ਪਲਾਸਟਿਕ ਦੀ ਵਰਤੋਂ ਖਿਲਾਫ CM ਦੀ ਅਗਵਾਈ 'ਚ 5 ਅਗਸਤ ਤੋਂ ਸੂਬਾ ਪੱਧਰੀ ਜਾਗਰੂਕਤਾ ਮੁਹਿੰਮ ਵਿੱਢੀ ਜਾਵੇਗੀ: ਮੀਤ ਹੇਅਰ
ਧੂਰੀ ਵਿਖੇ ਰਾਜ ਪੱਧਰੀ ਸਮਾਗਮ ਵਿੱਚ ਮੁੱਖ ਮੰਤਰੀ ਕਰਨਗੇ ਸ਼ਿਰਕਤ, ਇਕੋ ਵੇਲੇ ਬਾਕੀ 22 ਜ਼ਿਲ੍ਹਿਆਂ ਵਿੱਚ ਵੀ ਹੋਣਗੇ ਜ਼ਿਲਾ ਪੱਧਰੀ ਸਮਾਗਮ
ਵਾਤਾਵਰਣ ਮੰਤਰੀ ਨੇ ਸੂਬਾ ਵਾਸੀਆਂ ਨੂੰ ਚੌਗਿਰਦੇ ਦੀ ਸਾਂਭ ਸੰਭਾਲ ਵਾਸਤੇ ਮੁਹਿੰਮ ਨਾਲ ਜੁੜਨ ਦਾ ਸੱਦਾ ਦਿੱਤਾ
ਚੰਡੀਗੜ੍ਹ : ਪਲਾਸਟਿਕ ਦੀ ਵਰਤੋਂ ਖ਼ਿਲਾਫ਼ ਪੰਜਾਬ ਸਰਕਾਰ ਦੀ ਜ਼ੀਰੋ ਟਾਲਰੈਂਸ ਦੀ ਵਚਨਬੱਧਤਾ ਤਹਿਤ ਮੁੱਖ ਮੰਤਰੀ ਭਗਵੰਤ ਮਾਨ 5 ਅਗਸਤ ਨੂੰ ਧੂਰੀ ਵਿਖੇ ਰਾਜ ਪੱਧਰੀ ਸਮਾਗਮ ਤਹਿਤ ਸੂਬਾ ਵਾਸੀਆਂ ਲਿਫ਼ਾਫਿਆਂ ਅਤੇ ਇਕ ਵਾਰ ਵਰਤੋਂ ਵਾਲੀ ਪਲਾਸਟਿਕ ਦੀ ਪੂਰਨ ਪਾਬੰਦੀ ਦਾ ਸੱਦਾ ਦੇਣਗੇ। ਇਹ ਜਾਣਕਾਰੀ ਵਾਤਾਵਰਣ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇਥੇ ਪੰਜਾਬ ਭਵਨ ਵਿਖੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ।
ਮੀਤ ਹੇਅਰ ਨੇ ਦੱਸਿਆ ਕਿ 5 ਅਗਸਤ ਨੂੰ ਮੁੱਖ ਮੰਤਰੀ ਖੁਦ ਸੂਬਾ ਵਾਸੀਆਂ ਨੂੰ ਪਲਾਸਿਟਕ ਮੁਕਤ ਪੰਜਾਬ ਬਣਾਉਣ ਦਾ ਸੱਦਾ ਦੇਣਗੇ। ਇਸ ਸਮਾਗਮ ਲਈ ਸਬੰਧਤ ਧਿਰਾਂ ਨੂੰ ਵੀ ਸੱਦਾ ਪੱਤਰ ਦਿੱਤਾ ਗਿਆ ਹੈ। ਇਸ ਮੌਕੇ ਮੁੱਖ ਮੰਤਰੀ ਸੰਕੇਤਕ ਤੌਰ ਉਤੇ ਧੂਰੀ ਦੇ ਕੁਝ ਵਸਨੀਕਾਂ ਨੂੰ ਜੂਟ ਬੈਗ ਦੇ ਕੇ ਲਿਫ਼ਾਫਿਆਂ/ਪਲਾਸਿਟਕ ਦੀ ਵਰਤੋਂ ਰੋਕਣ ਦੀ ਅਪੀਲ ਕਰਨਗੇ। ਇਕੋ ਵੇਲੇ 5 ਅਗਸਤ ਨੂੰ ਬਾਕੀ 22 ਜ਼ਿਲ੍ਹਿਆਂ ਵਿੱਚ ਵੀ ਜ਼ਿਲਾ ਪੱਧਰੀ ਸਮਾਗਮ ਹੋਣਗੇ ਜਿਨ੍ਹਾਂ ਵਿੱਚ ਕੈਬਨਿਟ ਮੰਤਰੀ/ਸੰਸਦ ਮੈਂਬਰ/ਵਿਧਾਇਕ ਸਬੰਧਤ ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਅਧਿਕਾਰੀਆਂ ਨਾਲ ਆਮ ਲੋਕਾਂ ਨਾਲ ਗੱਲਬਾਤ ਕਰ ਕੇ ਪਾਲਸਿਟਕ ਉਤੇ ਪਾਬੰਦੀ ਅਤੇ ਇਸ ਦੇ ਮਾੜੇ ਪ੍ਰਭਾਵਾਂ ਤੋਂ ਜਾਣੂੰ ਕਰਵਾਉਣਗੇ।
ਵਾਤਾਵਰਣ ਮੰਤਰੀ ਨੇ ਦੱਸਿਆ ਕਿ ਪਲਾਸਟਿਕ ਮਲਬਾ ਵਾਤਾਵਰਣ ਲਈ ਸਭ ਤੋਂ ਗੰਭੀਰ ਸੰਕਟ ਹੈ। ਹਵਾ ਵਿੱਚ ਇਹ ਸੈਂਕੜੇ ਤੇ ਪਾਣੀ ਵਿੱਚ ਹਜ਼ਾਰਾਂ ਸਾਲ ਹੋਂਦ ਰਹਿੰਦੀ ਹੈ। ਹਰ ਸਾਲ ਦੁਨੀਆਂ ਵਿੱਚ 360 ਮਿਲੀਅਨ ਟਨ ਪਲਾਸਟਿਕ ਪੈਦਾ ਕਰਦੇ ਹਾਂ। ਭਾਰਤ ਸਰਕਾਰ ਵੱਲੋਂ ਪਹਿਲੀ ਜੁਲਾਈ 2022 ਤੋਂ ਇਕ ਵਾਰ ਦੀ ਵਰਤੋਂ ਵਾਲੇ ਪਲਾਸਟਿਕ ਉਤੇ ਪਾਬੰਦੀ ਲਗਾਈ ਗਈ ਹੈ। ਪੰਜਾਬ ਸਰਕਾਰ ਵੱਲੋਂ ਵੀ ਇਹ ਪਾਬੰਦੀ ਲਗਾਈ ਗਈ ਹੈ।
ਇਸ ਪਾਬੰਦੀ ਦੇ ਨਾਲ ਹੀ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਪਲਾਸਟਿਕ ਨਿਰਮਾਣ ਦੀਆਂ 198 ਯੂਨਿਟਾਂ ਉਤੇ ਛਾਪੇਮਾਰੀ ਕੀਤੀ ਗਈ ਜਿਨ੍ਹਾਂ ਵਿੱਚੋਂ 21 ਯੂਨਿਟ ਲਿਫ਼ਾਫ਼ੇ/ਇਕਹਿਰੀ ਵਰਤੋਂ ਵਾਲੀ ਪਲਾਸਟਿਕ ਬਣਾਉਂਦੇ ਫੜੇ ਗਏ ਅਤੇ ਇਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਗਈ ਹੈ। ਪਾਬੰਦੀ ਦੇ ਨਾਲ ਪੰਜਾਬ ਸਰਕਾਰ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਸਬੰਧਤ ਧਿਰਾਂ ਨੂੰ ਪਲਾਸਟਿਕ ਦੇ ਨਿਰਮਾਣ, ਖਰੀਦ, ਵੇਚ ਅਤੇ ਵਰਤੋਂ ਬਾਰੇ ਸਮਝਾਉਣ ਲਈ ਜਾਗਰੂਕਤਾ ਅਭਿਆਨ ਚਲਾਈ ਜਾ ਰਹੀ ਹੈ।
ਸਾਰੇ ਡਿਪਟੀ ਕਮਿਸ਼ਨਰਾਂ ਨੂੰ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਜਾਗਰੂਕਤਾ ਮੁਹਿੰਮ ਚਲਾਉਣ ਲਈ ਕਿਹਾ ਗਿਆ ਹੈ। ਪੀ.ਪੀ.ਸੀ.ਬੀ. ਦੇ ਸਾਰੇ ਵਾਤਾਵਰਣ ਇੰਜਨੀਅਰਾਂ ਵੱਲੋਂ ਪਲਾਸਿਟਕ ਉਤੇ ਪਾਬੰਦੀ ਸਬੰਧੀ ਇਸ ਦੇ ਨਿਰਮਾਣ ਕਰਤਾਵਾਂ, ਉਤਪਾਦਕਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ। ਡੀ.ਜੀ.ਪੀ. ਨੂੰ ਆਖਿਆ ਗਿਆ ਹੈ ਕਿ ਦੂਜੇ ਸੂਬਿਆਂ ਤੋਂ ਪੰਜਾਬ ਵਿੱਚ ਪਲਾਸਟਿਕ ਆਉਣ ਤੋਂ ਰੋਕਣ ਲਈ ਸੂਬਾਈ ਸਰਹੱਦਾਂ ਉਤੇ ਚੌਕਸੀ ਰੱਖੀ ਜਾਵੇ। ਇਸ ਮੌਕੇ ਸਾਇੰਸ ਤੇ ਤਕਨਾਲੋਜੀ ਦੇ ਸਕੱਤਰ ਰਾਹੁਲ ਤਿਵਾੜੀ ਵੀ ਹਾਜ਼ਰ ਸਨ।