
ਨਿਰਵਿਘਨ 8 ਘੰਟੇ ਬਿਜਲੀ ਸਪਲਾਈ ਨਾ ਮਿਲਣ ਕਾਰਨ ਕਿਸਾਨਾਂ ਨੇ ਲਗਾਇਆ ਧਰਨਾ
ਫ਼ਤਿਹਗੜ੍ਹ ਸਾਹਿਬ, 30 ਜੂਨ (ਇੰਦਰਪ੍ਰੀਤ ਬਖਸ਼ੀ): ਨਿਰਵਿਘਨ 8 ਘੰਟੇ ਬਿਜਲੀ ਸਪਲਾਈ ਨਾ ਮਿਲਣ ਕਾਰਨ ਗੁਸਾਏ ਕਿਸਾਨਾਂ ਵਲੋਂ ਅੱਜ ਬਿਜਲੀ ਬੋਰਡ ਦਫ਼ਤਰ ਸਰਹਿੰਦ ਅੱਗੇ ਧਰਨਾ ਲੱਗਾ ਦਿੱਤਾ ਗਿਆ ਅਤੇ ਕੈਪਟਨ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਵੀ ਕੀਤੀ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ 8 ਘੰਟੇ ਕਿਸਾਨਾਂ ਨੂੰ ਬਿਜਲੀ ਦੀ ਸਪਲਾਈ ਨਿਰਵਿਘਨ ਦਿੱਤੀ ਜਾਵੇ। ਕਿਉਂਕਿ ਜੀਰੀ ਦੇ ਸੀਜਨ ਵਿਚ ਕਿਸਾਨਾਂ ਨੂੰ ਬਿਜਲੀ ਨਾ ਮਿਲਣ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਨਿਰਮਲ ਸਿੰਘ ਰਿਊਣਾ, ਸੁਰਿੰਦਰ ਸਿੰਘ ਲੁਹਾਰੀ ਅਤੇ ਗੁਰਵਿੰਦਰ ਸਿੰਘ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਕਿਹਾ ਕਿ ਕਿਸਾਨਾਂ ਨੂੰ 8 ਘੰਟੇ ਨਿਰਵਿਘਨ ਸਪਲਾਈ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਬਿਜਲੀ ਸਪਲਾਈ ਕਿਸਾਨਾਂ ਨੂੰ ਨਿਰਵਿਘਨ ਦੇਣ ਲਈ ਪਹਿਲਾਂ ਹੀ ਤਿਆਰੀ ਰੱਖਣੀ ਚਾਹੀਦੀ ਸੀ, ਪ੍ਰੰਤੂ ਸਰਕਾਰ ਆਪਣੇ ਵਾਅਦੇ ’ਤੇ ਫੇਲ ਸਾਬਿਤ ਹੋਈ ਅਤੇ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਧਰਨੇ ਲਗਾਏ ਜਾ ਰਹੇ ਹਨ ਤਾਂ ਜੋ ਕਿਸਾਨਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਮਿਲ ਸਕੇ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ 8 ਘੰਟੇ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਦਾ ਮਹੀਨਾ ਪਹਿਲਾਂ ਵਾਅਦਾ ਕੀਤਾ ਸੀ, ਪ੍ਰੰਤੂ ਹੁਣ ਦੇ ਹਾਲਤ ਇਹ ਹਨ ਕਿ 2-3 ਘੰਟੇ ਬਿਜਲੀ ਸਪਲਾਈ ਹੀ ਆਉਂਦੀ ਹੈ ਜਿਸ ਕਾਰਨ ਜੀਰੀ ਦੇ ਸੀਜਨ ਵਿਚ ਕਿਸਾਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਮੌਕੇ ਬਲਵਿੰਦਰ ਸਿੰਘ ਘੇਲ, ਪ੍ਰਕਾਸ਼ ਸਿੰਘ, ਕੇ.ਐੱਸ. ਜੋਲੀ, ਹਰਬੰਸ ਸਿੰਘ, ਤਿਰਲੋਚਨ ਸਿੰਘ, ਜਗਜੀਤ ਸਿੰਘ, ਨਰਿੰਦਰ ਸਿੰਘ, ਸੁਖਦੇਵ ਸਿੰਘ, ਕਮਲ ਬਾਸੀ ਆਦਿ ਹਾਜ਼ਰ ਸਨ।
ਇਹ ਕੈਪਸ਼ਨ ਫਾਇਲ 30-01 ਦੀ ਹੈ।