
ਸਰਕਾਰ ਨੇ ਨਿਜੀ ਹਸਪਤਾਲਾਂ ਉਤੇ ਸਿਧੇ ਵੈਕਸੀਨ ਖ਼ਰੀਦਣ 'ਤੇ ਲਗਾਈ ਰੋਕ, ਤੈਅ ਕੀਤੀ ਹੱਦ
ਨਵੀਂ ਦਿੱਲੀ, 30 ਜੂਨ : ਦੇਸ਼ ਵਿਚ ਕੋਰੋਨਾ ਵਾਇਰਸ ਨੂੰ ਕਾਬੂ ਕਰਨ ਲਈ ਕੋਰੋਨਾ ਵੈਕਸੀਨ ਅਭਿਆਨ ਵਿਚ ਤੇਜ਼ੀ ਲਿਆਂਦੀ ਜਾ ਰਹੀ ਹੈ | ਕੇਂਦਰ ਸਰਕਾਰ ਵਲੋਂ ਕੋਵਿਡ ਰੋਕੂ ਟੀਕਾਕਰਨ ਮੁਹਿੰਮ ਵਿਚ ਇਕ ਮਹੱਤਵਪੂਰਣ ਤਬਦੀਲੀ ਕੀਤੀ ਗਈ ਹੈ | ਇਸ ਦੇ ਤਹਿਤ, ਇਕ ਜੁਲਾਈ ਤੋਂ ਨਿਜੀ ਹਸਪਤਾਲ ਹੁਣ ਟੀਕਾ ਨਿਰਮਾਤਾ ਤੋਂ ਸਿੱਧੇ ਕੋਰੋਨਾ ਟੀਕੇ ਨਹੀਂ ਖ਼ਰੀਦ ਸਕਣਗੇ | ਉਨ੍ਹਾਂ ਨੂੰ ਹੁਣ ਕੋਵਿਨ ''ਤੇ ਵੈਕਸੀਨ ਦਾ ਆਰਡਰ ਦੇਣਾ ਹੋਵੇਗਾ | ਇੰਨਾ ਹੀ ਨਹੀਂ ਕੇਂਦਰ ਸਰਕਾਰ ਨੇ ਵੈਕਸੀਨ ਦਾ ਮਹੀਨਾਵਾਰ ਸਟਾਕ ਦੀ ਲਿਮਿਟ ਵੀ ਤੈਅ ਕਰਨ ਦਾ ਫ਼ੈਸਲਾ ਲਿਆ ਹੈ |
ਇਕ ਐਸਓਪੀ ਯਾਨੀ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ ਦਸਤਾਵੇਜ਼ ਮੰਗਲਵਾਰ ਨੂੰ ਮੁੰਬਈ ਦੇ ਹਸਪਤਾਲਾਂ ਵਿਚ ਪਹੁੰਚ ਗਈ ਹੈ, ਜਿਸ ਅਨੁਸਾਰ ਪ੍ਰਾਈਵੇਟ ਹਸਪਤਾਲਾਂ ਨੂੰ ਪਿਛਲੇ ਮਹੀਨੇ ਇਕ ਖਾਸ ਹਫ਼ਤੇ ਵਿਚ ਰੋਜ਼ਾਨਾ ਔਸਤਨ ਖਪਤ ਕੀਤੀ ਜਾਣ ਵਾਲੀ ਟੀਕੇ ਦੀ ਦੁਗਣੀ ਮਾਤਰਾ ਮਿਲੇਗੀ | ਹਾਲਾਂਕਿ, ਨਿਜੀ ਹਸਪਤਾਲਾਂ ਵਿਚ ਟੀਕੇ ਲਈ ਰੋਜ਼ਾਨਾ ਔਸਤ ਦੀ ਗਣਨਾ ਕਰਨ ਲਈ ਅਪਣੀ ਪਸੰਦ ਦੇ ਹਫ਼ਤੇ ਦੀ ਚੋਣ ਕਰਨ ਦੀ ਖੁਲ੍ਹ ਹੋਵੇਗੀ | ਇਸ ਦੀ ਜਾਣਕਾਰੀ ਕੋਵਿਨ ਪੋਰਟਲ ਤੋਂ ਲਈ ਜਾਵੇਗੀ |
ਐਸਓਪੀ ਨੇ ਕਿਹਾ ਕਿ ਪ੍ਰਾਈਵੇਟ ਟੀਕਾਕਰਨ ਕੇਂਦਰ ਇਕ ਮਹੀਨੇ ਵਿਚ ਚਾਰ ਕਿਸ਼ਤਾਂ ਵਿਚ ਟੀਕੇ ਮੰਗਵਾ ਸਕਦੇ ਹਨ | ਕੋਰੋਨਾ ਟੀਕੇ ਦੀ ਖ਼ਰੀਦ ਲਈ ਕਿਸੇ ਸਰਕਾਰੀ ਅਥਾਰਟੀ ਤੋਂ ਕਿਸੇ ਮਨਜ਼ੂਰੀ ਦੀ ਲੋੜ ਨਹੀਂ ਪਵੇਗੀ | ਕੋਵਿਨ 'ਤੇ ਖ਼ਰੀਦ ਆਰਡਰ ਸਫ਼ਲਤਾ ਨਾਲ ਰੱਖਣ ਲਈ ਇਹ ਕਾਫੀ ਹੋਵੇਗਾ |
ਇਕ ਵਾਰ ਮੰਗ ਜਮ੍ਹਾਂ ਹੋ ਜਾਣ 'ਤੇ ਕੋਵਿਨ ਨਿਰਮਾਤਾਵਾਂ ਤਕ ਪਹੁੰਚਾਉਣ ਤੋਂ ਪਹਿਲਾਂ ਜ਼ਿਲ੍ਹਾ ਅਤੇ ਰਾਜ-ਅਧਾਰਤ ਨੰਬਰਾਂ ਨੂੰ ਇਕੱਠਾ ਕਰੇਗੀ | ਨਿਜੀ ਕੇਂਦਰਾਂ ਨੂੰ ਕੌਮੀ ਸਿਹਤ ਅਥਾਰਟੀ ਪੋਰਟਲ 'ਤੇ ਟੀਕੇ ਦੀ ਅਦਾਇਗੀ ਕਰਨੀ ਪਵੇਗੀ | (ਪੀਟੀਆਈ)