
'ਤੰਦਰੁਸਤ ਪੰਜਾਬ ਮਿਸ਼ਨ' ਤਹਿਤ ਜ਼ਿਲਾ ਸਿਹਤ ਅਫ਼ਸਰ ਡਾ. ਰਾਜ ਕੁਮਾਰ ਅਤੇ ਜ਼ਿਲਾ ਫੂਡ ਸੇਫਟੀ ਅਫ਼ਸਰ ਗੌਰਵ ਗਰਗ ਦੀ ਅਗਵਾਈ ਵਿੱਚ ਭਦੌੜ ਵਿਖੇ ਫੂਡ ਸੇਫ਼ਟੀ...............
ਭਦੌੜ : 'ਤੰਦਰੁਸਤ ਪੰਜਾਬ ਮਿਸ਼ਨ' ਤਹਿਤ ਜ਼ਿਲਾ ਸਿਹਤ ਅਫ਼ਸਰ ਡਾ. ਰਾਜ ਕੁਮਾਰ ਅਤੇ ਜ਼ਿਲਾ ਫੂਡ ਸੇਫਟੀ ਅਫ਼ਸਰ ਗੌਰਵ ਗਰਗ ਦੀ ਅਗਵਾਈ ਵਿੱਚ ਭਦੌੜ ਵਿਖੇ ਫੂਡ ਸੇਫ਼ਟੀ ਅਤੇ ਸਟੈਂਡਰਡ ਐਕਟ ਅਧੀਨ ਮਠਿਆਈਆਂ ਦੀਆਂ ਦੁਕਾਨਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਟੀਮ ਵੱਲੋਂ 6 ਸੈਂਪਲ ਲਏ ਗਏ, ਜਿਨ੍ਹਾਂ ਵਿੱਚੋਂ ਦੋ ਘਿਓ ਦੇ, ਇੱਕ ਸਰਸੋਂ ਦੇ ਤੇਲ ਦਾ, ਇੱਕ ਚਮਚਮ ਦਾ, ਇੱਕ ਨਮਕ ਅਤੇ ਇੱਕ ਸੈਂਪਲ ਆਈਸਕਰੀਮ ਦਾ ਲਿਆ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਆਮ ਲੋਕਾਂ ਨੂੰ ਚੰਗੀ ਸਿਹਤ ਸਹੂਲਤਾਂ ਦੇਣ ਦੇ ਨਾਲ-ਨਾਲ ਖਾਣ-ਪੀਣ ਦੀਆਂ ਸ਼ੁੱਧ ਚੀਜ਼ਾਂ ਦੀ ਵਿਕਰੀ ਸਬੰਧੀ ਆਪਣੀ ਜ਼ਿੰਮੇਵਾਰੀ ਤਨਦੇਹੀ
ਨਾਲ ਨਿਭਾਈ ਜਾ ਰਹੀ ਹੈ। ਇਸੇ ਜ਼ਿੰਮੇਵਾਰੀ ਅਧੀਨ ਤੇ ਮਿਠਾਈਆਂ ਵੇਚਣ ਵਾਲਿਆਂ ਨੂੰ ਜਾਗਰੂਕ ਕੀਤਾ ਕਿ ਸਾਨੂੰ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ, ਸਗੋਂ ਮਿਠਾਈਆਂ ਨੂੰ ਤਾਜ਼ਾ ਤੇ ਢੱਕ ਕੇ ਵੇਚਿਆ ਜਾਣਾ ਚਾਹੀਦਾ ਹੈ। ਡਾ. ਰਾਜ ਕੁਮਾਰ ਨੇ ਦੱਸਿਆ ਕਿ ਗਲੀਆਂ ਸੜੀਆਂ ਫਲ, ਸਬਜੀਆਂ ਅਤੇ ਮਿਠਾਈਆਂ ਆਦਿ ਵੇਚਣਾ ਇੱਕ ਅਪਰਾਧ ਹੈ ਇਸ ਲਈ ਇਹਨਾਂ ਨੂੰ ਸੁੱਟ ਦੇਣਾ ਚਾਹੀਦਾ ਹੈ। ਜ਼ਿਲਾ ਸਿਹਤ ਅਫ਼ਸਰ ਬਰਨਾਲਾ ਨੇ ਦੱਸਿਆ ਕਿ ਜੂਸ ਆਦਿ ਵੇਚਣ ਵਾਲਿਆਂ ਨੂੰ ਵੀ ਜੂਸ ਢੱਕ ਤੇ ਤਾਜ਼ਾ ਵੇਚਣਾ ਚਾਹੀਦਾ ਹੈ ਤੇ ਇਸ ਨੂੰ ਮੱਖੀਆਂ ਤੇ ਧੂੜ ਤੋਂ ਬਚਾਉਣ ਲਈ ਆਲੇ ਦੁਆਲੇ ਸ਼ੀਸ਼ਾ ਲਗਾ ਕੇ ਢੱਕਣਾ ਚਾਹੀਦਾ ਹੈ।