
Punjab News: ਜ਼ਮੀਨ ਦੇ ਅਸਲ ਮਾਲਕਾਂ ਨੂੰ ਮੁਆਵਜ਼ੇ ਦੀ ਅਦਾਇਗੀ ਸਮੇਂ ਅਸਲ ਲਾਭਪਾਤਰੀਆਂ ਦੀ ਥਾਂ ’ਤੇ ਜਾਅਲੀ ਦਸਤਾਵੇਜ਼ ਤਿਆਰ ਕੀਤੇ ਗਏ ਸਨ।
Punjab News: ਪੰਜਾਬ ਵਿਜੀਲੈਂਸ ਬਿਊਰੋ ਨੇ ਇੰਪਰੂਵਮੈਂਟ ਟਰੱਸਟ ਵੱਲੋਂ ਸੂਰਿਆ ਐਨਕਲੇਵ ਐਕਸਟੈਂਸ਼ਨ ਲਈ 94.97 ਏਕੜ ਜ਼ਮੀਨ ਐਕੁਆਇਰ ਕਰਨ ਦੌਰਾਨ ਹੋਏ ਘਪਲੇ ਦੇ ਸਬੰਧ ’ਚ ਪੰਜਾਬ ਸਿਵਲ ਸੇਵਾਵਾਂ (ਪੀਸੀਐੱਸ) ਦੇ ਸੇਵਾਮੁਕਤ ਅਧਿਕਾਰੀ ਇਕਬਾਲ ਸਿੰਘ ਸੰਧੂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੜ੍ਹੋ ਇਹ ਖ਼ਬਰ : Kristen Wright: ਵਿਦੇਸ਼ੀ ਮਾਡਲ ਨੇ ਮਿਸ ਵਰਲਡ ਦੇ ਫਲੋਰ 'ਤੇ ਦਿਖਾਇਆ ਆਪਣਾ ਦੇਸੀ ਅੰਦਾਜ਼
ਦੱਸਣਯੋਗ ਹੈ ਕਿ ਉਕਤ ਅਧਿਕਾਰੀ ਉਸ ਸਮੇਂ ਐੱਸਡੀਐੱਮ-ਕਮ-ਭੂਮੀ ਗ੍ਰਹਿਣ ਕੁਲੈਕਟਰ (ਐੱਲਏਸੀ), ਇੰਪਰੂਵਮੈਂਟ ਟਰੱਸਟ ਜਲੰਧਰ ਵਜੋਂ ਤਾਇਨਾਤ ਸੀ। ਇਸ ਸਬੰਧੀ ਵਿਸਥਾਰਤ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਪੜਤਾਲ ਦੌਰਾਨ ਇਹ ਪਾਇਆ ਗਿਆ ਕਿ ਉਕਤ ਜ਼ਮੀਨ ਦੇ ਅਸਲ ਮਾਲਕਾਂ ਨੂੰ ਮੁਆਵਜ਼ੇ ਦੀ ਅਦਾਇਗੀ ਸਮੇਂ ਅਸਲ ਲਾਭਪਾਤਰੀਆਂ ਦੀ ਥਾਂ ’ਤੇ ਜਾਅਲੀ ਦਸਤਾਵੇਜ਼ ਤਿਆਰ ਕੀਤੇ ਗਏ ਸਨ।
ਇਸ ਸਬੰਧੀ ਥਾਣਾ ਨਵੀਂ ਬਾਰਾਂਦਰੀ ਜਲੰਧਰ ਵਿਖੇ ਆਈਪੀਸੀ ਦੀ ਧਾਰਾ 409, 419, 420, 465, 467, 468, 201, 120-ਬੀ ਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 13 ਤਹਿਤ ਮੁਕੱਦਮਾ ਨੰਬਰ 244, 29 ਜੁਲਾਈ 2013 ਦਰਜ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਇਹ ਕੇਸ ਜਾਂਚ ਲਈ ਵਿਜੀਲੈਂਸ ਬਿਊਰੋ ਨੂੰ ਤਬਦੀਲ ਕਰ ਦਿੱਤਾ ਗਿਆ ਸੀ ਤੇ ਵਿਜੀਲੈਂਸ ਵੱਲੋਂ ਉਕਤ ਟਰੱਸਟ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਮਿਲੀਭੁਗਤ ਨਾਲ 4,32,15,438 ਰੁਪਏ ਦੇ ਮੁਆਵਜ਼ੇ ਦੀ ਵੰਡ ’ਚ ਹੋਏ ਗਬਨ ਦੇ ਸਬੰਧ ’ਚ ਇਸ ਮਾਮਲਾ ਦੀ ਜਾਂਚ ਕੀਤੀ ਜਾ ਰਹੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਜਾਂਚ ਦੌਰਾਨ ਇਹ ਪਾਇਆ ਗਿਆ ਕਿ ਇਕਬਾਲ ਸਿੰਘ ਸੰਧੂ ਨੇ ਬਤੌਰ ਐੱਲਏਸੀ ਵਜੋਂ ਟਰੱਸਟ ਦੇ ਅਧਿਕਾਰੀਆਂ/ਕਰਮਚਾਰੀਆਂ ਤੇ ਉਸ ਦੇ ਜਾਣਕਾਰ ਮਨਜੀਤ ਸ਼ਰਮਾ ਵਾਸੀ ਅਮਨ ਨਗਰ, ਜਲੰਧਰ ਦੀ ਮਿਲੀਭੁਗਤ ਨਾਲ ਮਾਲਕਾਂ ਨੂੰ ਮੁਆਵਜ਼ੇ ਦਾ ਵੰਡ ਸਬੰਧੀ ਜਾਅਲੀ ਦਸਤਾਵੇਜ਼ ਨੱਥੀ ਕਰਕੇ ਫਾਈਲਾਂ ਤਿਆਰ ਕਰਵਾਈਆਂ ਸਨ। ਇਸ ਤੋਂ ਬਾਅਦ ਉਸ ਨੇ 3-4 ਦਿਨਾਂ ’ਚ ਇਨ੍ਹਾਂ ਫਾਈਲਾਂ ਦਾ ਨਿਬੇੜਾ ਕਰ ਦਿੱਤਾ ਤੇ 5,49,18,523 ਰੁਪਏ ਦੇ ਚੈੱਕ ਫਰਜ਼ੀ ਵਿਅਕਤੀਆਂ ਦੇ ਨਾਂ ’ਤੇ ਜਾਰੀ ਕੀਤੇ ਗਏ, ਜਦਕਿ ਇਹ ਵਿਅਕਤੀ ਅਸਲ ’ਚ ਮੁਆਵਜ਼ਾ ਲੈਣ ਦੇ ਹੱਕਦਾਰ ਨਹੀਂ ਸਨ।
ਪੜ੍ਹੋ ਇਹ ਖ਼ਬਰ : Panthak News: ਐਸਜੀਪੀਸੀ ਵੋਟਾਂ ਬਣਵਾਉਣ ਦੀ ਤਰੀਕ ਮੁੜ ਵਧੀ
ਉਨ੍ਹਾਂ ਅੱਗੇ ਦੱਸਿਆ ਕਿ ਇਹ ਵੀ ਪਤਾ ਲੱਗਾ ਹੈ ਕਿ ਮੁਲਜ਼ਮ ਇਕਬਾਲ ਸਿੰਘ ਸੰਧੂ ਉਕਤ ਕਥਿਤ ਮੁਲਜ਼ਮ ਮਨਜੀਤ ਸ਼ਰਮਾ ਦਾ ਕਾਫ਼ੀ ਕਰੀਬੀ ਹੈ, ਜਿਸਨੇ ਮਨਜੀਤ ਸਿੰਘ ਨੂੰ ਨਵਾਂ ਪਾਸਪੋਰਟ ਬਣਵਾਉਣ ਵਾਸਤੇ ਸਾਲ 2012 ’ਚ ਅਰਧ-ਸਰਕਾਰੀ ਪੱਤਰ (ਡੀਈ ਲੈਟਰ) ਵੀ ਦਿੱਤਾ ਸੀ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਮਾਮਲੇ ’ਚ ਹੁਣ ਤੱਕ 14 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਜਿਨ੍ਹਾਂ ’ਚ ਉਕਤ ਮਨਜੀਤ ਸ਼ਰਮਾ, ਨਗਰ ਸੁਧਾਰ ਟਰੱਸਟ ਜਲੰਧਰ ਦਾ ਮੁਲਾਜ਼ਮ ਤੇ ਵਾਸੀ ਪਿੰਡ ਬਿਲਗਾ ਜ਼ਿਲ੍ਹਾ ਜਲੰਧਰ, ਸੁਖਦੇਵ ਸਿੰਘ ਪਟਵਾਰੀ, ਪ੍ਰੇਮ ਪ੍ਰਕਾਸ਼ ਨੰਬਰਦਾਰ ਵਾਸੀ ਪਿੰਡ ਪੂਰਨਪੁਰ ਜ਼ਿਲ੍ਹਾ ਜਲੰਧਰ, ਐਡਵੋਕੇਟ ਮੋਹਿਤ ਭਾਰਦਵਾਜ ਵਾਸੀ ਨਿਊ ਸੰਤੋਖਪੁਰਾ ਜ਼ਿਲ੍ਹਾ ਜਲੰਧਰ, ਐਡਵੋਕੇਟ ਦੀਪਕ ਸਡਾਨਾ ਵਾਸੀ ਛੋਟੀ ਬਾਰਾਂਦਰੀ ਜ਼ਿਲ੍ਹਾ ਜਲੰਧਰ, ਅਮਨਦੀਪ ਸਿੰਘ ਨੰਬਰਦਾਰ ਵਾਸੀ ਨਿਊ ਸਰਜਗੰਜ ਜ਼ਿਲ੍ਹਾ ਜਲੰਧਰ, ਕੁਲਵੰਤ ਸਿੰਘ ਵਾਸੀ ਪਿੰਡ ਬਘਾਣਾ ਜ਼ਿਲ੍ਹਾ ਕਪੂਰਥਲਾ, ਜਤਿੰਦਰ ਕੁਮਾਰ ਸ਼ਰਮਾ ਵਾਸੀ ਨਿਊ ਲਕਸ਼ਮੀਪੁਰੀ, ਜ਼ਿਲ੍ਹਾ ਕਪੂਰਥਲਾ, ਤਰਲੋਕ ਸਿੰਘ ਉਰਫ਼ ਬਿੱਟੂ ਵਾਸੀ ਹਰਗੋਬਿੰਦ ਨਗਰ ਜਲੰਧਰ, ਸੰਦੀਪ ਸ਼ਰਮਾ ਵਾਸੀ ਸੰਜੇ ਗਾਂਧੀ ਕਲੋਨੀ ਜਲੰਧਰ, ਸੁਰਿੰਦਰ ਕੁਮਾਰ ਕੈਸ਼ੀਅਰ ਇੰਪਰੂਵਮੈਂਟ ਟਰੱਸਟ ਜਲੰਧਰ, ਗੁਰਦੀਪ ਸਿੰਘ ਵਾਸੀ ਪਿੰਡ ਜੰਡੂ ਸਿੰਘਾਂ ਜ਼ਿਲ੍ਹਾ ਜਲੰਧਰ, ਰਜਿੰਦਰ ਸਿੰਘ ਵਾਸੀ ਬਿਲਗਾ ਜ਼ਿਲ੍ਹਾ ਜਲੰਧਰ ਤੇ ਰਵੀ ਕੁਮਾਰ ਵਾਸੀ ਬਿਲਗਾ ਜ਼ਿਲ੍ਹਾ ਜਲੰਧਰ ਸ਼ਾਮਲ ਹਨ। ਉਨ੍ਹਾਂ ਅੱਗੇ ਦੱਸਿਆ ਕਿ ਹੋਰ ਪੁੱਛਗਿੱਛ ਲਈ ਉਕਤ ਮੁਲਜ਼ਮ ਇਕਬਾਲ ਸਿੰਘ ਸੰਧੂ (ਪੀਸੀਐੱਸ) ਦਾ ਰਿਮਾਂਡ ਲੈਣ ਲਈ ਉਸ ਨੂੰ ਭਲਕੇ ਜਲੰਧਰ ਦੀ ਅਦਾਲਤ ’ਚ ਪੇਸ਼ ਕੀਤਾ ਜਾਵੇਗਾ ਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
(For more Punjabi news apart from Retired PCS officer Iqbal Singh Sandhu arrested in land acquisition scam, stay tuned to Rozana Spokesman)