
ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਸੈਕਟਰ-71 ਦੇ ਇਕ ਹੋਟਲ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਗੱਲ ਕਹੀ।
ਚੰਡੀਗੜ੍ਹ: ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਸਿਰਫ਼ ਪੰਜਾਬ ਦਾ ਨਹੀਂ ਸਗੋਂ ਇਹ ਹਰਿਆਣਾ, ਦਿੱਲੀ, ਰਾਜਸਥਾਨ ਦਾ ਸਾਂਝਾ ਹੈ। ਇਹਨਾਂ ਚਾਰਾਂ ਸੂਬਿਆਂ ਦਾ ਇਸ ’ਤੇ ਬਰਾਬਰ ਹੱਕ ਹੈ। ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਸੈਕਟਰ-71 ਦੇ ਇਕ ਹੋਟਲ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਗੱਲ ਕਹੀ।
ਬੰਦੀ ਸਿੱਖਾਂ ਦੀ ਰਿਹਾਈ ਦੇ ਮਾਮਲੇ ਵਿਚ ਉਹਨਾਂ ਕਿਹਾ ਕਿ ਇਸ ਗੱਲ ਦੀ ਮੰਗ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਹੈ ਪਰ ਅਸਲ ਵਿਚ ਅੱਜ ਤੱਕ ਕਿਸੇ ਵੀ ਸਰਕਾਰ ਨੇ ਬੰਦੀ ਸਿੱਖਾਂ ਦੀ ਸੂਚੀ ਤੱਕ ਨਹੀਂ ਦਿੱਤੀ। ਕੇਂਦਰ ਸਰਕਾਰ ਇਸ ਗੰਭੀਰ ਮਾਮਲੇ ਨੂੰ ਲੈ ਕੇ ਹਮਦਰਦੀ ਜਤਾਉਂਦੀ ਹੈ। ਇੰਨਾ ਹੀ ਨਹੀਂ ਉਹਨਾਂ ਨੇ ਕਾਂਗਰਸ ਨੂੰ ਗਾਂਧੀ ਪਰਿਵਾਰ ਦੀ ਪਾਰਟੀ ਕਰਾਰ ਦਿੱਤਾ। ਇਸ ਦੇ ਨਾਲ ਹੀ ਉਹਨਾਂ ਦਾਅਵਾ ਕੀਤਾ ਕਿ ਪੰਜਾਬ ਵਿੱਚ ਭਾਜਪਾ ਦਾ ਵੋਟ ਬੈਂਕ ਵਧਿਆ ਹੈ। ਗਜੇਂਦਰ ਸ਼ੇਖਾਵਤ ਨੂੰ ਲੋਕ ਸਭਾ ਚੋਣਾਂ 2024 ਲਈ ਭਾਜਪਾ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਪੰਜ ਮਹੀਨਿਆਂ ਵਿਚ ਆਮ ਆਦਮੀ ਪਾਰਟੀ ਦੀ ਸੱਚਾਈ ਲੋਕਾਂ ਦੇ ਸਾਹਮਣੇ ਆਉਣ ਲੱਗੀ ਹੈ। ਜਿੱਥੇ ਪਹਿਲਾਂ ਪਿੰਡਾਂ ਦੇ ਲੋਕ ਆਮ ਆਦਮੀ ਪਾਰਟੀ ਦੇ ਆਗੂਆਂ 'ਤੇ ਫੁੱਲਾਂ ਦੇ ਹਾਰ ਅਤੇ ਸਿਰੋਪਾਓ ਪਾਉਂਦੇ ਸਨ। ਹੁਣ ਉਹਨਾਂ ਨੇ ਆਪਣੇ ਪਿੰਡਾਂ ਵਿਚ ਆਮ ਆਦਮੀ ਪਾਰਟੀ ਦੇ ਨੋ-ਐਂਟਰੀ ਬੋਰਡ ਲਗਾ ਦਿੱਤੇ ਹਨ।