
ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਖਿਡਾਰਨ ਦੀ ਮਾਤਾ ਨੂੰ ਦਿੱਤਾ ਚੈੱਕ
ਚੰਡੀਗੜ੍ਹ : ਪੰਜਾਬ ਦੇ ਖੇਡ ਅਤੇ ਯੁਵਕ ਮਾਮਲੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਉਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਪੰਜਾਬਣ ਮੁੱਕੇਬਾਜ਼ ਸਿਮਰਨਜੀਤ ਕੌਰ ਨੂੰ ਪੰਜਾਬ ਸਰਕਾਰ ਵੱਲੋਂ 5 ਲੱਖ ਰੁਪਏ ਦਾ ਚੈੱਕ ਲੁਧਿਆਣਾ ਵਿਖੇ ਸਿਮਰਨਜੀਤ ਕੌਰ ਦੀ ਮਾਤਾ ਸ੍ਰੀਮਤੀ ਰਾਜਪਾਲ ਕੌਰ ਨੂੰ ਭੇਂਟ ਕੀਤਾ। ਦੱਸਣਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਕੇਬਾਜ਼ ਸਿਮਰਨਜੀਤ ਕੌਰ ਨੂੰ ਆਪਣੇ ਦਫ਼ਤਰ ਉਚੇਚੇ ਤੌਰ 'ਤੇ ਬੁਲਾਇਆ ਸੀ ਅਤੇ ਉਸ ਨੂੰ ਪੰਜਾਬ ਸਰਕਾਰ ਪਾਸੋਂ ਪੰਜ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਸੀ।
Rana Gurmeet Singh Sodhi
ਰਾਣਾ ਗੁਰਮੀਤ ਸਿੰਘ ਸੋਢੀ ਨੇ ਦੱਸਿਆ ਕਿ ਸਿਮਰਨਜੀਤ ਕੌਰ ਉਲੰਪਿਕ ਖੇਡਾਂ ਲਈ ਕੁਆਲੀਫਾਈ ਹੋਣ ਵਾਲੀ ਪਹਿਲੀ ਪੰਜਾਬਣ ਮੁੱਕੇਬਾਜ਼ ਹੈ। ਉਨ੍ਹਾਂ ਖਿਡਾਰਨ ਦੀ ਮਾਤਾ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਨਾ ਸਿਰਫ ਪੰਜਾਬ ਬਲਕਿ ਦੇਸ਼ ਨੂੰ ਉਸ ਉਪਰ ਮਾਣ ਹੈ ਜਿਸ ਨੇ ਏਸ਼ੀਆ ਓਸ਼ੈਨੀਆ ਕੁਆਲੀਫਾਈ ਮੁਕਾਬਲੇ ਵਿਚ ਚਾਂਦੀ ਦਾ ਤਮਗਾ ਜਿੱਤ ਕੇ ਦੁਨੀਆਂ ਦੇ ਸਭ ਤੋਂ ਵੱਡੇ ਖੇਡ ਮੰਚ ਵਿਚ ਹਾਜ਼ਰੀ ਭਰਨ ਦਾ ਦਾਅਵਾ ਕੀਤਾ।
Rana Gurmeet Singh Sodhi and Rajpal Kaur (mother of Simranjit Kaur)
ਉਨ੍ਹਾਂ ਕਿਹਾ ਕਿ ਇਹ ਮੁੱਕੇਬਾਜ਼ ਪੰਜਾਬ ਦੀਆਂ ਕੁੜੀਆਂ ਲਈ ਵੀ ਚਾਨਣ ਮੁਨਾਰਾ ਹੈ, ਜਿਹੜੀਆਂ ਕੁੜੀਆਂ ਮੁੱਕੇਬਾਜ਼ੀ ਖੇਡ ਵਿਚ ਆਪਣਾ ਭਵਿੱਖ ਬਣਾਉਣਾ ਚਾਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਸਾਧਾਰਣ ਪਰਿਵਾਰ ਦੀ ਧੀ ਦੀ ਇਹ ਆਸਾਧਾਰਣ ਪ੍ਰਾਪਤੀ ਹੈ ਅਤੇ ਉਸ ਨੂੰ ਅੱਗੇ ਵਧਣ ਲਈ ਸੂਬਾ ਸਰਕਾਰ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾਈ ਜਾਵੇਗੀ। ਰਾਣਾ ਸੋਢੀ ਨੇ ਸਿਮਰਨਜੀਤ ਕੌਰ ਦੀ ਉਲੰਪਿਕ ਦੀ ਤਿਆਰੀ ਦਾ ਸਮੁੱਚਾ ਖਰਚਾ ਪੰਜਾਬ ਸਰਕਾਰ ਵੱਲੋਂ ਕਰਨ ਦਾ ਵੀ ਐਲਾਨ ਕੀਤਾ।
Punjab Govt
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਲੁਧਿਆਣਾ ਦੇ ਪਿੰਡ ਚਕਰ ਦੀ ਇਸ ਮੁੱਕੇਬਾਜ਼ ਨੇ ਪਿੰਡ ਤੋਂ ਹੀ ਆਪਣਾ ਕਰੀਅਰ ਬਣਾਉਣਾ ਸ਼ੁਰੂ ਕੀਤਾ। 2013 ਵਿਚ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਮਗਾ, 2018 ਵਿਚ ਸੀਨੀਅਰ ਵਿਸ਼ਵ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਮਗਾ ਅਤੇ 2019 ਵਿਚ ਏਸ਼ੀਅਨ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਮਗਾ ਜਿੱਤਿਆ। ਮੁਹਾਲੀ ਸਥਿਤ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਵਿਖੇ ਵੀ ਇਸ ਮੁੱਕੇਬਾਜ਼ ਨੇ ਤਿਆਰੀ ਕੀਤੀ। ਮੌਜੂਦਾ ਸਮੇਂ ਇਹ ਖਿਡਾਰਨ ਉਲੰਪਿਕ ਦੀ ਤਿਆਰੀ ਵਿਚ ਰੁੱਝੀ ਹੋਈ ਹੈ।
Simranjit Kaur
ਇਸ ਮੌਕੇ ਸਿਮਰਨਜੀਤ ਕੌਰ ਦੀ ਮਾਤਾ ਰਾਜਪਾਲ ਕੌਰ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਸਿਮਰਨਜੀਤ ਕੌਰ ਸਖ਼ਤ ਮਿਹਨਤ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਉਲੰਪਿਕ ਵਿਚ ਸੋਨ ਤਗਮਾ ਜਿੱਤੇਗੀ ਅਤੇ ਪੰਜਾਬ ਦਾ ਨਾਮ ਰੌਸ਼ਨ ਕਰੇਗੀ। ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਸ. ਰਵਿੰਦਰ ਸਿੰਘ, ਸੀਨੀਅਰ ਯੂਥ ਕਾਂਗਰਸੀ ਆਗੂ ਸ. ਹਰਕਰਨ ਸਿੰਘ ਵੈਦ ਅਤੇ ਹੋਰ ਵੀ ਹਾਜ਼ਰ ਸਨ।