
ਕਿਹਾ- ਕਿਸਾਨਾਂ ਅਤੇ ਗਰੀਬਾਂ ਨਾਲ ਭੱਦਾ ਮਜ਼ਾਕ ਕਰ ਰਹੀ ਸਰਕਾਰ
ਨਵੀਂ ਦਿੱਲੀ: ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਲੋਕ ਸਭਾ ਵਿਚ ਕਿਸਾਨੀ ਮੁੱਦਿਆਂ ਅਤੇ ਮਹਿੰਗਾਈ ਨੂੰ ਲੈ ਕੇ ਕੇਂਦਰ ਸਰਕਾਰ ’ਤੇ ਸ਼ਬਦੀ ਵਾਰ ਕੀਤੇ। ਉਹਨਾਂ ਕਿਹਾ ਕਿ ਇਸ ਮਹੀਨੇ ਹੋਈ ਸਰਬ ਪਾਰਟੀ ਮੀਟਿੰਗ ਵਿਚ ਮਹਿੰਗਾਈ ’ਤੇ ਚਰਚਾ ਕਰਨਾ ਇਕ ਨੰਬਰ ਦਾ ਮੁੱਦਾ ਸੀ ਪਰ ਇਜਲਾਸ ਦੇ ਦੋ ਹਫ਼ਤੇ ਬੀਤ ਜਾਣ ਤੱਕ ਵੀ ਇਸ ਬਾਰੇ ਸਦਨ ਵਿਚ ਕੋਈ ਚਰਚਾ ਨਹੀਂ ਹੋਣ ਦਿੱਤੀ।
ਹਰਸਿਮਰਤ ਬਾਦਲ ਨੇ ਕਿਹਾ ਕਿ 2015 ਵਿਚ ਕੇਂਦਰ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਆਜ਼ਾਦੀ ਦੇ 75 ਸਾਲ ਪੂਰੇ ਹੋਣ ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਇਸ ਸਾਲ 15 ਅਗਸਤ ਮੌਕੇ ਉਹਨਾਂ ਕਿਸਾਨਾਂ ਨੂੰ ਬੁਲਾਇਆ ਜਾਵੇ ਜਿਨ੍ਹਾਂ ਦੀ ਆਮਦਨ ਦੁੱਗਣੀ ਹੋ ਗਈ ਹੈ ਕਿਉਂਕਿ ਕਿਸਾਨਾਂ ਦੀ ਹਾਲਤ ਅੱਜ ਬਹੁਤ ਮਾੜੀ ਹੈ। ਜਿਨ੍ਹਾਂ ਕਿਸਾਨਾਂ ਨੇ ਕੋਰੋਨਾ ਕਾਲ ਦੌਰਾਨ ਦੇਸ਼ ਦਾ ਢਿੱਡ ਭਰਿਆ ਅੱਜ ਉਹ ਕਿਸਾਨ ਹੜ੍ਹ ਅਤੇ ਨਕਲੀ ਬੀਜਾਂ ਕਾਰਨ ਹੋ ਰਹੇ ਫਸਲੀ ਨੁਕਸਾਨ ਦਾ ਸਾਹਮਣਾ ਕਰ ਰਹੇ ਹਨ। ਉਹਨਾਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਨਕਲੀ ਬੀਜ ਦੇਣ ਵਾਲੀਆਂ ਕੰਪਨੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰ ਰਹੀਆਂ।
ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਡੇਢ ਸਾਲ ਤੱਕ ਚੱਲੇ ਅੰਦੋਲਨ ਦੌਰਾਨ 700 ਤੋਂ ਵੱਧ ਕਿਸਾਨ ਸ਼ਹੀਦ ਹੋਣ ਤੋਂ ਬਾਅਦ ਕੇਦਰ ਸਰਕਾਰ ਨੇ ਜ਼ੁਬਾਨ ਦਿੱਤੀ ਸੀ ਕਿ ਐਮਐਸਪੀ ਯਕੀਨੀ ਬਣਾਉਣ ਲਈ ਇਕ ਕਮੇਟੀ ਬਣਾਈ ਜਾਵੇਗੀ ਪਰ ਹੈਰਾਨੀ ਦੀ ਗੱਲ ਹੈ ਕਿ ਐਮਐਸਪੀ ਕਮੇਟੀ ਵਿਚ ਉਹਨਾਂ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਨੇ ਖੇਤੀ ਕਾਨੂੰਨਾਂ ਦੀ ਵਕਾਲਤ ਕੀਤੀ ਸੀ। ਇਸ ਲਈ ਕਿਸਾਨਾਂ ਨੇ ਇਸ ਕਮੇਟੀ ਨੂੰ ਰੱਦ ਕਰ ਦਿੱਤਾ ਹੈ।
ਮਹਿੰਗਾਈ ’ਤੇ ਬੋਲਦਿਆਂ ਹਰਸਿਮਰਤ ਬਾਦਲ ਨੇ ਕਿਹਾ ਕਿ ਹਰੇਕ ਚੀਜ਼ ਦੀ ਕੀਮਤ ਦੁੱਗਣੀ ਹੋ ਚੁੱਕੀ ਹੈ। ਖੇਤੀਬਾੜੀ ਦੀ ਲਾਗਤ ਵੀ ਵਧ ਚੁੱਕੀ ਹੈ, ਡੀਜ਼ਲ, ਪੈਟਰੋਲ, ਬੀਜ, ਖਾਦ ਆਦਿ 100 ਗੁਣਾ ਵਧਦਾ ਹੈ ਪਰ ਦੇਸ਼ ਦਾ ਅੰਨ ਭੰਡਾਰ ਭਰਨ ਵਾਲਿਆਂ ਲਈ ਐਮਐਸਪੀ ਸਿਰਫ਼ 2 ਫੀਸਦੀ ਵਧਦੀ ਹੈ। ਇਹ ਕਿਸਾਨਾਂ ਅਤੇ ਗਰੀਬਾਂ ਦੇ ਨਾਲ ਭੱਦਾ ਮਜ਼ਾਕ ਹੈ। ਗਰੀਬ ਲੋਕ ਆਪਣੇ ਬੱਚਿਆ ਨੂੰ ਚੰਗੇ ਸਕੂਲਾਂ ਵਿਚ ਨਹੀਂ ਭੇਜ ਸਕਦੇ ਅਤੇ ਨਾ ਹੀ ਚੰਗੇ ਹਸਪਤਾਲ ਵਿਚ ਇਲ਼ਾਜ ਕਰਵਾ ਸਕਦੇ ਹਨ। ਉਹਨਾਂ ਨੇ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਨੂੰ ਲਾਗੂ ਕਰਨ ਦੀ ਵੀ ਮੰਗ ਕੀਤੀ।