
ਪਟਿਆਲਾ ਵਿਖੇ ਤੇਜਪਾਲ ਕਤਲ ਕਾਂਡ ਅਤੇ ਮੋਹਾਲੀ ਵਿਖੇ ਉਂਗਲ ਵੱਢਣ ਦੇ ਮਾਮਲੇ ਦਾ ਮੁੱਖ ਮੁਲਜ਼ਮ ਹੈ ਪੁਨੀਤ
Patiala News : ਪਟਿਆਲਾ 'ਚ ਪੰਜਾਬ ਪੁਲਿਸ ਅਤੇ ਗੈਂਗਸਟਰ ਵਿਚਾਲੇ ਮੁੱਠਭੇੜ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮੁੱਠਭੇੜ 'ਚ ਗੈਂਗਸਟਰ ਪੁਨੀਤ ਸਿੰਘ ਉਰਫ ਗੋਲੂ ਜ਼ਖਮੀ ਹੋ ਗਿਆ ਹੈ। ਜਿਸਨੂੰ ਪੁਲਿਸ ਨੇ ਕਾਬੂ ਕਰਕੇ ਇਲਾਜ ਲਈ ਸਰਕਾਰੀ ਰਜਿੰਦਰਾ ਹਸਪਤਾਲ ਵਿਚ ਦਾਖਲ ਕਰਵਾਇਆ ਹੈ। ਪਟਿਆਲਾ ਵਿਖੇ ਤੇਜਪਾਲ ਕਤਲ ਕਾਂਡ ਅਤੇ ਮੋਹਾਲੀ ਵਿਖੇ ਉਂਗਲਾਂ ਕੱਟਣ ਦੇ ਮਾਮਲੇ ਵਿਚ ਮੁੱਖ ਮੁਲਜ਼ਮ ਗੋਲੂ ਖਿਲਾਫ ਕਈ ਅਪਰਾਧਿਕ ਮਾਮਲੇ ਦਰਜ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਸੀਆਈਏ ਪਟਿਆਲਾ ਇੰਚਾਰਜ ਇਸੰਪੈਕਟਰ ਸ਼ਮਿੰਦਰ ਸਿੰਘ ਅਤੇ ਥਾਣਾ ਕੋਤਵਾਲੀ ਪਟਿਆਲਾ ਦੀਆਂ ਟੀਮਾਂ ਵੱਲੋਂ ਮੁਲਜ਼ਮ ਪੁਨੀਤ ਸਿੰਘ ਉਰਫ ਗੋਲੂ ਵਾਸੀ ਨਿਊ ਮਥੁਰਾ ਕਲੋਨੀ, ਪਟਿਆਲਾ ਦਾ ਪਿੱਛਾ ਕੀਤਾ ਜਾ ਰਿਹਾ ਸੀ। ਪੁਲਿਸ ਪਾਰਟੀ ਨੇ ਥਾਣਾ ਸਨੌਰ ਦੇ ਇਲਾਕੇ 'ਚ ਮੁਲਜ਼ਮ ਪੁਨੀਤ ਸਿੰਘ ਉਰਫ ਗੋਲੂ ਨੂੰ ਘੇਰ ਲਿਆ ਤਾਂ ਉਸਨੇ ਪੁਲਿਸ ਪਾਰਟੀ 'ਤੇ ਫਾਇਰਿੰਗ ਕੀਤੀ।
ਜਵਾਬੀ ਕਾਰਵਾਈ 'ਚ ਪੁਲਿਸ ਟੀਮ ਨੇ ਵੀ ਦੋਸ਼ੀ 'ਤੇ ਫਾਇਰਿੰਗ ਕੀਤੀ, ਜਿਸ ਦੌਰਾਨ ਮੁਲਜ਼ਮ ਪੁਨੀਤ ਸਿੰਘ ਉਰਫ ਗੋਲੂ ਦੀ ਲੱਤ 'ਤੇ ਗੋਲੀ ਲੱਗ ਗਈ। ਮੁਲਜ਼ਮ ਪੁਨੀਤ ਸਿੰਘ ਉਰਫ ਗੋਲੂ ਵਿਰੁੱਧ ਪਹਿਲਾਂ ਹੀ ਲੁੱਟ-ਖੋਹ ਅਤੇ ਕਤਲ ਦੀ ਕੋਸ਼ਿਸ਼ ਆਦਿ ਦੇ 15 ਕੇਸ ਦਰਜ ਹਨ। ਕੁਝ ਕੇਸਾਂ ਵਿੱਚ ਮੁਲਜ਼ਮ ਜ਼ਮਾਨਤ ’ਤੇ ਗਿਆ ਅਤੇ ਕੁਝ ਕੇਸਾਂ ਵਿੱਚ ਲੋੜੀਂਦਾ ਵੀ ਸੀ। ਮੁਲਜਮ ਕੋਲੋਂ ਇਕ ਪਿਸਟਲ ਤੇ ਰੋਂਦ ਵੀ ਬਰਾਮਦ ਹੋਏ ਹਨ।