
ਲਵਲੀ ਯੂਨੀਵਰਸਟੀ ਨੇ ਉਲੰਪਿਕ ਮੈਡਲ ਜਿੱਤਣ ਵਾਲੇ ਨੀਰਜ ਚੋਪੜਾ ਸਮੇਤ 13 ਵਿਦਿਆਰਥੀਆਂ ਨੂੰ 1.75 ਕਰੋੜ ਰੁਪਏ ਦੇ ਇਨਾਮਾਂ ਨਾਲ ਕੀਤਾ ਸਨਮਾਨਤ
ਜਲੰਧਰ/ਲੁਧਿਆਣਾ, 31 ਅਗੱਸਤ (ਪ੍ਰਮੋਦ ਕੌਸ਼ਲ) : ਲਵਲੀ ਪ੍ਰੋਫੈਸ਼ਨਲ ਯੂਨੀਵਰਸਟੀ ਨੇ ਅੱਜ ਟੋਕੀਉ ਉਲੰਪਿਕ 2020 ਵਿੱਚ ਭਾਰਤ ਦਾ ਮਾਣ ਵਧਾਉਣ ਲਈ ਨੀਰਜ ਚੋਪੜਾ ਅਤੇ ਭਾਰਤੀ ਪੁਰਸ਼ ਹਾਕੀ ਟੀਮ ਦੇ ਦਸ ਮੈਂਬਰਾਂ ਸਮੇਤ ਅਪਣੇ 13 ਵਿਦਿਆਰਥੀਆਂ ਨੂੰ ਸਨਮਾਨਤ ਕੀਤਾ। ਟੋਕੀਉ ਉਲੰਪਿਕ 2020 ਵਿਚ ਭਾਰਤ ਲਈ ਇਕਲੌਤਾ ਗੋਲਡ ਜਿੱਤਣ ਲਈ ਨੀਰਜ ਨੂੰ 50 ਲੱਖ ਰੁਪਏ ਅਤੇ ‘ਗੋਲਡ ਜੈਵਲਿਨ’ ਅਤੇ ਮਨਪ੍ਰੀਤ ਸਿੰਘ ਅਤੇ ਹਾਕੀ ਟੀਮ ਦੇ 9 ਹੋਰ ਮੈਂਬਰਾਂ ਨੂੰ 85 ਲੱਖ ਰੁਪਏ ਮਿਲੇ। ਨੀਤੀ ਆਯੋਗ ਦੇ ਸੀਈਓ ਅਮਿਤਾਭ ਕਾਂਤ ਦੇ ਨਾਲ ਮੁੱਖ ਮਹਿਮਾਨ ਦੇ ਰੂਪ ਵਿਚ ਐਲਪੀਯੂ ਨੇ ਅੱਜ ਅਪਣੇ ਉਲੰਪਿਕ ਚੈਂਪੀਅਨਸ ਨੂੰ ਯੂਨੀਵਰਸਟੀ ਵਿਚ ਉਨ੍ਹਾਂ ਦੀ ਵਾਪਸੀ ਦਾ ਜਸ਼ਨ ਮਨਾਉਣ ਲਈ ਕੈਂਪਸ ਵਿਚ ਸ਼ਾਨਦਾਰ ‘ਸਨਮਾਨ ਸਮਾਰੋਹ’ ਆਯੋਜਤ ਕੀਤਾ ਸੀ।
ਯੂਨੀਵਰਸਟੀ ਨੇ ਕਾਂਸੀ ਦਾ ਮੈਡਲ ਜੇਤੂ ਬਜਰੰਗ ਪੁਨੀਆ ਲਈ 10 ਲੱਖ ਰੁਪਏ ਦਾ ਇਨਾਮ ਅਤੇ ਪੈਰਾਲੰਪਿਕਸ ਹਾਈ ਜੰਪ ਸਿਲਵਰ ਮੈਡਲ ਜੇਤੂ ਨਿਸਾਦ ਕੁਮਾਰ ਨੂੰ 25 ਲੱਖ ਰੁਪਏ ਦੇ ਇਨਾਮ ਦਾ ਵੀ ਐਲਾਨ ਕੀਤਾ। ਇਹ ਦੋਵੇਂ ਵੀ ਯੂਨੀਵਰਸਟੀ ਦੇ ਹੀ ਵਿਦਿਆਰਥੀ ਹਨ। ਨੀਰਜ ਦੇ ਗੋਲਡ ਮੈਡਲ ਜੇਤੂ ਥ੍ਰੋ ਦੀ ਯਾਦ ਵਿਚ ਯੂਨੀਵਰਸਟੀ ਨੇ 87.58 ਮੀਟਰ ਦੇ ਵਿਸ਼ੇਸ਼ ਨੀਰਜ ਚੋਪੜਾ ਮਾਰਗ ਦਾ ਵੀ ਉਦਘਾਟਨ ਕੀਤਾ, ਜੋ ਕਿ ਐਲਪੀਯੂ ਦੇ ਵਿਸਾਲ ਖੇਡ ਕੰਪਲੈਕਸ ਵਲ ਜਾਣ ਵਾਲਾ ਮਾਰਗ ਹੈ ਜੋ ਵਿਸ਼ਵ ਪਧਰੀ ਖੇਡ ਬੁਨਿਆਦੀ ਢਾਂਚਾ ਪੇਸ਼ ਕਰਦਾ ਹੈ। ਸੜਕ ਦੀ ਦੂਰੀ ਨੀਰਜ ਦੇ ਜੇਤੂ ਉਲੰਪਿਕ ਜੈਵਲਿਨ ਦੇ ਸੁੱਟਣ ਦੀ ਦੂਰੀ ਦੇ ਬਰਾਬਰ ਹੈ। ਯੂਨੀਵਰਸਟੀ ਨੇ ਇਸ ਸਾਲ ਟੋਕੀਉ ਉਲੰਪਿਕ 2020 ਵਿਚ ਕੁਸ਼ਤੀ, ਹਾਕੀ, ਅਥਲੈਟਿਕਸ ਅਤੇ ਪੈਰਾਉਲੰਪਿਕਸ ਵਿਚ ਭਾਰਤ ਦੀ ਪ੍ਰਤੀਨਿਧਤਾ ਕਰਦੇ ਹੋਏ 14 ਵਿਦਿਆਰਥੀਆਂ ਨਾਲ ਇਕ ਅਨੋਖਾ ਰੀਕਾਰਡ ਬਣਾਇਆ ਹੈ। ਇਨ੍ਹਾਂ 14 ਵਿਚੋਂ 13 ਨੇ ਉਲੰਪਿਕ ਮੈਡਲ ਜਿੱਤ ਕੇ ਭਾਰਤ ਦਾ ਮਾਣ ਵਧਾਇਆ ਹੈ।
ਨੀਤੀ ਆਯੋਗ ਦੇ ਸੀਈਓ ਅਮਿਤਾਭ ਕਾਂਤ ਨੇ ਕਿਹਾ, “ਮੈਂ ਇਸ ਪਲ ਨੂੰ ਭਾਰਤ ਦੇ ਉਲੰਪਿਕ ਚੈਂਪੀਅਨਜ਼ ਅਤੇ ਉਨ੍ਹਾਂ ਦੇ ਐਲਪੀਯੂ ਨੂੰ ਵਧਾਈ ਦੇਣਾ ਚਾਹੁੰਦਾ ਹਾਂ। ਇਹ ਲੱਖਾਂ ਭਾਰਤੀਆਂ ਲਈ ਖ਼ੁਸ਼ੀ ਅਤੇ ਉਮੀਦ ਲਿਆਏ ਹਨ। ਯੂਨੀਵਰਸਟੀ ਵਲੋਂ ਖੇਡਾਂ ਲਈ ਕੀਤੇ ਯਤਨਾਂ ਨੂੰ ਵੇਖਣਾ ਸ਼ਲਾਘਾਯੋਗ ਹੈ।” ਉਨ੍ਹਾਂ ਅੱਗੇ ਕਿਹਾ, “ਕਿਸੇ ਵਿਅਕਤੀ ਦੇ ਸਰਬਪੱਖੀ ਵਿਕਾਸ ਲਈ ਖੇਡਾਂ ਬਹੁਤ ਮਹੱਤਵਪੂਰਨ ਹੁੰਦੀਆਂ ਹਨ। ਜਿਹੜੇ ਵਿਦਿਆਰਥੀ ਖੇਡਾਂ ਵਿਚ ਚੰਗਾ ਪ੍ਰਦਰਸ਼ਨ ਕਰਦੇ ਹਨ ਉਹ ਉਨ੍ਹਾਂ ਦੀ ਤੁਲਨਾ ਵਿਚ ਜੀਵਨ ਵਿਚ ਬਹੁਤ ਵਧੀਆ ਪ੍ਰਦਰਸ਼ਨ ਕਰਦੇ ਹਨ ਜੋ ਸਿਰਫ਼ ਪੜ੍ਹਾਈ ’ਤੇ ਧਿਆਨ ਕੇਂਦਰਤ ਕਰਦੇ ਹਨ। ਮੇਰੀ ਇੱਛਾ ਹੈ ਕਿ ਮੇਰੇ ਬੱਚੇ ਖਿਡਾਰੀ ਬਣਨ ਨਾਕਿ ਆਈਏਐਸ ਅਧਿਕਾਰੀ। ਜਦੋਂ ਅਸੀਂ ਸਾਰੇ ਇਸ ਤਰ੍ਹਾਂ ਸੋਚਣਾ ਸ਼ੁਰੂ ਕਰਾਂਗੇ ਤਾਂ ਅਸੀਂ ਭਾਰਤ ਲਈ ਬਹੁਤ ਜ਼ਿਆਦਾ ਮੈਡਲ ਲਿਆਉਣ ਦੇ ਯੋਗ ਹੋਵਾਂਗੇ।”
ਸਮਾਰੋਹ ਦੌਰਾਨ ਭਾਰਤੀ ਹਾਕੀ ਟੀਮ ਦੇ ਮੈਂਬਰਾਂ ਨੇ ਨੀਰਜ ਚੋਪੜਾ ਦੇ ਨਾਲ ਇਕ ਛੋਟਾ ਯਾਦਗਾਰੀ ਹਾਕੀ ਮੈਚ ਵੀ ਖੇਡਿਆ। ਮੈਚ ਤੋਂ ਬਾਅਦ, ਨੀਰਜ ਨੇ ਭਾਰਤੀ ਹਾਕੀ ਟੀਮ ਦੇ ਮੈਂਬਰਾਂ ਨੂੰ ਜੈਵਲਿਨ ਸੁੱਟਣ ਦੀ ਤਕਨੀਕ ਦਾ ਪ੍ਰਦਰਸ਼ਨ ਵੀ ਕੀਤਾ। ਨੀਰਜ ਨੇ ਇਕ ਜੈਵਲਿਨ ਉਤੇ ਦਸਤਖ਼ਤ ਵੀ ਕੀਤੇ ਅਤੇ ਇਸ ਨੂੰ ਐਲਪੀਯੂ ਨੂੰ ਯਾਦਗਾਰ ਵਜੋਂ ਪੇਸ਼ ਕੀਤਾ। ਭਾਰਤੀ ਹਾਕੀ ਟੀਮ ਦੇ ਮੈਂਬਰਾਂ ਨੇ ਵੀ ਯੂਨੀਵਰਸਟੀ ਨੂੰ ਅਪਣੇ ਦਸਤਖ਼ਤਾਂ ਨਾਲ ਇਕ ਹਾਕੀ ਸਟਿੱਕ ਭੇਟ ਕੀਤੀ। ਐਲਪੀਯੂ ਦੇ ਵਿਦਿਆਰਥੀ ਹਾਕੀ ਟੀਮ ਦੇ ਮੈਂਬਰਾਂ ਵਿਚ ਕੈਪਟਨ ਮਨਪ੍ਰੀਤ ਸਿੰਘ (ਐਮਬੀਏ), ਰੁਪਿੰਦਰਪਾਲ ਸਿੰਘ (ਐਮਬੀਏ), ਹਰਮਨਪ੍ਰੀਤ ਸਿੰਘ (ਐਮਬੀਏ), ਮਨਦੀਪ ਸਿੰਘ (ਬੀਏ), ਸਮਸੇਰ ਸਿੰਘ (ਐਮਬੀਏ), ਦਿਲਪ੍ਰੀਤ ਸਿੰਘ (ਬੀਏ), ਵਰੁਣ ਕੁਮਾਰ (ਐਮਬੀਏ), ਗੁਰਜੰਟ ਸਿੰਘ (ਐਮਏ. ਇਤਿਹਾਸ), ਹਾਰਦਿਕ ਸਿੰਘ (ਐਮਏ) ਅਤੇ ਸਿਮਰਨਜੀਤ ਸਿੰਘ (ਐਮਬੀਏ) ਸਾਮਲ ਹਨ।
L48_Parmod Kaushal_31_03