
ਮਾਣਹਾਨੀ ਦਾ ਦੋਸ਼ : ਸੁਪਰੀਮ ਕੋਰਟ ਨੇ ਪ੍ਰਸ਼ਾਂਤ ਭੂਸ਼ਣ ਨੂੰ ਇਕ ਰੁਪਏ ਦਾ ਜੁਰਮਾਨਾ ਲਾਇਆ
ਜੁਰਮਾਨਾ ਭਰਾਂਗਾ ਪਰ ਨਜ਼ਰਸਾਨੀ ਪਟੀਸ਼ਨ ਦਾ ਅਧਿਕਾਰ ਸੁਰੱਖਿਅਤ : ਭੂਸ਼ਣ
ਨਵੀਂ ਦਿੱਲੀ, 31 ਅਗੱਸਤ : ਸੁਪਰੀਮ ਕੋਰਟ ਨੇ ਅਪਰਾਧਕ ਮਾਣਹਾਨੀ ਲਈ ਦੋਸ਼ੀ ਕਰਾਰ ਦਿਤੇ ਗਏ ਕਾਰਕੁਨ ਅਤੇ ਪ੍ਰਸਿੱਧ ਵਕੀਲ ਪ੍ਰਸ਼ਾਂਤ ਭੂਸ਼ਣ ਨੂੰ ਸਜ਼ਾ ਦੇ ਰੂਪ ਵਿਚ ਇਕ ਰੁਪਏ ਦਾ ਸੰਕੇਤਕ ਜੁਰਮਾਨਾ ਲਾਇਆ ਹੈ। ਅਦਾਲਤ ਨੇ ਨਿਆਂਪਾਲਿਕਾ ਵਿਰੁਧ ਟਵਿਟਰ 'ਤੇ ਦੋ ਟਿਪਣੀਆਂ ਕਰਨ ਲਈ ਦੋਸ਼ੀ ਠਹਿਰਾਏ ਗਏ ਭੂਸ਼ਣ ਨੂੰ 15 ਸਤੰਬਰ ਤਕ ਅਦਾਲਤ ਦੀ ਰਜਿਸਟਰੀ ਵਿਚ ਜੁਰਮਾਨਾ ਭਰਨ ਦਾ ਨਿਰਦੇਸ਼ ਦਿਤਾ ਹੈ।
ਜੱਜ ਅਰੁਣ ਮਿਸ਼ਰਾ, ਜੱਜ ਬੀ ਆਰ ਗਵਈ ਅਤੇ ਜੱਜ ਕ੍ਰਿਸ਼ਨ ਮੁਰਾਰੀ ਦੇ ਬੈਂਚ ਨੇ ਭੂਸ਼ਣ ਨੂੰ ਸਜ਼ਾ ਸੁਣਾਉਂਦਿਆਂ ਕਿਹਾ ਕਿ ਜੁਰਮਾਨਾ ਰਾਸ਼ੀ ਜਮ੍ਹਾਂ ਨਾ ਕਰਨ 'ਤੇ ਉਸ ਨੂੰ ਤਿੰਨ ਮਹੀਨੇ ਦੀ ਸਾਧਾਰਣ ਕੈਦ ਭੁਗਤਣੀ ਪਵੇਗੀ ਅਤੇ ਤਿੰਨ ਸਾਲ ਤਕ ਉਸ ਦੀ ਵਕਾਲਤ 'ਤੇ ਰੋਕ ਰਹੇਗੀ। ਬੈਂਚ ਨੇ ਕਿਹਾ ਕਿ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ 'ਚ ਦਖ਼ਲ ਨਹੀਂ ਦਿਤਾ ਜਾ ਸਕਦਾ ਪਰ ਦੂਜਿਆਂ ਦੇ ਹੱਕਾਂ ਦਾ ਸਨਮਾਨ ਕਰਨਾ ਪਵੇਗਾ। ਸਿਖਰਲੀ ਅਦਾਲਤ ਨੇ 14 ਅਗੱਸਤ ਨੂੰ ਭੂਸ਼ਣ ਨੂੰ ਦੋਸ਼ੀ ਕਰਾਰ ਦਿਤਾ ਸੀ ਅਤੇ ਕਿਹਾ ਸੀ ਕਿ ਕਿ ਭੂਸ਼ਣ ਦੀਆਂ ਟਿਪਣੀਆਂ ਨੂੰ ਨਿਆਂਪਾਲਿਕਾ ਦੇ ਕੰਮਕਾਜ ਦੀ ਸਿਹਤਮੰਦ ਆਲੋਚਨਾ ਨਹੀਂ ਕਿਹਾ ਜਾ ਸਕਦਾ।
ਭੂਸ਼ਣ ਨੇ ਅਪਣੀਆਂ ਟਿਪਣੀਆਂ ਲਈ ਮਾਫ਼ੀ ਮੰਗਣ ਤੋਂ ਇਨਕਾਰ ਕਰਦਿਆਂ ਕਿਹਾ ਸੀ ਕਿ ਉਸ ਨੇ ਉਹੀ ਗੱਲਾਂ ਕਹੀਆਂ ਜਿਸ ਵਿਚ ਉਨ੍ਹਾਂ ਦਾ ਵਿਸ਼ਵਾਸ ਹੈ। ਉਧਰ, ਪ੍ਰਸ਼ਾਂਤ ਭੂਸ਼ਣ ਨੇ ਕਿਹਾ ਕਿ ਉਹ ਜੁਰਮਾਨਾ ਭਰਨਗੇ ਤੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਹੁਕਮ ਵਿਰੁਧ ਨਜ਼ਰਸਾਨੀ ਪਟੀਸ਼ਨ ਦਾਖ਼ਲ imageਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਉਹ ਨਿਆਂਪਾਲਿਕਾ ਦਾ ਸਨਮਾਨ ਕਰਦੇ ਹਨ ਅਤੇ ਉਨ੍ਹਾਂ ਦੀਆਂ ਟਿਪਣੀਆਂ ਅਦਾਲਤ ਜਾਂ ਨਿਆਂਪਾਲਿਕਾ ਦਾ ਅਪਮਾਨ ਕਰਨ ਲਈ ਨਹੀਂ ਸਨ। ਉਨ੍ਹਾਂ ਕਿਹਾ ਕਿ ਨਜ਼ਰਸਾਨੀ ਪਟੀਸ਼ਨ ਪਾਉਣ ਦਾ ਉਸ ਦਾ ਅਧਿਕਾਰ ਸੁਰੱਖਿਅਤ ਹੈ। (ਏਜੰਸੀ)