
ਹਰਸਿਮਰਤ ਬਾਦਲ ਦੀ ਅਗਵਾਈ 'ਚ ਸਹਿਯੋਗੀ ਪਾਰਟੀਆਂ ਦੇ ਵਫ਼ਦ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ
ਖੇਤੀ ਮਸਲੇ ਦੇ ਤੁਰਤ ਹੱਲ ਅਤੇ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਤੈਅ ਕੀਤੇ ਜਾਣ ਦੇ ਵਿਸ਼ੇ ਨੂੰ ਲੈ ਕੇ ਮੰਗ ਪੱਤਰ ਦਿਤਾ
ਨਵੀਂ ਦਿੱਲੀ, 31 ਜੁਲਾਈ : ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਅਪਣੀ ਗਠਬੰਧਨ ਪਾਰਟੀ ਬਸਪਾ ਨਾਲ ਸੰਸਦ ਦੇ ਬਾਹਰ ਪ੍ਰਦਰਸ਼ਨ ਕਰ ਰਹੀ ਹੈ | ਇਸੇ ਦੇ ਚਲਦਿਆਂ ਅੱਜ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਅਗਵਾਈ 'ਚ 8 ਸਹਿਯੋਗੀ ਪਾਰਟੀਆਂ ਦੇ ਸੰਸਦ ਮੈਂਬਰਾਂ ਦੇ ਇਕ ਸਾਂਝੇ ਵਫ਼ਦ ਨੇ ਰਾਸਟਰਪਤੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ | ਇਸ ਦੌਰਾਨ ਉਨ੍ਹਾਂ ਨੇ ਖੇਤੀ ਮਸਲੇ ਦੇ ਤੁਰਤ ਹੱਲ ਅਤੇ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਤੈਅ ਕੀਤੇ ਜਾਣ ਦੇ ਵਿਸ਼ੇ ਨੂੰ ਲੈ ਕੇ ਮੰਗ ਪੱਤਰ ਦਿਤਾ ਹੈ | ਉਨ੍ਹਾਂ ਕਿਹਾ ਜੇ ਸਰਕਾਰ ਕਿਸਾਨਾਂ ਦਾ ਮੁੱਦਾ ਹੱਲ ਕਰਨ ਵਿਚ ਫੇਲ੍ਹ ਹੋ ਗਈ ਹੈ ਤਾਂ ਸੰਸਦ ਅੰਦਰ ਐਮਪੀਜ਼ ਦੀ ਇਕ ਕਮੇਟੀ ਬਣਾਈ ਜਾਵੇ | ਇਸ ਦੌਰਾਨ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਜੋ ਦੇਸ਼ ਦਾ ਢਿੱਡ ਭਰਦਾ ਹੈ, ਉਸ ਦੀ ਗੱਲ ਨਹੀਂ ਸੁਣੀ ਜਾ ਰਹੀ | ਉਨ੍ਹਾਂ ਕਿਹਾ ਕਿ ਇਸ ਦੇ ਲਈ ਅਸੀਂ 8 ਸਹਿਯੋਗੀ ਪਾਰਟੀਆਂ ਦੇ ਵਫ਼ਦ ਨੇ ਰਾਸਟਰਪਤੀ ਨੂੰ ਕਿਹਾ ਹੈ ਕਿ ਸਰਕਾਰ 'ਤੇ ਦਬਾਅ ਬਣਾਇਆ ਜਾਵੇ ਕਿ ਸੰਸਦ ਅੰਦਰ ਕਿਸਾਨਾਂ ਦੇ ਮੁੱਦੇ 'ਤੇ ਚਰਚਾ ਹੋਵੇ | ਉਨ੍ਹਾਂ ਕਿਹਾ ਕਿ ਜਦੋਂ ਸੰਸਦ ਅੰਦਰ ਖੇਤੀਬਾੜੀ ਮੰਤਰੀ ਕਹਿੰਦੇ ਹਨ ਕਿ ਇਨ੍ਹਾਂ ਕਾਲੇ ਕਾਨੂੰਨਾਂ ਕਰ ਕੇ ਇਕ ਵੀ ਕਿਸਾਨ ਦੀ ਮੌਤ ਨਹੀਂ ਹੋਈ ਤਾਂ ਇਹ ਗੁੱਸੇ ਨੂੰ ਘੱਟ ਨਹੀਂ ਬਲਕਿ ਵਧਾਉਣ ਦਾ ਕੰਮ ਕਰਦਾ ਹੈ | ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਵਿਚ ਬਹੁਜਨ ਸਮਾਜ ਪਾਰਟੀ (ਬਸਪਾ), ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.) ਅਤੇ ਜੰਮੂ-ਕਸ਼ਮੀਰ ਨੈਸ਼ਨਲ ਕਾਨਫ਼ਰੰਸ (ਜੇ.ਕੇ.ਐਨ.ਸੀ.) ਦੇ ਸੰਸਦ ਮੈਂਬਰ ਵੀ ਮੌਜੂਦ ਸਨ | ਹਰਸਿਮਰਤ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਰਾਸ਼ਟਰਪਤੀ ਨੂੰ ਕਿਹਾ ਹੈ ਕਿ ਉਹ ਸੰਵਿਧਾਨ ਦੇ ਰਖਿਅਕ ਹਨ ਅਤੇ ਸੰਸਦ ਵਿਚ ਸਾਨੂੰ ਅਪਣੀ ਗੱਲ ਕਹਿਣ ਦਾ ਮੌਕਾ ਨਹੀਂ ਮਿਲ ਰਿਹਾ | ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕੱਲ ਸਪੀਕਰ ਨੂੰ ਵੀ ਗੁਹਾਰ ਲਗਾਈ ਸੀ ਪਰ ਕੋਈ ਸੁਣਵਾਈ ਨਹੀਂ ਹੋਈ | ਅਸੀਂ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਨੂੰ ਵੀ ਕਿਹਾ ਸੀ ਕਿ ਇਕਜੁੱਟ ਹੋ ਕੇ ਸਾਡੇ ਨਾਲ ਰਾਸ਼ਟਰਪਤੀ ਨੂੰ ਮਿਲਣ ਚੱਲੋ ਪਰ ਉਹ ਨਹੀਂ ਆਏ | ਪਾਰਟੀਆਂ ਨੇ ਕਿਹਾ ਕਿ ਉਨ੍ਹਾਂ ਦੀ ਮੰਗ ਇਹੀ ਹੈ ਕਿ ਖੇਤੀ ਕਾਨੂੰਨਾਂ ਅਤੇ ਜਾਸੂਸੀ ਦੇ ਮੁੱਦੇ 'ਤੇ ਸੰਸਦ ਵਿਚ ਚਰਚਾ ਹੋਵੇ | (ਏਜੰਸੀ)