
ਮੁੱਖ ਮੰਤਰੀ ਨੂੰ ਮਾਰਨ ਦੀ ਧਮਕੀ ਦੇਣ ਲਈ ਗੁਰਪਤਵੰਤ ਸਿੰਘ ਪੰਨੂ ਵਿਰੁਧ ਮਾਮਲਾ ਦਰਜ
ਚੰਡੀਗੜ੍ਹ, 31 ਅਗੱਸਤ (ਸ.ਸ.ਸ.) : ਪੰਜਾਬ ਪੁਲਿਸ ਵਲੋਂ ਸੂਬੇ ਵਿਚ ਹਿੰਸਾ ਦਾ ਮਾਹੌਲ ਪੈਦਾ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਕਰਨ ਅਤੇ ਹਾਲ ਹੀ ਵਿਚ ਪੰਜਾਬ ਦੇ ਮੁੱਖ ਮੰਤਰੀ ਨੂੰ ਮਾਰਨ ਦੀ ਧਮਕੀ ਦੇਣ ਲਈ ਆਈ.ਐਸ.ਆਈ. ਤੋਂ ਸਮਰਥਨ ਪ੍ਰਾਪਤ ਖ਼ਾਲਿਸਤਾਨ ਪੱਖੀ ਗੁਰਪਤਵੰਤ ਸਿੰਘ ਪੰਨੂ ਵਿਰੁਧ ਐਫ਼.ਆਈ.ਆਰ ਦਰਜ ਕਰਨ ਤੋਂ ਬਾਅਦ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਪੰਨੂ ਨੂੰ ਸੂਬੇ ਦੀ ਸ਼ਾਂਤੀ, ਸਥਿਰਤਾ ਅਤੇ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਦੀ ਕਿਸੇ ਵੀ ਕੋਸ਼ਿਸ਼ ਵਿਰੁਧ ਕਰੜੀ ਚਿਤਾਵਨੀ ਦਿਤੀ ਹੈ |
ਇਸ ਗੱਲ 'ਤੇ ਜ਼ੋਰ ਦਿੰਦਿਆਂ ਕਿ ਪਾਬੰਦੀਸ਼ੁਦਾ ਸਿੱਖਜ਼ ਫ਼ਾਰ ਜਸਟਿਸ (ਐਸ.ਐਫ.ਜੇ) ਅਤੇ ਇਸ ਦੇ ਆਪੂੰ ਬਣੇ ਜਨਰਲ ਕੌਂਸਲ ਦੁਆਰਾ ਪੰਜਾਬ ਵਿਚ ਮਾਹੌਲ ਖ਼ਰਾਬ ਕਰਨ ਦੀ ਕਿਸੇ ਵੀ ਕੋਸ਼ਿਸ਼ ਦਾ ਉਨ੍ਹਾਂ ਦੀ ਸਰਕਾਰ ਵਲੋਂ ਕਰਾਰਾ ਜਵਾਬ ਦਿਤਾ ਜਾਵੇਗਾ | ਮੁੱਖ ਮੰਤਰੀ ਨੇ ਕਿਹਾ, Tਕਿਸੇ ਨੂੰ ਵੀ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਅਤੇ ਸਾਡੇ ਲੋਕਾਂ ਨੂੰ ਮੁੜ ਅਤਿਵਾਦ ਦੇ ਕਾਲੇ ਦਿਨਾਂ ਵਿਚ ਧਕੇਲਣ ਦੀ ਆਗਿਆ ਨਹੀਂ ਦਿਤੀ ਜਾਵੇਗੀ ਜਿਸ ਨੇ ਹਜ਼ਾਰਾਂ ਨਿਰਦੋਸ਼ਾਂ ਦੀਆਂ ਜਾਨਾਂ ਲਈਆਂ |'' ਕੈਪਟਨ ਅਮਰਿੰਦਰ ਨੇ ਕਿਹਾ ਕਿ ਐਸ.ਐਫ਼.ਜੇ ਦੀਆਂ ਮਾਹੌਲ ਖ਼ਰਾਬ ਕਰਨ ਅਤੇ ਵੰਡ ਪਾਉਣ ਦੀਆਂ ਕਾਰਵਾਈਆਂ ਦਾ ਢੁੱਕਵਾਂ ਜਵਾਬ ਦਿਤਾ ਜਾਵੇਗਾ |
ਮੁੱਖ ਮੰਤਰੀ ਵਲੋਂ ਪੰਨੂ ਨੂੰ ਇਹ ਸਖ਼ਤ ਚਿਤਾਵਨੀ ਪੰਜਾਬ ਪੁਲਿਸ ਦੁਆਰਾ ਸੋਮਵਾਰ ਨੂੰ ਐਸ.ਐਫ.ਜੇ ਦੇ ਫ਼ੇਸਬੁਕ ਪੇਜ 'ਤੇ ਪੋਸਟ ਕੀਤੇ ਗਏ ਇਕ ਵੀਡੀਉ ਰਾਹੀਂ ਮੁੱਖ ਮੰਤਰੀ ਨੂੰ ਮਾਰਨ ਦੀ ਧਮਕੀ ਦੇਣ ਦੇ ਦੋਸ਼ ਹੇਠ ਐਫ਼.ਆਈ.ਆਰ ਦਰਜ ਕਰਨ ਦੇ ਬਾਅਦ ਦਿਤੀ ਗਈ ਹੈ |
ਡੀ.ਜੀ.ਪੀ. ਦਿਨਕਰ ਗੁਪਤਾ ਨੇ ਦਸਿਆ ਕਿ ਪੰਨੂੰ, ਉਸ ਦੇ ਸਾਥੀਆਂ ਅਤੇ ਐਸ.ਐਫ.ਜੇ. ਮੈਂਬਰਾਂ ਵਿਰੁਧ ਗ਼ੈਰਕਨੂੰਨੀ ਗਤੀਵਿਧੀਆਂ (ਰੋਕੂ) ਐਕਟ, 1967 ਦੀ ਧਾਰਾ 10 (ਏ) ਅਤੇ 13 (1) ਅਤੇ ਆਈ.ਪੀ.ਸੀ. ਦੀ ਧਾਰਾ 153, 153ਏ ਅਤੇ 124ਏ ਦੇ ਅਧੀਨ ਸਟੇਟ ਸਾਈਬਰ ਕਰਾਈਮ ਪੁਲਿਸ ਸਟੇਸਨ ਐਸ.ਏ.ਐਸ ਨਗਰ ਵਿਖੇ ਐਫ਼.ਆਈ.ਆਰ (ਨੰਬਰ 34) ਦਰਜ ਕੀਤੀ ਗਈ ਹੈ | ਉਨ੍ਹਾਂ ਦਸਿਆ ਕਿ ਪੰਨੂੰ ਨੂੰ ਹਿੰਸਕ ਅਤਿਵਾਦੀ ਕਾਰਵਾਈਆਂ ਨੂੰ ਭੜਕਾਉਣ ਅਤੇ ਸੰਵਿਧਾਨ ਅਨੁਸਾਰ ਪੰਜਾਬ ਦੇ ਚੁਣੇ ਹੋਏ ਮੁੱਖ ਮੰਤਰੀ ਨੂੰ ਮਾਰਨ ਦੀ ਧਮਕੀ ਦੇਣ ਦੇ ਦੋਸ਼ ਵਿਚ ਦੋਸ਼ੀ ਪਾਇਆ ਗਿਆ ਹੈ |
28 ਅਗੱਸਤ ਨੂੰ ਪੋਸਟ ਕੀਤੀ ਗਈ ਵੀਡੀਉ ਦੀ ਮੁੱਢਲੀ ਜਾਂਚ ਦਾ ਹਵਾਲਾ ਦਿੰਦਿਆਂ ਡੀ.ਜੀ.ਪੀ ਨੇ ਕਿਹਾ ਕਿ ਉਕਤ ਵੀਡੀਉ ਤੋਂ ਮੁੱਖ ਮੰਤਰੀ ਵਿਰੁਧ ਇਕ ਅਪਰਾਧਕ ਸਾਜਸ਼ ਦਾ ਸਪੱਸ਼ਟ ਤੌਰ 'ਤੇ ਪਤਾ ਚਲਦਾ ਹੈ ਜਿਸ ਵਿਚ ਮੁੱਖ ਮੰਤਰੀ ਨੂੰ ਗੋਲੀਆਂ ਨਾਲ ਨਿਸ਼ਾਨਾ ਬਣਾਉਂਦੇ ਹੋਏ ਵਿਖਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਪੂਰੀ ਸਾਜਸ਼ ਦਾ ਪਰਦਾਫ਼ਾਸ਼ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ |
ਜ਼ਿਕਰਯੋਗ ਹੈ ਕਿ ਐਸ.ਐਫ਼.ਜੇ. ਨੇ ਜੁਲਾਈ ਵਿਚ ਹਿਮਾਚਲ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਵਿਰੁਧ ਧਮਕੀ ਦਿਤੀ ਸੀ | ਧਮਕੀ ਵਿਚ ਦਾਅਵਾ ਕੀਤਾ ਗਿਆ ਸੀ ਕਿ ਜਥੇਬੰਦੀ ਹਿਮਾਚਲ ਦੇ ਮੁੱਖ ਮੰਤਰੀ ਨੂੰ ਆਜ਼ਾਦੀ ਦਿਹਾੜੇ 'ਤੇ ਕੌਮੀ ਝੰਡਾ ਲਹਿਰਾਉਣ ਦੀ ਇਜਾਜ਼ਤ ਨਹੀਂ ਦੇਵੇਗੀ | ਹਿਮਾਚਲ ਪੁਲਿਸ ਨੇ ਉਦੋਂ ਪੰਨੂੰ ਦੇ ਵਿਰੁਧ ਐਫ਼.ਆਈ.ਆਰ ਦਰਜ ਕੀਤੀ ਸੀ |