
ਪੰਜਾਬ ਸਰਕਾਰ ਨੇ ਪ੍ਰਾਇਮਰੀ ਸਮੇਤ ਸਾਰੇ ਸਕੂਲ 2 ਅਗੱਸਤ ਤੋਂ ਖੋਲ੍ਹਣ ਦੀ ਦਿਤੀ ਆਗਿਆ
ਕੋਰੋਨਾ ਸਬੰਧੀ ਲਾਗੂ ਬਾਕੀ ਪਾਬੰਦੀਆਂ ਦਾ ਸਮਾਂ 10 ਅਗੱਸਤ ਤਕ ਵਧਾਇਆ
ਚੰਡੀਗੜ੍ਹ, 31 ਜੁਲਾਈ (ਗੁਰਉਪਦੇਸ਼ ਭੁੱਲਰ) : ਪੰਜਾਬ ਸਰਕਾਰ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ 'ਚ ਵੱਡੇ ਸੁਧਾਰ ਨੂੰ ਵੇਖਦਿਆਂ ਸੂਬੇ ਦੇ ਸਾਰੇ ਸਕੂਲ ਸੋਮਵਾਰ 2 ਅਗੱਸਤ ਤੋਂ ਖੋਲ੍ਹਣ ਦੀ ਆਗਿਆ ਦੇ ਦਿਤੀ ਹੈ | ਇਸ ਤੋਂ ਪਹਿਲਾਂ ਪਿਛਲੇ ਹਫ਼ਤੇ 10ਵੀਂ, 11ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਕੂਲ ਖੋਲ੍ਹੇ ਗਏ ਸਨ ਤੇ ਸਥਿਤੀ 'ਚ ਹੋਰ ਸੁਧਾਰ ਹੋਣ 'ਤੇ 2 ਅਗੱਸਤ ਤੋਂ ਬਾਕੀ ਸਾਰੇ ਸਕੂਲ ਵੀ ਖੋਲ੍ਹਣ ਦੀ ਗੱਲ ਆਖੀ ਗਈ ਸੀ |
ਸੂਬਾ ਸਰਕਾਰ ਨੇ ਸਥਿਤੀ ਦੀ ਸਮੀਖਿਆ ਤੋਂ ਬਾਅਦ ਪ੍ਰਾਇਮਰੀ ਸਮੇਤ ਸਾਰੇ ਸਕੂਲ 2 ਅਗੱਸਤ ਤੋਂ ਖੋਲ੍ਹਣ ਦੇ ਲਿਖਤੀ ਹੁਕਮ ਜਾਰੀ ਕਰ ਦਿਤੇ ਹਨ | ਸਕੂਲ ਸਟਾਫ਼ ਨੂੰ ਕੋਰੋਨਾ ਸਾਵਧਾਨੀਆਂ ਦਾ ਵੀ ਪੂਰੀ ਤਰ੍ਹਾਂ ਪਾਲਣ ਕਰਨ ਲਈ ਕਿਹਾ ਗਿਆ ਹੈ | ਇਸੇ ਦੌਰਾਨ ਫਿਲਹਾਲ ਸੂਬੇ 'ਚ ਲਾਗੂ ਬਾਕੀ ਰਹਿੰਦੀਆਂ ਕੋਰੋਨਾ ਪਾਬੰਦੀਆਂ ਕੇਂਦਰੀ ਸਿਹਤ ਮੰਤਰਾਲੇ ਦੀਆਂ ਹਦਾਇਤਾਂ ਮੁਤਾਬਕ 10 ਅਗੱਸਤ ਤਕ ਵਧਾ ਦਿਤੀਆਂ ਹਨ | ਇਸ ਦੌਰਾਨ ਮਾਸਕ ਪਹਿਨਣ, ਸਮਾਜਕ ਦੂਰੀ ਆਦਿ ਦੇ ਨਿਯਮ ਲਾਗੂ ਰਹਿਣਗੇ |