
ਹੁਣ ਬਠਿੰਡਾ ਤੇ ਭੁੱਚੋ ਮੰਡੀ 'ਚ ਵੀ ਚੜ੍ਹਿਆ ਖ਼ਾਲਿਸਤਾਨੀ ਝੰਡਾ
ਸਿੱਖਜ਼ ਫ਼ਾਰ ਜਸਟਿਸ ਵਲੋਂ ਬੰਦ ਦੇ ਸੱਦੇ ਦਾ ਨਹੀਂ ਵੇਖਣ ਨੂੰ ਮਿਲਿਆ ਅਸਰ
ਬਠਿੰਡਾ, 31 ਅਗੱਸਤ (ਸੁਖਜਿੰਦਰ ਮਾਨ) : ਸਿੱਖਾਂ ਲਈ ਵਖਰੇ ਰਾਜ ਦੀ ਮੰਗ ਨੂੰ ਜ਼ੋਰ-ਸ਼ੋਰ ਨਾਲ ਉਠਾਉਣ ਵਾਲੀ ਸਿੱਖਜ਼ ਫ਼ਾਰ ਜਸਟਿਸ ਸੰਸਥਾ ਵਲੋਂ ਅੱਜ ਪੰਜਾਬ ਬੰਦ ਦੇ ਸੱਦੇ ਦਾ ਬੇਸ਼ੱਕ ਬਠਿੰਡਾ ਵਿਚ ਅਸਰ ਦੇਖਣ ਨੂੰ ਨਹੀਂ ਮਿਲਿਆ ਪ੍ਰੰਤੂ ਬੀਤੀ ਰਾਤ ਜ਼ਿਲ੍ਹੇ ਵਿਚ ਦੋ ਥਾਵਾਂ 'ਤੇ ਖ਼ਾਲਿਸਤਾਨੀ ਝੰਡਾ ਚੜ੍ਹਾਉਣ ਦੀ ਸੂਚਨਾ ਜ਼ਰੂਰ ਹੈ। ਖ਼ਾਲਿਸਤਾਨੀ ਝੰਡਾ ਲਹਿਰਾਉਣ ਦੇ ਦੋਹਾਂ ਵਿਚੋਂ ਇਕ ਮਾਮਲੇ ਦੀ ਜਾਂਚ ਸਥਾਨਕ ਥਾਣਾ ਕੈਂਟ ਦੀ ਪੁਲਿਸ ਕਰ ਰਹੀ ਹੈ। ਉਂਜ ਬੰਦ ਦੇ ਦਿਤੇ ਸੱਦੇ ਨੂੰ ਦੇਖਦਿਆਂ ਜ਼ਿਲ੍ਹਾ ਪੁਲਿਸ ਵਲੋਂ ਵੱਖ-ਵੱਖ ਥਾਵਾਂ 'ਤੇ ਭਾਰੀ ਗਿਣਤੀ 'ਚ ਪੁਲਿਸ ਮੁਲਾਜ਼ਮ ਤੈਨਾਤ ਕੀਤੇ ਹੋਏ ਸਨ। ਸ਼ਹਿਰ ਦੇ ਕਈ ਧਾਰਮਕ ਤੇ ਭੀੜ ਭੜੱਕੇ ਵਾਲੇ ਥਾਵਾਂ 'ਤੇ ਪੁਲਿਸ ਨੇ ਡੂੰਘੀ ਨਜ਼ਰ ਬਣਾਈ ਹੋਈ ਸੀ। ਇਸ ਤੋਂ ਇਲਾਵਾ ਖ਼ੁਫ਼ੀਆ ਵਿੰਗ ਵਲੋਂ ਵੀ ਥਾਂ-ਥਾਂ ਤੋਂ ਟੋਹ ਲੈਣ ਦੀ ਕੋਸ਼ਿਸ਼ ਕੀਤੀ ਗਈ। ਪੁਲਿਸ ਅਧਿਕਾਰੀਆਂ ਮੁਤਾਬਕ ਜ਼ਿਲ੍ਹੇ ਵਿਚ ਕਿਤੇ ਵੀ ਬੰਦ ਦਾ ਅਸਰ ਨਹੀਂ ਦੇਖਣ ਨੂੰ ਮਿਲਿਆ ਤੇ ਲੋਕ ਆਮ ਦਿਨਾਂ ਦੀ ਤਰ੍ਹਾਂ ਅਪਣੇ ਕੰਮਕਾਜਾਂ ਵਿਚ ਲੱਗੇ ਰਹੇ। ਸਥਾਨਕ ਬਠਿੰਡਾ ਸ਼ਹਿਰ ਵਿਚ ਜ਼ਿਆਦਾਤਰ ਲੋਕਾਂ ਨੂੰ ਇਸ ਬੰਦ ਦੇ ਸੱਦੇ ਦੀ ਭਿਣਕ ਹੀ ਨਹੀਂ ਸੀ। ਕਈ ਲੋਕਾਂ ਨੇ ਇਸ ਬਾਰੇ ਗੱਲ ਕਰਨ 'ਤੇ ਅਣਜਾਣਤਾ ਜਾਹਰ ਕੀਤੀ। ਉਧਰ ਪਤਾ ਚਲਿਆ ਹੈ ਕਿ ਸਥਾਨਕ ਥਾਣਾ ਕੈਂਟ ਦੇ ਅਧਿਕਾਰ ਖੇਤਰ ਵਿਚ ਆਉਂਦੇ ਬਠਿੰਡਾ-ਚੰਡੀਗੜ੍ਹ ਰਾਸ਼ਟਰੀ ਰਾਜ ਮਾਰਗ 'ਤੇ ਬੀਤੀ ਰਾਤ ਕੁੱਝ ਨੌਜਵਾਨਾਂ ਵਲੋਂ ਖ਼ਾਲਿਸਤਾਨ ਦਾ ਝੰਡਾ ਚੜ੍ਹਾ ਦਿਤਾ। ਹਾਲਾਂਕਿ ਪੁਲਿਸ ਅਧਿਕਾਰੀਆਂ ਮੁਤਾਬਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਦੀ ਇਕ ਮੰਡੀ 'ਚ ਸਰਕਾਰੀ ਦਫ਼ਤਰ ਉਪਰ ਵੀ ਖ਼ਾਲਿਸਤਾਨੀ ਝੰਡਾ ਚੜ੍ਹਾਉਣ ਦੀ ਵੀimageਡੀਉ ਵਾਇਰਲ ਹੋਣ ਦੀ ਸੂਚਨਾ ਹੈ।