
ਨਾਜਾਇਜ਼ ਮਾਈਨਿੰਗ : ਹੁਣ ਕਾਂਗਰਸ ਦੇ ਹਲਕਾ ਇੰਚਾਰਜ ਨੇ ਚੁੱਕੀ ਮਨਪ੍ਰੀਤ ’ਤੇ ਉਂਗਲ
ਬਠਿੰਡਾ, 30 ਜੂਨ (ਸੁਖਜਿੰਦਰ ਮਾਨ) : ਪਿਛਲੇ ਕੁੱਝ ਦਿਨਾਂ ਤੋਂ ਸਥਾਨਕ ਸ਼ਹਿਰ ਦੇ ਬੰਦ ਕੀਤੇ ਥਰਮਲ ਪਲਾਂਟ ਦੇ ਨਾਲ ਲੱਗਦੀ ਜਮੀਨ ’ਚੋਂ ਨਜਾਇਜ਼ ਮਾਈਨਿੰਗ ਦੇ ਮਾਮਲੇ ਵਿਚ ਵਿਤ ਮੰਤਰੀ ਦੇ ਸਾਬਕਾ ਸਾਥੀ ਨੇ ਉਂਗਲ ਚੁੱਕੀ ਹੈ। ਅੱਜ ਇਸ ਸਬੰਧ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੀ ਚਿੱਠੀ ਵਿਚ ਹਰਵਿੰਦਰ ਸਿੰਘ ਲਾਡੀ ਨੇ ਇਸ ਮਾਮਲੇ ਵਿਚ ਨਾ ਸਿਰਫ਼ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਬਲਕਿ ਉਨ੍ਹਾਂ ਦੇ ਪੁੱਤਰ ਅਰੁਜਨ ਬਾਦਲ ਤੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਨੂੰ ਵੀ ਘੜੀਸਿਆ ਹੈ। ਅਪਣੇ ਕੁੱਝ ਸਾਥੀਆਂ ਰਾਹੀਂ ਸੋਸਲ ਮੀਡੀਆ ’ਤੇ ਜਾਰੀ ਕਰਵਾਏ ਇਸ ਪੱਤਰ ਮੁਤਾਬਕ ਕਾਂਗਰਸੀ ਆਗੂ ਨੇ ਵਿਤ ਮੰਤਰੀ ਤੇ ਉਸਦੇ ਪ੍ਰਵਾਰ ਉਪਰ ਸ਼ਹਿਰ ਵਿਚ ਪਲਾਟਾਂ ਉਪਰ ਨਜਾਇਜ਼ ਕਬਜਿਆਂ, ਨਜਾਇਜ਼ ਇਮਾਰਤਾਂ ਦੀਆਂ ਉਸਾਰੀਆਂ ਅਤੇ ਗੁੰਡਾ ਟੈਕਸ ਵਸੂਲ ਤੱਕ ਦੇ ਦੋਸ਼ ਲਗਾਏ ਹਨ। ਇਹੀਂ ਨਹੀਂ ਸ਼੍ਰੀ ਲਾਡੀ ਨੇ ਸ਼ਹਿਰ ਦੇ ਹਸਪਤਾਲਾਂ ਤੋਂ ਵੀ ਕਰੋਨਾ ਕਾਲ ’ਚ ਮਹੀਨਾ ਲੈਣ ਦੇ ਦੋਸ਼ ਲਗਾਏ ਹਨ। ਉਨ੍ਹਾਂ ਮਾਮਲੇ ਦੀ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਇਸ ਪੱਤਰ ਦੀ ਕਾਪੀ ਸ਼੍ਰੀਮਤੀ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਤੋਂ ਲੈ ਕੇ ਪੰਜਾਬ ਇੰਚਾਰਜ਼, ਪੰਜਾਬ ਪ੍ਰਧਾਨ ਤੇ ਇੱਥੋਂ ਤੱਕ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜ ਚੁੱਕੇ ਰਾਜਾ ਵੜਿੰਗ ਨੂੰ ਵੀ ਕੀਤੀ ਹੈ। ਉਨ੍ਹਾਂ ਅਪਣੇ ਪੱਤਰ ਵਿਚ ਬਾਦਲਾਂ ਦੇ ਆਪਸ ਵਿਚ ਮਿਲੇ ਹੋਣ ਦਾ ਵੀ ਇਸ਼ਾਰਾ ਕੀਤਾ ਹੈ।