕੇ ਦਾਗ ਸੇ, ਇਸ ਘਰ ਕੋ ਆਗ ਲੱਗ ਗਈ ਘਰ ਕੇ ਚਿਰਾਗ ਸੇ
ਕ੍ਰਿਪਾ ਕਰਕੇ ਸਬੰਧਤ ਆਗੂਆਂ ਦੀਆਂ ਫਾਇਲ ਫੋਟੋਆਂ ਅਤੇ ਢਹੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੀ ਫੋਟੋ ਛਾਪੀ ਜਾਵੇ ਜੀ |