
ਅਗਲੇ ਪੰਜ ਸਾਲਾਂ ਲਈ ਦੇਸ਼ ਨੂੰ ਚਲਾਉਣ ਵਾਸਤੇ ਸਰਕਾਰ ਚੁਣਨ ਦਾ ਦਿਨ ਆ ਗਿਆ ਹੈ।
Lok Sabha Elections 2024: ਅਗਲੇ ਪੰਜ ਸਾਲਾਂ ਲਈ ਦੇਸ਼ ਨੂੰ ਚਲਾਉਣ ਵਾਸਤੇ ਸਰਕਾਰ ਚੁਣਨ ਦਾ ਦਿਨ ਆ ਗਿਆ ਹੈ। ਲੋਕ ਸਭਾ ਦੀਆਂ 543 ਸੀਟਾਂ ਵਿਚੋਂ 75 ਫ਼ੀ ਸਦੀ ਸੀਟਾਂ ਲਈ ਛੇ ਪੜਾਵਾਂ ਵਿਚ ਲੋਕਸਭਾ ਚੋਣਾਂ ਹੋ ਚੁਕੀਆਂ ਹਨ ਅਤੇ ਬਾਕੀ ਬਚੀਆਂ 25 ਫ਼ੀ ਸਦੀ ਸੀਟਾਂ ਵਾਸਤੇ ਸਤਵੇਂ ਅਤੇ ਆਖ਼ਰੀ ਪੜਾਅ ਲਈ ਇਕ ਜੂਨ ਨੂੰ ਪੋਲਿੰਗ ਹੋਣੀ ਹੈ।
ਪੰਜਾਬ ਦੀ ਗੱਲ ਕਰੀਏ ਤਾਂ ਚੋਣ ਮੈਦਾਨ ਵਿਚ ਪਿਛਲੇ 10 ਸਾਲ ਤਕ ਕੇਂਦਰ ਦੀ ਸੱਤਾ ਵਿਚ ਚੱਲੀ ਆ ਰਹੀ ਭਾਰਤੀ ਜਨਤਾ ਪਾਰਟੀ (ਭਾਜਪਾ), ਦੇਸ਼ ਦੀ ਸੱਤਾ ਤੇ ਲੰਬੇ ਸਮੇਂ ਤਕ ਰਾਜ ਕਰਨ ਵਾਲੀ ਪਾਰਟੀ ਕਾਂਗਰਸ, ਲੋਕਪਾਲ ਦੀ ਮੰਗ ਨੂੰ ਲੈ ਕੇ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਅੰਨਾ ਹਜਾਰੇ ਦੀ ਅਗਵਾਈ ਵਿਚ ਚੱਲੇ ਲੰਬੇ ਅੰਦੋਲਨ ਵਿਚੋਂ ਨਿਕਲ ਕੇ ਦਿੱਲੀ ਅਤੇ ਪੰਜਾਬ ਦੀ ਸੱਤਾ ’ਤੇ ਕਾਬਜ਼ ਹੋਈ ਆਮ ਆਦਮੀ ਪਾਰਟੀ (ਆਪ) ਅਤੇ ਪੰਜਾਬ ਦੀ ਇਕਲੌਤੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਹਿਲੇ ਨੰਬਰ ’ਤੇ ਆਉਣ ਲਈ ਅਪਣੀ-ਅਪਣੀ ਕਿਸਮਤ ਅਜ਼ਮਾ ਰਹੇ ਹਨ। ਲੁਧਿਆਣਾ ਸੰਸਦੀ ਹਲਕੇ ਲਈ ਚੋਣ ਮੈਦਾਨ ਵਿਚ ਇਨ੍ਹਾਂ ਚਾਰੇ ਵੱਡੀਆਂ ਪਾਰਟੀਆਂ ਤੋ ਇਲਾਵਾ 39 ਉਮੀਦਵਾਰ ਹੋਰ ਹਨ, ਜੋ ਆਜ਼ਾਦ ਤੌਰ ’ਤੇ ਚੋਣ ਲੜਦੇ ਹੋਏ ਪੰਜਵੇਂ ਨੰਬਰ ਤੋਂ ਪਹਿਲੇ ਨੰਬਰ ਤੇ ਆਉਣ ਦੀ ਲੜਾਈ ਲੜ ਰਹੇ ਹਨ।
ਹਾਲਾਂਕਿ ਚੋਣ ਮੈਦਾਨ ਵਿਚ ਉਤਰੇ ਸਾਰੇ ਦੇ ਸਾਰੇ 43 ਉਮੀਦਵਾਰ ਅਪਣੀ ਜਿੱਤ ਦੇ ਵੱਡੇ-ਵੱਡੇ ਦਾਅਵੇ ਕਰਦੇ ਹੋਏ ਸੰਸਦ ਵਿਚ ਪਹੁੰਚਣ ਦਾ ਜ਼ੋਰ-ਸ਼ੋਰ ਨਾਲ ਦਾਅਵਾ ਕਰ ਰਹੇ ਹਨ। ਪਰੰਤੂ ਇਹਨਾਂ ਵਿਚੋਂ ਕਿਸ ਉਮੀਦਵਾਰ ਨੂੰ ਅਗਲੇ ਪੰਜ ਸਾਲ ਲਈ ਐਮਪੀ ਬਣਾ ਕੇ ਸੰਸਦ ਵਿਚ ਭੇਜਿਆ ਜਾਵੇਗਾ, ਇਸ ਦਾ ਫ਼ੈਸਲਾ 17 ਲੱਖ 58 ਹਜ਼ਾਰ 614 ਵੋਟਰ ਕਰਨਗੇ। ਇਨ੍ਹਾਂ ਵਿਚੋਂ 9 ਲੱਖ 37 ਹਜ਼ਾਰ 94 ਪੁਰਸ਼ ਵੋਟਰ, 8 ਲੱਖ 21 ਹਜ਼ਾਰ 386 ਔਰਤਾਂ ਵੋਟਰ, 134 ਤੀਜੇ ਲਿੰਗ ਅਤੇ 66 ਵਿਦੇਸ਼ੀ ਵੋਟਰ ਸ਼ਾਮਲ ਹਨ। ਪਿਛਲੇ 14 ਦਿਨਾਂ ਤੋਂ ਤੂਫ਼ਾਨੀ ਤਰੀਕੇ ਨਾਲ ਚੋਣ ਪ੍ਰਚਾਰ ਵਿਚ ਲੱਗੇ ਇਹ ਉਮੀਦਵਾਰ ਹਰ ਰਾਤ ਲੱਖਾਂ ਵੋਟਾਂ ਦੀ ਲੀਡ ਨਾਲ ਜਿੱਤ ਕੇ ਸੌਂਦੇ ਹਨ। ਇਨ੍ਹਾਂ ਦੀ ਕਿਸਮਤ ਇਕ ਜੂਨ ਨੂੰ ਹਲਕੇ ਦੇ ਵੋਟਰ ਈਵੀਐਮ ਮਸ਼ੀਨਾਂ ਵਿਚ ਬੰਦ ਕਰਨਗੇ ਜਿਸ ਦਾ ਨਤੀਜਾ 4 ਜੂਨ ਨੂੰ ਸਾਹਮਣੇ ਆਵੇਗਾ।
ਦਸਣਯੋਗ ਹੈ ਕਿ ਪਿਛਲੇ 10 ਸਾਲ ਤੋਂ ਕਾਂਗਰਸ ਦੇ ਐਮਪੀ ਚੱਲੇ ਆ ਰਹੇ ਰਵਨੀਤ ਬਿੱਟੂ ਇਸ ਵਾਰ ਭਾਜਪਾ ਤੋਂ ਟਿਕਟ ਲੈ ਕੇ ਦਿੱਲੀ ਦੇ ਸੰਸਦ ਭਵਨ ਵਿਚ ਪਹੰਚਣ ਦੀ ਰੇਸ ਵਿਚ ਦੌੜ ਰਹੇ ਹਨ। ਪਿਛਲੀ ਵਾਰ 2019 ਵਿਚ ਹੋਈਆਂ ਚੋਣਾਂ ਦੌਰਾਨ ਬਿੱਟੂ ਨੂੰ 3 ਲੱਖ 83 ਹਜ਼ਾਰ 795 ਵੋਟਾਂ ਲੈ ਕੇ 76 ਹਜ਼ਾਰ 732 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ ਸਨ। ਜਦਕਿ 2022 ਦੀਆਂ ਵਿਧਾਨਸਭਾ ਚੋਣਾਂ ਵਿਚ ਭਾਜਪਾ ਨੂੰ ਜ਼ਿਲ੍ਹੇ ਦੇ 8 ਹਲਕਿਆਂ ਵਿਚ 1 ਲੱਖ 54 ਹਜ਼ਾਰ 385 ਵੋਟਾਂ ਮਿਲੀਆਂ ਸਨ। ਇਸੇ ਤਰ੍ਹਾਂ ਪਿਛਲੀ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ 9 ਹਲਕਿਆਂ ਵਿਚੋਂ 2 ਲੱਖ 61 ਹਜ਼ਾਰ 606 ਵੋਟਾਂ ਮਿਲੀਆਂ ਸਨ।
ਆਮ ਆਦਮੀ ਪਾਰਟੀ ਨੇ 9 ਵਿਚੋਂ 8 ਹਲਕਿਆਂ ਵਿਚੋਂ ਜਿੱਤ ਹਾਸਲ ਕੀਤੀ ਸੀ। ਉਸਨੂੰ ਕੁਲ 4 ਲੱਖ 41 ਹਜ਼ਾਰ 815 ਵੋਟਾਂ ਮਿਲੀਆਂ ਸਨ। ਇਸੇ ਤਰ੍ਹਾਂ ਅਕਾਲੀ ਦਲ ਨੂੰ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ 1 ਲੱਖ 73 ਹਜ਼ਾਰ 978 ਵੋਟਾਂ ਪਈਆਂ ਸਨ। ਜੇਕਰ 27 ਮਹੀਨੇ ਪਹਿਲਾਂ ਹੋਈਆਂ ਚੋਣਾਂ ਨੂੰ ਹੀ ਇਨ੍ਹਾਂ ਚਾਰੇ ਪਾਰਟੀਆਂ ਦਾ ਬੇਸ ਵੋਟ ਬੈਂਕ ਮੰਨ ਕੇ ਚੱਲੀਏ ਤਾਂ ਆਮ ਆਦਮੀ ਪਾਰਟੀ ਹੀ ਇਕ ਨੰਬਰ ਤੇ ਦਿਖ ਰਹੀ ਹੈ ਪਰੰਤੂ ਉਸ ਨੂੰ ਐਂਟੀ ਇਨਕੰਮਬੈਂਸੀ ਫੈਕਟਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹੁਣ ਫ਼ੈਸਲਾ ਹਲਕੇ ਦੇ ਵੋਟਰਾਂ ਦੇ ਹੱਥ ਵਿਚ ਹੈ ਕਿ ਉਹ ਕਿਸ ਦੇ ਸਿਰ ’ਤੇ ਐਮਪੀ ਵਾਲਾ ਤਾਜ ਸਜਾਉਣਗੇ।