
ਤਿਵਾੜੀ, ਥਰੂਰ, ਕਾਰਤੀ ਨੇ ਕਾਂਗਰਸ ਪ੍ਰਧਾਨ ਦੀ ਚੋਣ ਦੀ ਪ੍ਰਕਿਰਿਆ 'ਚ ਪਾਰਦਰਸ਼ਤਾ ਦੀ ਮੰਗ ਕੀਤੀ
ਨਵੀਂ ਦਿੱਲੀ, 31 ਅਗੱਸਤ : ਕਾਂਗਰਸ ਦੇ ਸੰਸਦ ਮੈਂਬਰਾਂ ਮਨੀਸ਼ ਤਿਵਾੜੀ, ਸ਼ਸ਼ੀ ਥਰੂਰ ਅਤੇ ਕਾਰਤੀ ਚਿਦੰਬਰਮ ਨੇ ਬੁਧਵਾਰ ਨੂੰ ਪਾਰਟੀ ਪ੍ਰਧਾਨ ਦੀ ਚੋਣ ਨਾਲ ਸਬੰਧਤ ਵੋਟਰ ਸੂਚੀਆਂ (ਡੈਲੀਗੇਟਾਂ) ਦਾ ਪ੍ਰਗਟਾਵਾ ਨਾ ਕੀਤੇ ਜਾਣ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਚੋਣ ਨਾਲ ਸਬੰਧਤ ਸਾਰੀ ਪ੍ਰਕਿਰਿਆ ਨਿਰਪੱਖ ਅਤੇ ਪਾਰਦਰਸ਼ੀ ਹੋਣੀ ਚਾਹੀਦੀ ਹੈ | ਤਿਵਾੜੀ ਨੇ ਕਿਹਾ ਕਿ ਡੈਲਗੇਟਾਂ ਦੀ ਸੂਚੀ ਪਾਰਟੀ ਦੀ ਵੈੱਬਸਾਈਟ 'ਤੇ ਪਾ ਦਿਤੀ ਜਾਵੇ |
ਕਾਂਗਰਸ ਦੇ 'ਜੀ23' ਗਰੁੱਪ ਦਾ ਹਿੱਸਾ ਰਹੇ ਤਿਵਾੜੀ ਨੇ ਕਿਹਾ, ''ਇਹ 28 ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਅੱਠ ਖੇਤਰੀ ਕਾਂਗਰਸ ਕਮੇਟੀਆਂ ਦੀ ਚੋਣ ਨਹੀਂ ਹੈ | ਕੋਈ ਕਿਉਂ ਪੀਸੀਸੀ ਦੇ ਦਫ਼ਤਰ ਜਾ ਕੇ ਪਤਾ ਕਰੇ ਕਿ ਨੁਮਾਇੰਦਾ ਕੌਣ ਹੈ? ਸਤਿਕਾਰ ਨਾਲ ਕਹਿਣਾ ਚਾਹੁੰਦਾ ਹਾਂ ਕਿ ਕਲੱਬ ਚੋਣਾਂ ਵਿਚ ਵੀ ਅਜਿਹਾ ਨਹੀਂ ਹੁੰਦਾ |'' ਤਿਵਾੜੀ ਨੇ ਕਿਹਾ ਕਿ ਜੇਕਰ ਕੋਈ ਚੋਣ ਲੜਨਾ ਚਾਹੁੰਦਾ ਹੈ ਅਤੇ ਇਹ ਨਹੀਂ ਜਾਣਦਾ ਕਿ ਨੁਮਾਇੰਦੇ ਕੌਣ ਹਨ, ਤਾਂ ਉਹ ਨਾਮਜ਼ਦਗੀ ਕਿਵੇਂ ਭਰੇਗਾ ਕਿਉਂਕਿ ਉਸ ਨੂੰ ਪ੍ਰਸਤਾਵਕ ਵਜੋਂ ਕਾਂਗਰਸ ਦੇ 10 ਨੁਮਾਇੰਦਿਆਂ ਦੀ ਲੋੜ ਹੋਵੇਗੀ | ਉਨ੍ਹਾਂ ਕਿਹਾ ਕਿ ਜੇਕਰ ਕੋਈ 10 ਪ੍ਰਸਤਾਵਕ ਨਹੀਂ ਹਨ ਤਾਂ ਨਾਮਜ਼ਦਗੀ ਰੱਦ ਕਰ ਦਿਤੀ ਜਾਵੇਗੀ | ਦੂਜੇ ਪਾਸੇ ਕਾਂਗਰਸ ਪ੍ਰਧਾਨ ਦੀ ਚੋਣ ਲੜਨ ਬਾਰੇ ਵਿਚਾਰ ਕਰ ਰਹੇ ਪਾਰਟੀ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਤਿਵਾੜੀ ਦੀ ਗੱਲ ਨਾਲ ਸਹਿਮਤ ਹੁੰਦਿਆਂ ਕਿਹਾ ਕਿ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੌਣ ਵੋਟ ਪਾ ਸਕਦਾ ਹੈ | ਉਨ੍ਹਾਂ ਨੇ ਤਿਰੂਵਨੰਤਪੁਰਮ 'ਚ ਪੱਤਰਕਾਰਾਂ ਨੂੰ ਕਿਹਾ, ''ਮੈਨੂੰ ਲਗਦਾ ਹੈ ਕਿ ਵੋਟਰ ਸੂਚੀਆਂ ਵਿਚ ਪਾਰਦਰਸ਼ਤਾ ਹੋਣੀ ਜ਼ਰੂਰੀ ਹੈ | ਜੇਕਰ ਮਨੀਸ਼ ਨੇ ਇਸ ਦੀ ਮੰਗ ਕੀਤੀ ਹੈ, ਤਾਂ ਮੈਨੂੰ ਯਕੀਨ ਹੈ ਕਿ ਸਾਰੇ ਸਹਿਮਤ ਹੋਣਗੇ | ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੌਣ ਨਾਮਜ਼ਦ ਕਰ ਸਕਦਾ ਹੈ ਅਤੇ ਕੌਣ ਵੋਟ ਕਰ ਸਕਦਾ ਹੈ |'' ਕਾਂਗਰਸ ਦੇ ਸੰਸਦ ਮੈਂਬਰ ਕਾਰਤੀ ਚਿਦੰਬਰਮ ਨੇ ਵੀ ਤਿਵਾੜੀ ਦੀ ਰਾਏ ਦਾ ਸਮਰਥਨ ਕੀਤਾ ਅਤੇ ਕਿਹਾ ਕਿ ਹਰ ਚੋਣ ਲਈ ਇਕ ਚੰਗੀ ਤਰ੍ਹਾਂ ਪਰਿਭਾਸ਼ਿਤ ਚੋਣ ਮੰਡਲ ਹੋਣਾ ਚਾਹੀਦਾ | ਉਨ੍ਹਾਂ ਟਵੀਟ ਕੀਤਾ, ''ਹਰ ਚੋਣ ਲਈ ਚੰਗੀ ਤਰ੍ਹਾਂ ਪਰਿਭਾਸ਼ਿਤ ਅਤੇ ਸਪੱਸ਼ਟ ਚੋਣ ਮੰਡਲ ਹੋਣਾ ਚਾਹੀਦਾ ਹੈ | ਚੋਣ ਮੰਡਲ ਤੈਅ ਕਰਨ ਦੀ ਪ੍ਰਕਿਰਿਆ ਵੀ ਸਪੱਸ਼ਟ, ਚੰਗੀ ਤਰ੍ਹਾਂ ਪਰਿਭਾਸ਼ਿਤ ਅਤੇ ਪਾਰਦਰਸ਼ੀ ਹੋਣੀ ਚਾਹੀਦੀ ਹੈ | ਗ਼ੈਰ-ਰਸਮੀ ਚੋਣ ਮੰਡਲ ਕੋਈ ਚੋਣ ਮੰਡਲ ਨਹੀਂ ਹੁੰਦਾ |''
ਕਾਰਤੀ ਚਿਦੰਬਰਮ ਨੇ ਕਿਹਾ, Tਹਰ ਖੇਤਰ ਵਿਚ ਪ੍ਰਾਇਮਰੀ ਹੋਣੀ ਚਾਹੀਦੀ ਹੈ, ਪਰ ਇਸਦੇ ਲਈ ਇਕ ਪਰਿਭਾਸ਼ਿਤ ਅਤੇ ਪਾਰਦਰਸੀ ਮੈਂਬਰ ਸੂਚੀ ਜ਼ਰੂਰੀ ਹੈ | ਅੱਜ ਅਸੀਂ ਮੈਂਬਰਾਂ ਦੀ ਗਿਣਤੀ ਦਾ ਦਾਅਵਾ ਕਰਦੇ ਹਾਂ, ਪਰ ਕਿਸੇ ਨੇ ਵੀ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ |'' (ਏਜੰਸੀ)