
ਤਰਨ ਤਾਰਨ 'ਚ 19, ਅੰਮ੍ਰਿਤਸਰ 'ਚ 10 ਤੇ ਬਟਾਲਾ 'ਚ 9 ਲੋਕਾਂ ਦੀ ਹੋਈ ਮੌਤ
ਚੰਡੀਗੜ੍ਹ, 31 ਜੁਲਾਈ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਜ਼ਹਿਰਲੀ ਸ਼ਰਾਬ ਪੀਣ ਨਾਲ 38 ਲੋਕਾਂ ਦੀ ਮੌਤ ਹੋਣ ਦੀ ਜਾਣਕਾਰੀ ਹੈ। ਮਰਨ ਵਾਲੇ ਤਰਨ ਤਾਰਨ, ਅੰਮ੍ਰਿਤਸਰ ਤੇ ਬਟਾਲਾ ਖੇਤਰ ਦੇ ਹਨ। ਜਿਨ੍ਹਾਂ ਵਿਚੋਂ ਤਰਨ ਤਾਰਨ ਦੇ 19, ਅੰਮ੍ਰਿਤਸਰ ਦੇ 10 ਅਤੇ ਬਟਾਲਾ ਦੇ 9 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਵੀ ਪੰਜ ਲੋਕਾਂ ਦੀ ਮੌਤ ਹੋ ਗਈ ਸੀ। ਅੱਜ 25 ਹੋਰ ਲੋਕਾਂ ਨੇ ਦਮ ਤੋੜ ਦਿਤਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੂਰੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿਤੇ ਹਨ। ਵੀਰਵਾਰ ਨੂੰ ਮਾਰੇ ਗਏ ਪੰਜ ਲੋਕਾਂ ਦੇ ਪਰਵਾਰਕ ਮੈਂਬਰਾਂ ਨੇ ਇਸ ਸਬੰਧ 'ਚ ਪੁਲਿਸ ਨੂੰ ਬਿਨਾਂ ਸੂਚਨਾ ਦਿਤੇ ਲਾਸ਼ਾਂ ਦਾ ਅੰਤਮ ਸਸਕਾਰ ਕਰ ਦਿਤਾ ਸੀ।
ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਦੇ ਮੱਦੇਨਜ਼ਰ ਹੁਣ ਤਕ ਫੜੇ ਗਏ ਵਿਅਕਤੀਆਂ ਦੀ ਗਿਣਤੀ ਅੱਠ ਹੋ ਗਈ ਹੈ। ਤਰਨ ਤਾਰਨ ਵਿਚ 19 ਦੀ ਮੌਤ- ਜ਼ਿਲ੍ਹਾ ਤਰਨ ਤਾਰਨ ਦੇ ਕਈ ਘਰਾਂ ਵਿਚ ਨਾਜਾਇਜ਼ ਤਰੀਕੇ ਨਾਲ ਤਿਆਰ ਕੀਤੀ ਗਈ ਜ਼ਹਿਰੀਲੀ ਸ਼ਰਾਬ ਪੀਣ ਨਾਲ ਬੀਤੀ ਰਾਤ ਨੇੜਲੇ ਪਿੰਡ ਪਡੌਰੀ ਗੋਲਾ ਵਿਖੇ ਤੇ ਆਸ-ਪਾਸ ਪਿੰਡਾਂ ਦੇ ਕਈ ਵਿਅਕਤੀਆਂ ਦੀ ਹਾਲਤ ਵਿਗੜ ਗਈ ਜਿਸ ਦੌਰਾਨ ਕਰੀਬ 16 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਗੰਭੀਰ ਹਾਲਤ ਵਿਚ ਸਿਵਲ ਹਸਪਤਾਲ ਤਰਨ ਤਾਰਨ ਇਲਾਜ ਲਈ ਦਾਖ਼ਲ ਕਰਵਾਏ ਗਏ ਹਨ।
File Photo
ਮ੍ਰਿਤਕਾਂ ਵਿਚ ਤਰਨ ਤਾਰਨ, ਕੱਕਾ ਕੰਡਿਆਲਾ, ਭੁੱਲਰ, ਬਚੜੇ, ਮਲਮੋਹਰੀ, ਪੰਡੋਰੀ ਗੋਲਾ ਆਦਿ ਪਿੰਡਾਂ ਦੇ ਸਨ। ਮਰਨ ਵਾਲਿਆਂ ਵਿਚ ਧਰਮ ਸਿੰਘ, ਸਾਹਿਬ ਸਿੰਘ, ਤੇਜਾ ਸਿੰਘ, ਹਰਬੰਸ ਸਿੰਘ, ਸੁਖਦੇਵ ਸਿੰਘ, ਵਾਸੀ ਨੌਰੰਗਾਬਾਦ, ਮਿੱਠੂ ਸਿੰਘ, ਨਾਜਰ ਸਿੰਘ (ਪਿਉ-ਪੁੱਤ) ਵਾਸੀ ਮੱਲਮੋਹਰੀ, ਮਿੱਠੂ ਸਿੰਘ ਵਾਸੀ ਜੋਧਪੁਰ, ਪ੍ਰਕਾਸ਼ ਸਿੰਘ ਵਾਸੀ ਭੁੱਲਰ, ਗੁਰਮੇਲ ਸਿੰਘ ਵਾਸੀ ਬੱਚੜੇ, ਤੋਂ ਇਲਾਵਾ ਤਰਨ ਤਾਰਨ ਵਾਸੀ ਰਣਜੀਤ ਸਿੰਘ, ਬਲਜੀਤ ਸਿੰਘ ਪੁੱਤਰ ਕਿਸ਼ਨ ਸਿੰਘ ਮਹੁੱਲਾ ਗੋਕਲ ਪੁਰਾ ਤਰਨ ਤਾਰਨ, ਹਰਜੀਤ ਸਿੰਘ ਪੁੱਤਰ ਕੇਹਰ ਸਿੰਘ ਸੱਚਖੰਡ ਰੋਰ, ਹਰਜੀਤ ਸਿੰਘ ਉਰਫ ਹੀਰਾ, ਭਾਗ ਮੱਲ ਸਰਹਾਲੀ ਰੋਡ ਤਰਨ ਤਾਰਨ ਅਤੇ ਅਮਰੀਕ ਸਿੰਘ ਗਲੀ ਬਾਗੀ ਵਾਲੀ ਤਰਨ ਤਾਰਨ, ਅਵਤਾਰ ਸਿੰਘ ਪੁੱਤਰ ਕੁੰਦਨ ਸਿੰਘ ਵਾਸੀ ਭੁੱਲਰ ਸ਼ਾਮਲ ਹਨ।
ਮ੍ਰਿਤਕਾਂ ਦੇ ਵਾਰਸਾਂ ਨੇ ਕਾਰਵਾਈ ਮੰਗੀ- ਇਸ ਮੌਕੇ ਮ੍ਰਿਤਕ ਅਮਰੀਕ ਸਿੰਘ ਦੀ ਪਤਨੀ ਨੇ ਕਿਹਾ ਕਿ ਸ਼ਰਾਬ ਦਾ ਨਾਜਾਇਜ਼ ਧੰਦਾ ਕਰਨ ਵਾਲਿਆਂ 'ਤੇ ਕਾਰਵਾਈ ਕੀਤੀ ਜਾਵੇ ਅਤੇ ਮ੍ਰਿਤਕ ਪਰਵਾਰਾਂ ਨੂੰ ਮੁਆਵਜ਼ਾ ਦਿਤਾ ਜਾਵੇ। ਤਰਸੇਮ ਸਿੰਘ ਬਾਬਾ ਨੇ ਕਿਹਾ ਕਿ ਇਨ੍ਹਾਂ ਮ੍ਰਿਤਕਾਂ ਨੇ ਕੱਲ ਵੀਰਵਾਰ ਸ਼ਾਮ ਨੂੰ ਸ਼ਰਾਬ ਪੀਤੀ ਸੀ ਅਤੇ ਜਦ ਘਰ ਆਏ ਤਾਂ ਪੇਟ ਵਿਚ ਦਰਦ ਹੋਣ ਕਾਰਨ ਤੜਫਨ ਲੱਗ ਪਏ ਅਤੇ ਮੂੰਹ ਵਿਚੋਂ ਝੱਗ ਨਿਕਲਣ ਲੱਗ ਪਈ।
ਐਸਪੀ-ਡੀ ਨੇ ਜਾਂਚ ਕਮੇਟੀ ਕੀਤੀ ਗਠਤ- ਇਸ ਸਬੰਧੀ ਕੰਵਲਜੀਤ ਸਿੰਘ ਵਾਲੀਆਂ ਐਸਪੀ-ਡੀ ਨੇ ਕਿਹਾ ਕਿ ਮ੍ਰਿਤਕ ਪਰਵਾਰਾਂ ਵਲੋਂ ਇਸ ਸਬੰਧੀ ਪਹਿਲਾਂ ਜਾਣਕਾਰੀ ਨਹੀਂ ਦਿਤੀ ਗਈ ਜਿਸ ਦਾ ਪ੍ਰੈੱਸ ਦੇ ਮਾਧੀਅਮ ਰਾਹੀਂ ਪਤਾ ਲੱਗਾ ਹੈ ਅਤੇ ਇਸ ਸਬੰਧੀ ਜਾਂਚ ਕਮੇਟੀ ਗਠਤ ਕਰ ਦਿਤੀ ਗਈ ਹੈ।