ਜਲੰਧਰ ਵਿਚ ਅਜਿਹਾ ਕਦੇ ਵੇਖਣ ਨੂੰ ਨਹੀਂ ਮਿਲਿਆ ਕਿ ਸਾਰੇ ਥਾਣਿਆਂ ਦਾ 95 ਫ਼ੀਸਦੀ ਸਟਾਫ਼ ਇਕੋ ਵਾਰ ਹੀ ਬਦਲਿਆ ਹੋਵੇ
ਜਲੰਧਰ - ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਬੀਤੇ ਦਿਨ ਪੁਲਿਸ ਮਹਿਕਮੇ ਨੂੰ ਲੈ ਕੇ ਵੱਡਾ ਫ਼ੈਸਲਾ ਸੁਣਾਇਆ ਹੈ। ਪੁਲਿਸ ਕਮਿਸ਼ਨਰ ਨੇ ਕਮਿਸ਼ਨਰੇਟ ਪੁਲਿਸ ਦੇ ਅਧੀਨ ਆਉਂਦੇ 14 ਥਾਣਿਆਂ ’ਚ ਤਾਇਨਾਤ 95 ਫ਼ੀਸਦੀ ਸਟਾਫ਼ ਹਟਾ ਕੇ ਵੱਖ-ਵੱਖ ਕਮਿਸ਼ਨਰੇਟ ਜਲੰਧਰ ਦੇ ਥਾਣਿਆਂ ’ਚ ਟਰਾਂਸਫ਼ਰ ਕਰ ਦਿੱਤਾ, ਜੋ 5 ਫ਼ੀਸਦੀ ਸਟਾਫ਼ ਬਚਿਆ ਹੈ
ਉਹ ਮਹਿਲਾ ਪੁਲਿਸ ਕਰਮਚਾਰੀਆਂ ਦਾ ਹੈ, ਜਿਨ੍ਹਾਂ ਨੂੰ ਨਹੀਂ ਬਦਲਿਆ ਗਿਆ। ਉਨ੍ਹਾਂ ਨੇ ਕੁੱਲ 514 ਮੁਲਾਜ਼ਮਾਂ ਦਾ ਫੇਰਬਦਲ ਕਰਕੇ ਵੱਡਾ ਐਕਸ਼ਨ ਲਿਆ ਹੈ, ਥਾਣੇ ਦੇ ਜਿਨ੍ਹਾਂ ਮੁਲਾਜ਼ਮਾਂ ਦੇ ਟਰਾਂਸਫ਼ਰ ਹੋਏ ਹਨ, ਉਨ੍ਹਾਂ ਵਿਚ ਸਬ ਇੰਸਪੈਕਟਰ, ਏ. ਐੱਸ. ਆਈ., ਹੈੱਡ ਕਾਂਸਟੇਬਲ ਅਤੇ ਕਾਂਸਟੇਬਲ ਰੈਂਕ ਦੇ ਮੁਲਾਜ਼ਮ ਸ਼ਾਮਲ ਹਨ। ਜਲੰਧਰ ਵਿਚ ਅਜਿਹਾ ਕਦੇ ਵੇਖਣ ਨੂੰ ਨਹੀਂ ਮਿਲਿਆ ਕਿ ਸਾਰੇ ਥਾਣਿਆਂ ਦਾ 95 ਫ਼ੀਸਦੀ ਸਟਾਫ਼ ਇਕੋ ਵਾਰ ਹੀ ਬਦਲਿਆ ਹੋਵੇ। ਹਾਲਾਂਕਿ ਸਾਰੇ ਮੁਲਾਜ਼ਮਾਂ ਦੇ ਤਬਾਦਲੇ ਸ਼ਹਿਰ ਵਿਚ ਹੀ ਕੀਤੇ ਗਏ ਹਨ। ਕਿਹਾ ਜਾ ਰਿਹਾ ਹੈ ਕਿ ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਦਾ ਇਹ ਫ਼ੈਸਲਾ ਕੁਰੱਪਸ਼ਨ ਨੂੰ ਦੂਰ ਕਰਨ ਦੀਆਂ ਕੋਸ਼ਿਸ਼ਾਂ ਨਾਲ ਜੁੜਿਆ ਹੋਇਆ ਹੈ।
14 ਥਾਣਿਆਂ ਦੇ 514 ਮੁਲਾਜ਼ਮ ਟਰਾਂਸਫ਼ਰ ਕਰਨ ਤੋਂ ਬਾਅਦ ਪੁਲਿਸ ਕਮਿਸ਼ਨਰ ਨੇ ਮੁਲਾਜ਼ਮਾਂ ਨੂੰ ਤੁਰੰਤ ਪ੍ਰਭਾਵ ਨਾਲ ਪੁਰਾਣੀ ਪੋਸਟਿੰਗ ਛੱਡ ਕੇ ਨਵੀਂ ਪੋਸਟ 'ਤੇ ਜੁਆਇਨ ਕਰਨ ਦੇ ਹੁਕਮ ਦਿੱਤੇ ਹਨ। ਟ੍ਰੈਫਿਕ ਥਾਣੇ ਤੋਂ 1 ਏ. ਐੱਸ. ਆਈ. ਨੂੰ ਥਾਣਾ ਨਵੀਂ ਬਾਰਾਂਦਰੀ ਅਤੇ ਨਾਰਕੋਟਿਕਸ ਸੈੱਲ ਦੇ ਕਾਂਸਟੇਬਲ ਨੂੰ ਥਾਣਾ ਨੰਬਰ 8 ਵਿਚ ਬਦਲਿਆ ਗਿਆ ਹੈ। ਕੁਝ ਮੁਲਾਜ਼ਮਾਂ ਨੂੰ ਪੁਲਿਸ ਲਾਈਨ ਤੋਂ ਲੈ ਕੇ ਥਾਣੇ ਭੇਜਿਆ ਗਿਆ ਹੈ।