ਬੀਤੇ ਦਿਨ ਦੇਸ਼ ਭਰ ਵਿਚ ਮਹਾਨ ਕੌਮੀ ਸ਼ਹੀਦ ਸਰਦਾਰ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ।
ਫਿਰੋਜ਼ਪੁਰ: ਬੀਤੇ ਦਿਨ ਦੇਸ਼ ਭਰ ਵਿਚ ਮਹਾਨ ਕੌਮੀ ਸ਼ਹੀਦ ਸਰਦਾਰ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਦੇਸ਼ ਭਰ ਦੇ ਲੋਕਾਂ ਨੇ ਉਹਨਾਂ ਸ਼ਰਧਾਂਜਲੀ ਦਿੱਤੀ ਅਤੇ ਉਹਨਾਂ ਦੀ ਸ਼ਹੀਦੀ ਨੂੰ ਸਲਾਮ ਕੀਤਾ।
ਉਹਨਾਂ ਦੇ ਸ਼ਹੀਦੀ ਦਿਹਾੜੇ ਮੌਕੇ ਫਿਰੋਜ਼ਪੁਰ ਦੇ ਪਿੰਡ ਜੰਡ ਵਾਲਾ ਵਿਖੇ ਨੌਜਵਾਨਾਂ ਨੇ ਇਕ ਨਿਵੇਕਲੀ ਪਹਿਲ ਕੀਤੀ ਅਤੇ ਅਨੋਖੇ ਤਰੀਕੇ ਨਾਲ ਸ਼ਹੀਦ ਉਧਮ ਸਿੰਘ ਨੂੰ ਸ਼ਰਧਾਂਜਲੀ ਦਿੱਤੀ। ਦਰਅਸਲ ਪਿੰਡ ਦੇ ਸ਼ਹੀਦ ਭਗਤ ਸਿੰਘ ਕਲੱਬ ਦੇ ਨੌਜਵਾਨਾਂ ਨੇ ਰੁੱਖ ਲਗਾ ਕੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਦਿੱਤੀ।
ਇਸ ਮੌਕੇ ਕਲੱਬ ਦੇ ਨੌਜਵਾਨਾਂ ਨੇ ਪ੍ਰਣ ਲਿਆ ਕਿ ਉਹ ਅਪਣੇ ਪਿੰਡ ਨੂੰ ਸਾਫ ਸੁਥਰਾ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ ਅਤੇ ਜਾਤ-ਪਾਤ ਤੋਂ ਉੱਪਰ ਉੱਠ ਕੇ ਪਿੰਡ ਦੇ ਵਿਕਾਸ ਲਈ ਕੰਮ ਕਰਨਗੇ।
ਇਸ ਮੌਕੇ ਇਹਨਾਂ ਨੌਜਵਾਨਾਂ ਨੇ ਫੈਸਲਾ ਕੀਤਾ ਕਿ ਉਹ ਦੇਸ਼ ਦਾ ਹਰ ਕੌਮੀ ਦਿਹਾੜਾ ਵਾਤਾਵਰਣ ਨੂੰ ਸਵੱਛ ਬਣਾਉਣ ਲਈ ਸਮਰਪਿਤ ਕਰਨਗੇ। ਨੌਜਵਾਨਾਂ ਦੀ ਇਸ ਪਹਿਲ ਲਈ ਸਾਰੇ ਨਗਰ ਨੇ ਉਹਨਾਂ ਨੂੰ ਉਤਸ਼ਾਹਿਤ ਕੀਤਾ ਅਤੇ ਕਿਹਾ ਕਿ ਅਜਿਹੀ ਪਹਿਲ ਹੋਰਨਾਂ ਨੌਜਵਾਨਾਂ ਲਈ ਵੀ ਪ੍ਰੇਰਨਾ ਦਾ ਸਰੋਤ ਹੈ।
ਜ਼ਿਕਰਯੋਗ ਹੈ ਕਿ ਸ਼ਹੀਦ ਸਰਦਾਰ ਊਧਮ ਸਿੰਘ ਦੇਸ਼ ਦਾ ਉਹ ਸੂਰਮਾ ਸੀ ਜਿਸ ਨੇ ਗੋਰਿਆਂ ਦੇ ਘਰ ਵਿਚ ਵੜ੍ਹ ਕੇ ਅੰਗਰੇਜ਼ੀ ਹਕੂਮਤ ਨੂੰ ਹਿਲਾ ਕੇ ਰੱਖ ਦਿੱਤਾ ਸੀ। ਜਿਸ ਨੇ ਜਲਿਆਂ ਵਾਲੇ ਬਾਗ਼ ਵਿਚ ਹੋਏ ਕਤਲੇਆਮ ਦਾ ਬਦਲਾ ਲੰਡਨ ਜਾ ਕੇ ਜਨਰਲ ਓਡਵਾਇਰ ਨੂੰ ਭਰੀ ਸਭਾ ਵਿਚ ਗੋਲੀ ਮਾਰ ਕੇ ਲਿਆ ਸੀ।