
ਅਦਾਲਤ ਨੇ ਮੋਦੀ ਸਰਕਾਰ ਨੂੰ ਗ਼ਲਤੀ ਸੁਧਾਰਨ ਦਾ ਮੌਕਾ ਦਿਤਾ : ਰਾਹੁਲ
ਨਵੀਂ ਦਿੱਲੀ, 30 ਜੂਨ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੋਰੋਲਾ ਨਾਲ ਜਾਨ ਗਵਾਉਣ ਵਾਲੇ ਲੋਕਾਂ ਨੂੰ ਮੁਆਵਜ਼ਾ ਦੇਣ ਸਬੰਧੀ ਸਿਖਰਲੀ ਅਦਾਲਤ ਦੇ ਹੁਕਮ ਨੂੰ ਲੈ ਕੇ ਬੁਧਵਾਰ ਨੂੰ ਦਾਅਵਾ ਕੀਤਾ ਕਿ ਦੇਸ਼ ਦੀ ਸੱਭ ਤੋਂ ਵੱਡੀ ਅਦਾਲਤ ਨੇ ਨਰਿੰਦਰ ਮੋਦੀ ਸਰਕਾਰ ਨੂੰ ਅਪਣੀ ਗ਼ਲਤੀ ਸੁਧਾਰਨ ਦਾ ਮੌਕਾ ਦਿਤਾ ਹੈ | ਉਨ੍ਹਾਂ ਟਵੀਟ ਕੀਤਾ,''ਸਰਬ ਉੱਚ ਅਦਾਲਤ ਨੇ ਮੋਦੀ ਸਰਕਾਰ ਨੂੰ ਗ਼ਲਤੀ ਸੁਧਾਰਨ ਦਾ ਮੌਕਾ ਦਿਤਾ ਹੈ | ਘੱਟੋ ਘੱਟ ਹੁਣ ਸਰਕਾਰ ਨੂੰ ਮੁਆਵਜ਼ੇ ਦੀ ਸਹੀ ਰਾਸ਼ੀ ਤੈਅ ਕਰ ਕੇ ਪੀੜਤਾਂ ਨੂੰ ਰਾਹਤ ਦੇਣੀ ਚਾਹੀਦੀ ਹੈ | ਇਹ ਸਹੀ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਹੈ |'' ਜ਼ਿਕਰਯੋਗ ਹੈ ਕਿ ਚੋਟੀ ਦੀ ਅਦਾਲਤ ਨੇ ਅਪਣੇ ਫ਼ੈਸਲੇ ਵਿਚ ਕੇਂਦਰ ਸਰਕਾਰ ਨੂੰ ਕੋਰੋਨਾ ਨਾਲ ਮਰੇ ਲੋਕਾਂ ਦੇ ਪ੍ਰਵਾਰਾਂ ਨੂੰ ਮੁਆਵਜ਼ਾ ਦੇਣ ਦਾ ਹੁਕਮ ਦਿਤਾ ਹੈ | ਇਹ ਮੁਆਵਜ਼ਾ ਰਾਸ਼ੀ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ ਤੈਅ ਕਰੇਗੀ | (ਪੀਟੀਆਈ)