
ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀਆਂ ਚੋਣਾਂ ਤੁਰਤ ਕਰਵਾਈਆਂ ਜਾਣ : ਖ਼ਾਲਸਾ
ਜੰਮੂ, 31 ਜੁਲਾਈ (ਸਰਬਜੀਤ ਸਿੰਘ): ਪੰਥਕ ਮੋਰਚੇ ਦੇ ਬੈਨਰ ਹੇਠ ਜੰਮੂ ਦੇ ਪ੍ਰੈਸ ਕਲੱਬ ਵਿਖੇ ਵੱਖ -ਵੱਖ ਸਿੱਖ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸਨ, ਸਿੱਖ ਨੋਜਵਾਨ ਸਭਾ ਨਾਨਕ ਨਗਰ (ਸੰਤ ਪੁਰਾ ਦਾਨਾ), ਡੀਜੀਪੀਸੀ ਜੰਮੂ ਦੇ ਤਿੰਨ ਚੁਣੇ ਹੋਏ ਮੈਂਬਰਾਂ ਦੀ ਸਾਂਝੀ ਪ੍ਰੈਸ ਕਾਨਫ਼ਰੰਸ ਕੀਤੀ। ਪ੍ਰੈਸ ਕਾਨਫ਼ਰੰਸ ਵਿੱਚ ਸਿੱਖ ਆਗੂਆਂ ਨੇ ਮੰਗ ਕੀਤੀ ਕਿ ਜੰਮੂ -ਕਸ਼ਮੀਰ ਯੂ.ਟੀ. ਦੀਆਂ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀਆਂ ਚੋਣਾਂ ਤੁਰਤ ਕੀਤੀਆਂ ਜਾਣ ਕਿਉਂਕਿ ਡੀਜੀਪੀਸੀ ਜੰਮੂ ਵਿਚ ਪ੍ਰਸ਼ਾਸਨ ਦਾ ਕੰਮ ਮੌਜੂਦਾ ਕਮੇਟੀ ਦੁਆਰਾ ਸਹੀ ਢੰਗ ਨਾਲ ਨਹੀਂ ਚਲਾਇਆ ਜਾ ਰਿਹਾ ਹੈ।
ਆਗੂਆਂ ਨੇ ਕਿਹਾ ਪਿਛਲੇ ਇੱਕ ਸਾਲ ਤੋਂ ਪੂਰੇ ਹਾਊਸ ਦੀ ਮੀਟਿੰਗ ਨਹੀਂ ਹੋਈ। ਆਗੂਆਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਕਿਰਪਾ ਕਰ ਕੇ ਚੋਣਾਂ ਕਰਵਾਈਆਂ ਜਾਣ ਕਿਉਂਕਿ ਹਾਲਾਤ ਆਮ ਵਾਂਗ ਹੋ ਰਹੇ ਹਨ ਅਤੇ ਚੋਣਾਂ ਦੇ ਵਕਤ ਪੋਲਿੰਗ ਬੂਥ ’ਤੇ ਵਧੇਰੇ ਵੋਟਿੰਗ ਪੁਆਇੰਟ ਰੱਖੇ ਜਾਣ ਤਾਂ ਜੋ ਮਹਾਂਮਾਰੀ ਦੀ ਸਥਿਤੀ ਦੌਰਾਨ ਐਸ.ਓ.ਪੀਜ਼. ਦੀ ਪਾਲਣਾ ਕੀਤੀ ਜਾ ਸਕੇ। ਪ੍ਰੈਸ ਕਾਨਫ਼ਰੰਸ ਵਿਚ ਆਗੂਆਂ ਨੇ ਜੰਮੂ ਦੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਡੀਜੀਪੀਸੀ ਜੰਮੂ ਦੇ ਖਾਤਿਆਂ ਦਾ ਆਡਿਟ ਕਰਨ ਦੀ ਅਪੀਲ ਵੀ ਕੀਤੀ ਜੋ ਪਿਛਲੇ 10 ਸਾਲਾਂ ਤੋਂ ਨਹੀਂ ਕੀਤੇ ਜਾ ਰਹੇ ਅਤੇ ਜਿਸ ਨੂੰ ਗੁਰਦਵਾਰਾ ਐਕਟ ਅਨੁਸਾਰ ਹਰ ਸਾਲ ਕੀਤਾ ਜਾਣਾ ਲਾਜ਼ਮੀ ਹੈ।
ਆਗੂਆਂ ਨੇ ਸਿੱਖ ਸੰਗਤ ਅਤੇ ਨੌਜਵਾਨਾਂ ਨੂੰ ਖਾਸ ਕਰ ਕੇ ਭਾਈਚਾਰੇ ਦੀ ਬਿਹਤਰੀ ਲਈ ਚੋਣ ਪ੍ਰਕਿਰਿਆ ਵਿਚ ਅੱਗੇ ਆਉਣ ਦੀ ਅਪੀਲ ਕੀਤੀ। ਪ੍ਰੈਸ ਕਾਨਫ਼ਰੰਸ ਵਿਚ ਜਥੇਦਾਰ ਮਹਿੰਦਰ ਸਿੰਘ, ਸੀਨੀਅਰ ਮੈਂਬਰ ਡੀਜੀਪੀਸੀ ਜੰਮੂ ਅਤੇ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ, ਅਵਤਾਰ ਸਿੰਘ ਖ਼ਾਲਸਾ, ਮੈਂਬਰ, ਡੀਜੀਪੀਸੀ ਜੰਮੂ ਅਤੇ ਪ੍ਰਧਾਨ, ਪੰਥਕ ਮੋਰਚਾ, ਮਨਮੋਹਨ ਸਿੰਘ, ਮੈਂਬਰ ਡੀਜੀਪੀਸੀ ਜੰਮੂ ਅਤੇ ਉਪ ਪ੍ਰਧਾਨ, ਪੰਥਕ ਮੋਰਚਾ, ਹਰਮਨ ਸਿੰਘ, ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸਨ, ਬਲਵੰਤ ਸਿੰਘ, ਸਾਬਕਾ ਸਰਪੰਚ ਅਤੇ ਸਕੱਤਰ, ਪੰਥਕ ਮੋਰਚਾ, ਸਨਮੁੱਖ ਸਿੰਘ ਸਿੱਖ ਨੌਜਵਾਨ ਸਭਾ, ਮਨਮੀਤ ਸਿੰਘ (ਬਿੱਟਾ) ਰੇਹੜੀ,ਮਨਜੀਤ ਸਿੰਘ (ਰੌਕੀ), ਨਾਨਕ ਨਗਰ, ਬਲਵਿੰਦਰ ਸਿੰਘ ਬਿੰਦਰ, ਚਰਨਜੀਤ ਸਿੰਘ ਰੈਨਾ ਆਦਿ ਸ਼ਾਮਲ ਹੋਏ।