
ਮੁੱਖ ਮੰਤਰੀ ਪੰਜਾਬੀਆਂ ਨੂੰ ਇਸ ਨਾਮੁਰਾਦ ਕੁਰੀਤੀ ਤੋਂ ਛੁਟਕਾਰਾ ਦਿਵਾਉਣ ਲਈ ਬਹੁਤ ਹੀ ਸਖਤੀ ਨਾਲ ਮੁਹਿੰਮ ਵਿੱਢੀ ਗਈ ...........
ਮਲੋਟ : ਮੁੱਖ ਮੰਤਰੀ ਪੰਜਾਬੀਆਂ ਨੂੰ ਇਸ ਨਾਮੁਰਾਦ ਕੁਰੀਤੀ ਤੋਂ ਛੁਟਕਾਰਾ ਦਿਵਾਉਣ ਲਈ ਬਹੁਤ ਹੀ ਸਖਤੀ ਨਾਲ ਮੁਹਿੰਮ ਵਿੱਢੀ ਗਈ ਅਤੇ ਹੁਣ ਇਸਦੇ ਸਾਰਥਿਕ ਨਤੀਜੇ ਵੀ ਆਉਣ ਦੀ ਉਮੀਦ ਬਣਨ ਲੱਗੀ ਹੈ । ਪਰ ਸਰਕਾਰੀ ਤੰਤਰ ਇਸ ਨੂੰ ਸਿਰਫ ਇਕ ਮਜਬੂਰੀ ਵਾਂਗ ਹੀ ਨਿਭਾ ਰਿਹਾ ਹੈ ਅਤੇ ਦਿਲ ਅੰਦਰ ਆਪਣੇ ਸੂਬੇ ਜਾਂ ਪੰਜਾਬੀਆਂ ਨਾਲ ਕੋਈ ਹਮਦਰਦੀ ਨਹੀ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗਾਰਡੀਐਂਸ ਆਫ ਗਵਰਨੈਂਸ ਦੇ ਤਹਿਸੀਲ ਮਲੋਟ ਦੇ ਇੰਚਾਰਜ ਵਰੰਟ ਅਫਸਰ ਹਰਪ੍ਰੀਤ ਸਿੰਘ ਨੇ ਅੱਜ ਮਲੋਟ ਵਿਖੇ ਪੱਤਰਕਾਰਾਂ ਨਾਲ ਸਾਂਝੇ ਕੀਤੇ ।
ਐਸ.ਡੀ.ਐਮ ਮਲੋਟ ਗੋਪਾਲ ਸਿੰਘ ਦੀ ਅਗਵਾਈ ਵਿਚ ਨਸ਼ਾ ਛੁਡਾਊ ਮੁਹਿੰਮ ਨੂੰ ਸਾਰਥਕ ਬਣਾਉਣ ਲਈ ਪਿੰਡਾਂ ਦੇ ਜੀ.ਓ.ਜੀ ਵੱਲੋਂ ਪਿੰਡ ਪਿੰਡ ਲੋਕਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਜੋ ਵਲੰਟੀਅਰ ਤੌਰ ਤੇ ਨਸ਼ਾ ਛੱਡਣ ਲਈ ਤਿਆਰ ਹੁੰਦੇ ਹਨ ਉਹਨਾਂ ਨੂੰ ਮਲੋਟ ਦੇ ਨਸ਼ਾ ਛੁਡਾਊ ਕੇਂਦਰ ਵਿਖੇ ਭਰਤੀ ਕਰਵਾਇਆ ਜਾਂਦਾ ਹੈ । ਹਰਪ੍ਰੀਤ ਸਿੰਘ ਨੇ ਦਸਿਆ ਕਿ ਇਸ ਸਬੰਧੀ ਅੱਜ ਪਿੰਡ ਚੰਨੂੰ ਦੇ ਜੀ.ਓ.ਜੀ ਸੰਤੋਖ ਸਿੰਘ ਵੱਲੋਂ ਤਿੰਨ ਮਰੀਜ ਨਸ਼ਾ ਛੁਡਾਊ ਕੇਂਦਰ ਵਿਖੇ ਲਿਆਂਦੇ ਗਏ ਪਰ ਕੇਂਦਰ ਦੇ ਇੰਚਾਰਜ ਮੈਡਮ ਡ੍ਰਾ. ਰਛਮੀ ਚਾਵਲਾ ਛੁੱਟੀ ਤੇ ਸਨ ।
ਉਹਨਾਂ ਕਿਹਾ ਕਿ ਐਸ.ਡੀ.ਐਮ ਦੇ ਦਿਸ਼ਾ ਨਿਰਦੇਸ਼ਾਂ ਉਪਰੰਤ ਜਦ ਕੇਂਦਰ ਦਾ ਸਟਾਫ ਮਰੀਜ ਦਾਖਲ ਕਰਨ ਲਈ ਰਾਜੀ ਹੋਇਆ ਤਾਂ ਕਰੀਬ 2 ਘੰਟੇ ਦੇ ਪੇਪਰ ਵਰਕ ਦੀ ਖੱਜਲ ਖੁਆਰੀ ਵੀ ਝੱਲਣੀ ਪਈ। ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਥੇਹੜੀ ਦਾ ਇਕ ਚਿੱਟੇ ਦਾ ਆਦੀ ਨੌਜਵਾਨ ਜੋ ਕਿ ਆਪਣੇ ਨਜਦੀਕੀ ਰਿਸ਼ਤੇਦਾਰ ਨਾਲ ਵੀ ਉਥੇ ਦਾਖਲ ਹੋਣ ਪੁੱਜਾ ਤਾਂ ਉਸਨੂੰ ਵੀ ਭਲਕੇ ਆਉਣ ਦਾ ਕਹਿ ਕਿ ਵਾਪਸ ਤੋਰ ਦਿੱਤਾ ਗਿਆ। ਹਰਪ੍ਰੀਤ ਸਿੰਘ ਨੇ ਇਹ ਵੀ ਦੱਸਿਆ ਕਿ ਇਸ ਸਬੰਧੀ ਉਹਨਾਂ ਐਸ.ਡੀ.ਐਮ ਮਲੋਟ ਗੋਪਾਲ ਸਿੰਘ ਨੂੰ ਪੂਰੀ ਜਾਣਕਾਰੀ ਦੇ ਦਿੱਤੀ ਗਈ ਹੈ
ਅਤੇ ਐਸ.ਡੀ.ਐਮ ਵੱਲੋਂ ਇਸ ਸਬੰਧੀ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ । ਇਹਨਾਂ ਮਰੀਜਾਂ ਨੂੰ ਦਾਖਲ ਕਰਵਾਉਣ ਆਏ ਪਿੰਡ ਚੰਨੂੰ ਦੇ ਜੀ.ਓ.ਜੀ ਸੰਤੋਖ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਥੋੜਾ ਨਸ਼ਾ ਕਰਨ ਵਾਲੇ ਮਰੀਜਾਂ ਲਈ ਪਿੰਡ ਦੇ ਹੀ ਹਸਪਤਾਲ ਵਿਚ ਨਸ਼ਾ ਛੱਡਣ ਲਈ ਦਵਾਈ ਆਦਿ ਦੀ ਸੁਵਿਧਾ ਹੋਣੀ ਚਾਹੀਦੀ ਹੈ ਅਤੇ ਹਲਕੇ ਦੇ ਹੋਰ ਵੱਡੇ ਹਸਪਤਾਲ ਜਿਵੇਂ ਕਿ ਬਾਦਲ ਅਤੇ ਲੰਬੀ ਵਿਖੇ ਵੀ ਨਸ਼ਾ ਛੱਡਣ ਵਾਲੇ ਮਰੀਜਾਂ ਲਈ ਕੇਂਦਰ ਬਣਾਏ ਜਾਣ ।