
ਟਿਊਬਵੈੱਲ ਦਾ ਕੁਨੈਕਸ਼ਨ ਤਬਦੀਲ ਕਰਵਾਉਣ ਦੇ ਇਵਜ ਵਿਚ ਬਿਜਲੀ ਬੋਰਡ ਦਾ ਕਲਰਕ 2,000 ਰੁਪਏ ਦੀ ਰਿਸ਼ਵਤ ਲੈਂਦਿਆਂ ਵਿਜੀਲੈਂਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ।
ਫ਼ਰੀਦਕੋਟ, 30 ਜੂਨ (ਲਖਵਿੰਦਰ ਸਿੰਘ ਹਾਲੀ): ਟਿਊਬਵੈੱਲ ਦਾ ਕੁਨੈਕਸ਼ਨ ਤਬਦੀਲ ਕਰਵਾਉਣ ਦੇ ਇਵਜ ਵਿਚ ਬਿਜਲੀ ਬੋਰਡ ਦਾ ਕਲਰਕ 2,000 ਰੁਪਏ ਦੀ ਰਿਸ਼ਵਤ ਲੈਂਦਿਆਂ ਵਿਜੀਲੈਂਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ। ਵਿਭਾਗ ਨੇ ਉਸ ਵਿਰੁਧ ਵਿਜੀਲੈਂਸ ਥਾਣਾ ਫ਼ਿਰੋਜ਼ਪੁਰ ਵਿਖੇ ਵੱਖ-ਵੱਖ ਧਰਾਵਾਂ ਤਹਿਤ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।
ਸ਼ਿਕਾਇਤਕਰਤਾ ਨੇ ਟਿਊਬਵੈੱਲ ਦਾ ਕੁਨੈਕਸ਼ਨ ਤਬਦੀਲ ਕਰਵਾਉਣ ਲਈ ਬਣਾਈ ਫ਼ਾਈਲ ਤਿਆਰ ਕਰ ਕੇ ਬਿਜਲੀ ਮਹਿਕਮੇ ਨੂੰ ਦਿਤੀ ਸੀ ਪਰ ਖਪਤਕਾਰ ਕਲਰਕ ਬਲਵਿੰਦਰ ਸਿੰਘ ਨੇ ਉਸ ਤੋਂ ਦਸਤਾਵੇਜ ਠੀਕ ਹੋਣ ਦੇ ਬਾਵਜੂਦ ਵੀ ਰਿਸ਼ਵਤ ਦੀ ਮੰਗ ਕੀਤੀ। ਮਜਬੂਰ ਹੋ ਕੇ ਪੀੜਤ ਨੇ ਉਸ ਨੂੰ 2000 ਰੁਪਏ ਰਿਸ਼ਵਤ ਦੇਣੀ ਮੰਨ ਲਈ ਪਰ ਵਿਜੀਲੈਂਸ ਵਿਭਾਗ ਨਾਲ ਤਾਲਮੇਲ ਕਰ ਕੇ ਉਸ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰਵਾ ਦਿਤਾ।
ਇਸ ਮੁਕੱਦਮੇ ਵਿਚ ਗਵਾਹਾਂ ਦੇ ਤੌਰ 'ਤੇ ਖੇਤੀਬਾੜੀ ਵਿਭਾਗ ਦੇ ਡਾ. ਗੁਰਮਿੰਦਰ ਸਿੰਘ ਅਤੇ ਡਾ. ਪਰਮਿੰਦਰ ਸਿੰਘ ਭੁਗਤੇ। ਇਸ ਮੌਕੇ ਉਪਰੋਕਤ ਤੋਂ ਇਲਾਵਾ ਏ.ਐਸ.ਆਈ. ਬਲਦੇਵ ਸਿੰਘ, ਹੌਲਦਾਰ ਜਸਵਿੰਦਰ ਸਿੰਘ ਅਤੇ ਹੌਲਦਾਰ ਅਸ਼ਵਨੀ ਕੁਮਾਰ ਆਦਿ ਵੀ ਹਾਜ਼ਰ ਸਨ।