
ਮੁੱਖ ਮੰਤਰੀ ਵਲੋਂ ਆਜ਼ਾਦੀ ਸੰਘਰਸ਼ ਦੇ ਗੁਮਨਾਮ ਨਾਇਕਾਂ ਦੇ ਸਤਿਕਾਰ ਵਿਚ ਯਾਦਗਾਰ ਬਣਾਉਣ ਦਾ ਐਲਾਨ
ਸ਼ਹੀਦ ਊਧਮ ਸਿੰਘ ਦੇ 82ਵੇਂ ਸ਼ਹੀਦੀ ਦਿਹਾੜੇ ਮੌਕੇ 'ਸ਼ਹੀਦ ਊਧਮ ਸਿੰਘ ਯਾਦਗਾਰ' ਲੋਕਾਂ ਨੂੰ ਸਮਰਪਤ
ਸੁਨਾਮ ਊਧਮ ਸਿੰਘ ਵਾਲਾ, 31 ਜੁਲਾਈ (ਅਜੈਬ ਸਿੰਘ ਮੋਰਾਂਵਾਲੀ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਨਿਚਰਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਵਲੋਂ ਭਾਰਤੀ ਆਜ਼ਾਦੀ ਸੰਘਰਸ਼ ਦੌਰਾਨ ਅੰਡੇਮਾਨ ਦੀ ਸੈਲੂਲਰ ਜੇਲ ਵਿਚ ਜਾਨਾਂ ਨਿਛਾਵਰ ਕਰਨ ਵਾਲੇ ਅਣਗਿਣਤ ਗੁਮਨਾਮ ਨਾਇਕਾਂ ਪ੍ਰਤੀ ਸ਼ਰਧਾ ਤੇ ਸਤਿਕਾਰ ਵਜੋਂ ਇਕ ਯਾਦਗਾਰ ਦਾ ਨਿਰਮਾਣ ਛੇਤੀ ਕੀਤਾ ਜਾਵੇਗਾ | ਇਹ ਯਾਦਗਾਰ ਵਤਨ ਦੇ ਪਰਵਾਨਿਆਂ ਨੂੰ ਸਮਰਪਤ ਹੋਵੇਗੀ ਜਿਨ੍ਹਾਂ ਨੂੰ ਕਾਲੇਪਾਣੀ ਵਜੋਂ ਜਾਣੀ ਜਾਂਦੀ ਬੇਰਹਿਮ ਸਜ਼ਾ ਭੁਗਤਣੀ ਪਈ |
ਅੱਜ ਇਥੇ ਰਾਜ ਪਧਰੀ ਸਮਾਗਮ ਦੌਰਾਨ ਸ਼ਹੀਦ ਊਧਮ ਸਿੰਘ ਯਾਦਗਾਰ ਲੋਕਾਂ ਨੂੰ ਸਮਰਪਤ ਕਰਨ ਤੋਂ ਬਾਅਦ ਸੰਬਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਮੁਲਕ ਦੇ ਆਜ਼ਾਦੀ ਅੰਦੋਲਨ ਵਿਚ ਲਾਮਿਸਾਲ ਯੋਗਦਾਨ ਪਾਉਣ ਵਾਲੇ ਅਜਿਹੇ ਦੇਸ਼ ਭਗਤਾਂ ਅਤੇ ਆਜ਼ਾਦੀ ਘੁਲਾਟੀਆਂ ਖਾਸ ਕਰ ਕੇ ਪੰਜਾਬ ਨਾਲ ਸਬੰਧਤ ਵਤਨਪ੍ਰਸਤਾਂ ਦੀ ਸ਼ਨਾਖ਼ਤ ਕਰਨ ਲਈ ਉੱਘੇ ਇਤਿਹਾਸਕਾਰਾ ਅਤੇ ਵਿਦਵਾਨ ਪਹਿਲਾਂ ਹੀ ਬਹੁਤ ਖੋਜ ਕਰ ਚੁੱਕੇ ਹਨ |
ਮੁੱਖ ਮੰਤਰੀ ਨੇ ਅਪਣੇ ਪਿਛਲੇ ਕਾਰਜਕਾਲ ਦੌਰਾਨ ਸੁਨਾਮੀ ਨਾਲ ਤਬਾਹ ਹੋਏ ਇਲਾਕੇ ਦਾ ਦੌਰਾ ਕਰਨ ਮੌਕੇ ਅੰਡੇਮਨ ਟਾਪੂ ਵਿਚ ਸੈਲੂਲਰ ਜੇਲ ਦੀ ਫੇਰੀ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਬਹੁਤ ਹੈਰਾਨੀ ਹੋਈ ਕਿ ਉੱਥੇ ਕੰਧਾਂ ਉਤੇ ਸ਼ਹੀਦਾਂ ਦੇ ਉਕਰੇ ਹੋਏ ਨਾਵਾਂ ਵਿਚੋਂ ਉਹ ਕਿਸੇ ਨੂੰ ਵੀ ਨਹੀਂ ਜਾਣਦੇ ਸਨ | ਉਨ੍ਹਾਂ ਕਿਹਾ ਕਿ ਇਹ ਸ਼ਹੀਦ ਕਾਲੇਪਾਣੀ ਦੀ ਸਜ਼ਾ ਭੁਗਤਦਿਆਂ ਗੁਮਨਾਮੀ ਵਿਚ ਹੀ ਇਸ ਜਹਾਨ ਤੋਂ ਤੁਰ ਗਏ ਅਤੇ ਉਨ੍ਹਾਂ ਦੀਆਂ ਯਾਦਾਂ ਵੀ ਜੇਲ ਤਕ ਹੀ ਮਹਿਦੂਦ ਹੋ ਕੇ ਰਹਿ ਗਈਆਂ | ਉਨ੍ਹਾਂ ਕਿਹਾ, Tਮਾਤਭੂਮੀ ਲਈ ਕੁਰਬਾਨੀਆਂ ਦੇਣ ਵਾਲਿਆਂ ਨੂੰ ਬਣਦਾ ਮਾਣ-ਸਤਿਕਾਰ ਦੇਣਾ ਸਾਡਾ ਫਰਜ਼ ਬਣਦਾ ਹੈ |U
ਜ਼ਿਕਰਯੋਗ ਹੈ ਕਿ ਸ਼ਹੀਦ ਊਧਮ ਸਿੰਘ ਦੇ ਕਾਂਸੇ ਦੇ ਆਦਮ ਕੱਦ ਬੁੱਤ ਸਮੇਤ ਆਲ੍ਹਾ ਦਰਜੇ ਦੀ ਯਾਦਗਾਰ ਬਣਾਈ ਗਈ ਹੈ ਜਿਸ ਦੇ ਦੋਵੇਂ ਪਾਸੇ ਸਥਾਪਤ ਚਾਰ-ਚਾਰ ਪੱਥਰਾਂ ਉਤੇ ਸ਼ਹੀਦ ਊਧਮ ਸਿੰਘ ਦੇ ਜੀਵਨ, ਇਤਿਹਾਸ ਅਤੇ ਮਿਸਾਲੀ ਯੋਗਦਾਨ ਨੂੰ ਅੰਗਰੇਜ਼ੀ ਅਤੇ ਪੰਜਾਬੀ ਵਿਚ ਉਕਰਿਆ ਹੋਇਆ ਹੈ | ਇਸ ਤੋਂ ਇਲਾਵਾ ਇਕ ਅਜਾਇਬ ਘਰ ਵੀ ਬਣਾਇਆ ਗਿਆ ਹੈ ਜਿੱਥੇ ਨਿਸ਼ਾਨੀਆਂ, ਵਿਲੱਖਣ ਤਸਵੀਰਾਂ, ਦਸਤਾਵੇਜ਼ ਤੇ ਮਹਾਨ ਸ਼ਹੀਦ ਦੀਆਂ ਅਸਥੀਆਂ ਕਲਸ਼ ਵਿਚ ਰੱਖੀਆਂ ਗਈਆਂ ਹਨ |
ਇਸ ਯਾਦਗਾਰ ਉਤੇ 6.40 ਕਰੋੜ ਰੁਪਏ ਦੀ ਲਾਗਤ ਆਈ ਹੈ ਜਿਸ ਵਿਚੋਂ ਜ਼ਮੀਨ ਦੀ ਕੀਮਤ ਉਤੇ 3.40 ਕਰੋੜ ਜਦਕਿ ਬਾਕੀ 3 ਕਰੋੜ ਰੁਪਏ ਇਸ ਦੀ ਉਸਾਰੀ ਉਤੇ ਖਰਚ ਕੀਤੇ ਗਏ ਹਨ |
ਮਹਾਨ ਕ੍ਰਾਂਤੀਕਾਰੀ ਦੇ 82ਵੇਂ ਸ਼ਹੀਦੀ ਦਿਹਾੜੇ ਮੌਕੇ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਮਹਾਨ ਸ਼ਹੀਦ ਦੀ ਮਿਸਾਲੀ ਕੁਰਬਾਨੀ ਸਾਡੀ ਨੌਜਵਾਨ ਪੀੜ੍ਹੀ ਵਿਚ ਕੌਮੀਅਤ ਅਤੇ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕਰਨ ਲਈ ਪ੍ਰੇਰਤ ਕਰਦੀ ਰਹੇਗੀ | ਉਨ੍ਹਾਂ ਨੇ ਸਥਾਨਕ ਲੀਡਰਸ਼ਿਪ ਨੂੰ ਇਸ ਯਾਦਗਾਰ ਦਾ ਸਹੀ ਢੰਗ ਨਾਲ ਰੱਖ-ਰਖਾਅ ਕਰਨ ਦੀ ਅਪੀਲ ਕੀਤੀ ਕਿਉਂ ਜੋ ਉਨ੍ਹਾਂ ਨੇ ਦੇਖਿਆ ਹੈ ਕਿ ਕੁਝ ਸਮੇਂ ਬਾਅਦ ਸਤਿਕਾਰ ਦੇ ਪਾਤਰ ਅਜਿਹੀਆਂ ਥਾਵਾਂ ਅਣਗੌਲੀਆ ਹੋ ਜਾਂਦੀਆਂ ਹਨ ਜਦਕਿ ਅਜਿਹਾ ਨਹੀਂ ਵਾਪਰਨਾ ਚਾਹੀਦਾ |
ਫੋਟੋ 31-7