ਹੜ੍ਹਾਂ ਤੋਂ ਪ੍ਰਭਾਵਿਤ 15688 ਵਿਅਕਤੀਆਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ: ਹਰਦੀਪ ਸਿੰਘ ਮੁੰਡੀਆਂ
Published : Sep 1, 2025, 7:54 pm IST
Updated : Sep 1, 2025, 7:54 pm IST
SHARE ARTICLE
15688 flood-affected people were evacuated to safe places: Hardeep Singh Mundian
15688 flood-affected people were evacuated to safe places: Hardeep Singh Mundian

ਸੂਬੇ ਭਰ ਵਿੱਚ 2.56 ਲੱਖ ਤੋਂ ਵੱਧ ਲੋਕ ਪ੍ਰਭਾਵਿਤ; ਜੰਗੀ ਪੱਧਰ 'ਤੇ ਰਾਹਤ ਤੇ ਮੁੜ-ਵਸੇਬਾ ਕਾਰਜ ਜਾਰੀ

ਚੰਡੀਗੜ੍ਹ : ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਨੇ ਅੱਜ ਇਥੇ ਦੱਸਿਆ ਕਿ ਸੂਬੇ ਵਿੱਚ ਲਗਾਤਾਰ ਮੀਂਹ ਅਤੇ ਹੜ੍ਹਾਂ ਨੇ ਵੱਡੀ ਤਬਾਹੀ ਮਚਾਈ ਹੈ, ਜਿਸ ਨਾਲ ਮਨੁੱਖੀ ਜਾਨਾਂ, ਜਾਇਦਾਦ, ਫਸਲਾਂ, ਪਸ਼ੂਧਨ ਅਤੇ ਬੁਨਿਆਦੀ ਢਾਂਚੇ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ ਪਰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਜਿਹੇ ਹਾਲਾਤ ਨਾਲ ਨਜਿੱਠਣ ਅਤੇ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਰਾਹਤ ਪ੍ਰਦਾਨ ਕਰਨ ਲਈ ਦਿਨ-ਰਾਤ ਅਣਥੱਕ ਮਿਹਨਤ ਕਰ ਰਹੀ ਹੈ।

ਰਾਹਤ ਕਾਰਜਾਂ ਦੇ ਵੇਰਵੇ ਦਿੰਦਿਆਂ ਮਾਲ ਮੰਤਰੀ ਨੇ ਕਿਹਾ ਕਿ ਪੰਜਾਬ ਹੜ੍ਹ ਦੀ ਸਥਿਤੀ ਨਾਲ ਜੂਝ ਰਿਹਾ ਹੈ ਅਤੇ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਵੱਡੇ ਪੱਧਰ 'ਤੇ ਰਾਹਤ ਕਾਰਜ ਜਾਰੀ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਿਆਂ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ, ਹੁਣ ਤੱਕ ਕੁੱਲ 15688 ਵਿਅਕਤੀਆਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ। ਗੁਰਦਾਸਪੁਰ ਤੋਂ 5549 ਲੋਕਾਂ, ਫਿਰੋਜ਼ਪੁਰ ਤੋਂ 3321, ਫਾਜ਼ਿਲਕਾ ਤੋਂ 2049, ਪਠਾਨਕੋਟ ਤੋਂ 1139, ਅੰਮ੍ਰਿਤਸਰ ਤੋਂ 1700 ਅਤੇ ਹੁਸ਼ਿਆਰਪੁਰ ਤੋਂ 1052 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ। ਇਸ ਤੋਂ ਇਲਾਵਾ ਬਰਨਾਲਾ ਤੋਂ 25, ਕਪੂਰਥਲਾ ਤੋਂ 515, ਤਰਨ ਤਾਰਨ ਤੋਂ 60, ਮੋਗਾ ਤੋਂ 115 ਅਤੇ ਮਾਨਸਾ ਤੋਂ 163 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ।

ਸ. ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਰਾਹਤ ਅਤੇ ਮੁੜ-ਵਸੇਬਾ ਕਾਰਜ ਪੂਰੇ ਜ਼ੋਰਾਂ 'ਤੇ ਚੱਲ ਰਹੇ ਹਨ ਅਤੇ ਬੇਘਰ ਪਰਿਵਾਰਾਂ ਨੂੰ ਤੁਰੰਤ ਠਾਹਰ ਦੇਣ ਲਈ ਪੰਜਾਬ ਭਰ ਵਿੱਚ 129 ਕੈਂਪ ਸਥਾਪਤ ਕੀਤੇ ਗਏ ਹਨ। ਇਨ੍ਹਾਂ ਵਿੱਚ ਅੰਮ੍ਰਿਤਸਰ ਵਿੱਚ 16 ਕੈਂਪ, ਬਰਨਾਲਾ ਵਿੱਚ 1, ਫਾਜ਼ਿਲਕਾ ਵਿੱਚ 10, ਫਿਰੋਜ਼ਪੁਰ ਵਿੱਚ 8, ਗੁਰਦਾਸਪੁਰ ਵਿੱਚ 25, ਹੁਸ਼ਿਆਰਪੁਰ ਵਿੱਚ 20, ਕਪੂਰਥਲਾ ਵਿੱਚ 4, ਮਾਨਸਾ ਵਿੱਚ 1, ਮੋਗਾ ਵਿੱਚ 9, ਪਠਾਨਕੋਟ ਵਿੱਚ 14, ਸੰਗਰੂਰ ਵਿੱਚ 1 ਅਤੇ ਜ਼ਿਲ੍ਹਾ ਪਟਿਆਲਾ ਵਿੱਚ 20 ਕੈਂਪ ਸ਼ਾਮਲ ਹਨ। ਉਨ੍ਹਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਨ੍ਹਾਂ ਕੇਂਦਰਾਂ ਵਿੱਚ ਲੋੜੀਂਦਾ ਭੋਜਨ, ਡਾਕਟਰੀ ਸਹਾਇਤਾ ਅਤੇ ਜ਼ਰੂਰੀ ਸਹੂਲਤਾਂ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।

ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਸੂਬੇ ਭਰ ਵਿੱਚ ਕੁੱਲ 7144 ਵਿਅਕਤੀਆਂ ਨੂੰ ਰਾਹਤ ਕੈਂਪਾਂ ਵਿੱਚ ਠਹਿਰਾਇਆ ਗਿਆ ਹੈ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਵਿਅਕਤੀ ਫਿਰੋਜ਼ਪੁਰ (3987), ਫਾਜ਼ਿਲਕਾ (1201), ਹੁਸ਼ਿਆਰਪੁਰ (478), ਪਠਾਨਕੋਟ (411), ਗੁਰਦਾਸਪੁਰ (424), ਅੰਮ੍ਰਿਤਸਰ (170), ਮਾਨਸਾ (163), ਮੋਗਾ (115), ਕਪੂਰਥਲਾ (110), ਸੰਗਰੂਰ (60) ਅਤੇ ਬਰਨਾਲਾ ਵਿੱਚ 25 ਵਿਅਕਤੀਆਂ ਨੂੰ ਰਾਹਤ ਕੈਂਪਾਂ ਵਿੱਚ ਠਹਿਰਾਇਆ ਗਿਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਸੂਬੇ ਦੇ 12 ਜ਼ਿਲ੍ਹਿਆਂ ਦੇ ਕੁੱਲ 1044 ਪਿੰਡ ਪ੍ਰਭਾਵਿਤ ਹੋਏ ਹਨ। ਜ਼ਿਲ੍ਹਾਵਾਰ ਵੇਰਵਿਆਂ ਅਨੁਸਾਰ ਅੰਮ੍ਰਿਤਸਰ ਦੇ (88 ਪਿੰਡ), ਬਰਨਾਲਾ (24), ਫਾਜ਼ਿਲਕਾ (72), ਫਿਰੋਜ਼ਪੁਰ (76), ਗੁਰਦਾਸਪੁਰ (321), ਹੁਸ਼ਿਆਰਪੁਰ (94), ਜਲੰਧਰ (55), ਕਪੂਰਥਲਾ (115), ਮਾਨਸਾ (77), ਮੋਗਾ (39), ਪਠਾਨਕੋਟ (82) ਅਤੇ ਐਸ.ਏ.ਐਸ ਨਗਰ ਦਾ (1) ਪਿੰਡ ਪ੍ਰਭਾਵਿਤ ਹੋਇਆ ਹੈ।

ਸ. ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰਾਂ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹੜ੍ਹਾਂ ਕਾਰਨ ਕੁੱਲ 2,56,107 ਲੋਕ ਪ੍ਰਭਾਵਿਤ ਹੋਏ ਹਨ। ਸਭ ਤੋਂ ਵੱਧ ਮਾਰ ਗੁਰਦਾਸਪੁਰ ਜ਼ਿਲ੍ਹੇ ਨੂੰ ਪਈ ਹੈ ਜਿੱਥੇ 1,45,000 ਲੋਕ ਪ੍ਰਭਾਵਿਤ ਹੋਏ ਹਨ। ਇਸ ਦੇ ਨਾਲ ਹੀ ਅੰਮ੍ਰਿਤਸਰ ਵਿੱਚ 35000, ਫਿਰੋਜ਼ਪੁਰ ਵਿੱਚ 24015 ਅਤੇ ਫਾਜ਼ਿਲਕਾ ਵਿੱਚ 21562 ਲੋਕ ਪ੍ਰਭਾਵਿਤ ਹੋਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਪਠਾਨਕੋਟ ਵਿੱਚ ਵੀ 15053 ਵਿਅਕਤੀ ਪ੍ਰਭਾਵਿਤ ਹੋਏ ਹਨ ਜਦੋਂ ਕਿ ਐਸ.ਏ.ਐਸ. ਨਗਰ ਅਤੇ ਕਪੂਰਥਲਾ ਵਿੱਚ ਕ੍ਰਮਵਾਰ 7000 ਅਤੇ 5650 ਲੋਕ ਪ੍ਰਭਾਵਿਤ ਹੋਏ ਹਨ। ਹੋਰਨਾਂ ਘੱਟ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਬਰਨਾਲਾ 'ਚ (59), ਮਾਨਸਾ (163), ਜਲੰਧਰ (653), ਮੋਗਾ (800) ਅਤੇ ਹੁਸ਼ਿਆਰਪੁਰ 'ਚ (1152) ਵਿਅਕਤੀ ਪ੍ਰਭਾਵਿਤ ਹੋਏ ਹਨ।

ਫ਼ੌਜ ਦੀ ਤਾਇਨਾਤੀ ਬਾਰੇ ਮਾਲ ਮੰਤਰੀ ਨੇ ਦੱਸਿਆ ਕਿ ਕਈ ਏਜੰਸੀਆਂ ਸਹਾਇਤਾ ਪ੍ਰਦਾਨ ਕਰ ਰਹੀਆਂ ਹਨ। ਸੂਬੇ ਵਿੱਚ ਐਨ.ਡੀ.ਆਰ.ਐਫ ਦੀਆਂ ਕੁੱਲ 20 ਟੀਮਾਂ ਵਿੱਚੋਂ ਪਠਾਨਕੋਟ ਵਿੱਚ (1), ਗੁਰਦਾਸਪੁਰ (6), ਅੰਮ੍ਰਿਤਸਰ (6), ਫਿਰੋਜ਼ਪੁਰ (3), ਫਾਜ਼ਿਲਕਾ (3) ਅਤੇ ਬਠਿੰਡਾ ਵਿੱਚ (1) ਟੀਮ ਤਾਇਨਾਤ ਕੀਤੀ ਗਈ ਹੈ। ਹਵਾਈ ਸੈਨਾ, ਜਲ ਸੈਨਾ ਅਤੇ ਫੌਜ ਦੀਆਂ 10 ਟੁਕੜੀਆਂ ਤਾਇਨਾਤ ਕਰਨ ਦੇ ਨਾਲ-ਨਾਲ 8 ਟੁਕੜੀਆਂ ਨੂੰ ਪੂਰੀ ਤਰ੍ਹਾਂ ਤਿਆਰ ਰੱਖਿਆ ਗਿਆ ਹੈ। ਇਸ ਦੇ ਨਾਲ ਹੀ 2 ਇੰਜੀਨੀਅਰ ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਭਾਰਤੀ ਹਵਾਈ ਸੈਨਾ ਅਤੇ ਭਾਰਤੀ ਫੌਜ ਦੇ ਲਗਭਗ 35 ਹੈਲੀਕਾਪਟਰ ਬਚਾਅ ਅਤੇ ਰਾਹਤ ਕਾਰਜਾਂ ਲਈ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਵਾਧੂ ਸਹਾਇਤਾ ਪ੍ਰਦਾਨ ਕਰਨ ਲਈ ਬੀ.ਐਸ.ਐਫ. ਯੂਨਿਟਾਂ ਨੂੰ ਤਾਇਨਾਤ ਕੀਤਾ ਗਿਆ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਬਾਹਰ ਕੱਢਣ ਅਤੇ ਰਾਹਤ ਕਾਰਜਾਂ ਲਈ ਕੁੱਲ 114 ਕਿਸ਼ਤੀਆਂ ਅਤੇ ਸੂਬੇ ਦੇ 1 ਹੈਲੀਕਾਪਟਰ ਨੂੰ ਵੀ ਕੰਮ ਵਿੱਚ ਲਗਾਇਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਹੜ੍ਹਾਂ ਕਾਰਨ 1 ਅਗਸਤ ਤੋਂ 1 ਸਤੰਬਰ, 2025 ਤੱਕ 12 ਜ਼ਿਲ੍ਹਿਆਂ ਵਿੱਚ 29 ਵਿਅਕਤੀਆਂ ਦੀ ਜਾਨ ਗਈ ਹੈ। ਜ਼ਿਲ੍ਹਾਵਾਰ ਰਿਪੋਰਟ ਵਿੱਚ ਜਾਨੀ ਨੁਕਸਾਨ ਮੁਤਾਬਕ ਅੰਮ੍ਰਿਤਸਰ ਦੇ (3 ਵਿਅਕਤੀਆਂ), ਬਰਨਾਲਾ (3), ਬਠਿੰਡਾ (1), ਗੁਰਦਾਸਪੁਰ (1), ਹੁਸ਼ਿਆਰਪੁਰ (3), ਲੁਧਿਆਣਾ (3), ਮਾਨਸਾ (3), ਪਠਾਨਕੋਟ (6), ਪਟਿਆਲਾ (1), ਰੂਪਨਗਰ (3), ਐਸ.ਏ.ਐਸ. ਨਗਰ (1) ਅਤੇ ਸੰਗਰੂਰ ਦੇ (1) ਵਿਅਕਤੀ ਨੇ ਆਪਣੀ ਜਾਨ ਗੁਆਈ ਹੈ। ਇਸ ਤੋਂ ਇਲਾਵਾ ਪਠਾਨਕੋਟ ਜ਼ਿਲ੍ਹੇ ਵਿੱਚ 3 ਵਿਅਕਤੀ ਲਾਪਤਾ ਹੋਏ ਹਨ।

ਮਾਲ ਮੰਤਰੀ ਨੇ ਦੱਸਿਆ ਕਿ ਹੜ੍ਹਾਂ ਨੇ ਖੇਤੀਬਾੜੀ ਜ਼ਮੀਨ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ ਅਤੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੁੱਲ 94,061 ਹੈਕਟੇਅਰ ਫ਼ਸਲੀ ਰਕਬਾ ਪ੍ਰਭਾਵਿਤ ਹੋਇਆ ਹੈ। ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਅੰਮ੍ਰਿਤਸਰ (23000 ਹੈਕਟੇਅਰ), ਮਾਨਸਾ (17005 ਹੈਕਟੇਅਰ), ਕਪੂਰਥਲਾ (14934 ਹੈਕਟੇਅਰ), ਤਰਨ ਤਾਰਨ (11883 ਹੈਕਟੇਅਰ), ਫਿਰੋਜ਼ਪੁਰ (11232 ਹੈਕਟੇਅਰ), ਹੁਸ਼ਿਆਰਪੁਰ (5971 ਹੈਕਟੇਅਰ), ਜਲੰਧਰ (2800 ਹੈਕਟੇਅਰ), ਪਠਾਨਕੋਟ (2442 ਹੈਕਟੇਅਰ), ਐਸ.ਏ.ਐਸ. ਨਗਰ (2000 ਹੈਕਟੇਅਰ), ਪਟਿਆਲਾ (1450 ਹੈਕਟੇਅਰ), ਮੋਗਾ (949 ਹੈਕਟੇਅਰ), ਲੁਧਿਆਣਾ (108 ਹੈਕਟੇਅਰ), ਬਠਿੰਡਾ (97 ਹੈਕਟੇਅਰ) ਅਤੇ ਸ੍ਰੀ ਮੁਕਤਸਰ ਸਾਹਿਬ ਦੇ (84 ਹੈਕਟੇਅਰ) ਸ਼ਾਮਲ ਹਨ। ਇਸ ਤੋਂ ਇਲਾਵਾ ਘੱਟ ਪ੍ਰਭਾਵਿਤ ਖੇਤਰਾਂ ਵਿੱਚ ਫਾਜ਼ਿਲਕਾ (64 ਹੈਕਟੇਅਰ), ਗੁਰਦਾਸਪੁਰ (24 ਹੈਕਟੇਅਰ), ਐਸ.ਬੀ.ਐਸ. ਨਗਰ (7 ਹੈਕਟੇਅਰ), ਮਾਲੇਰਕੋਟਲਾ (5 ਹੈਕਟੇਅਰ), ਸੰਗਰੂਰ (3 ਹੈਕਟੇਅਰ), ਬਰਨਾਲਾ (2 ਹੈਕਟੇਅਰ) ਅਤੇ ਫ਼ਤਹਿਗੜ੍ਹ ਸਾਹਿਬ (1 ਹੈਕਟੇਅਰ) ਸ਼ਾਮਲ ਹਨ।

ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ ਸਾਰੇ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਰਾਹਤ ਸਮੱਗਰੀ ਵੰਡੀ ਜਾ ਰਹੀ ਹੈ, ਜਦੋਂ ਕਿ ਮੈਡੀਕਲ ਟੀਮਾਂ ਪ੍ਰਭਾਵਿਤ ਆਬਾਦੀ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੀਆਂ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਹਾਲੇ ਪਸ਼ੂਧਨ ਅਤੇ ਬੁਨਿਆਦੀ ਢਾਂਚੇ ਦੇ ਨੁਕਸਾਨ ਦਾ ਪਤਾ ਨਹੀਂ ਲਗਾਇਆ ਜਾ ਸਕਦਾ ਅਤੇ ਸਥਿਤੀ ਠੀਕ ਹੋਣ ਤੋਂ ਬਾਅਦ ਇਸ ਸਬੰਧੀ ਡਾਟਾ ਇਕੱਠਾ ਕੀਤਾ ਜਾਵੇਗਾ।

ਸ. ਹਰਦੀਪ ਸਿੰਘ ਮੁੰਡੀਆਂ ਨੇ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਾਰੇ ਪ੍ਰਭਾਵਿਤ ਪਰਿਵਾਰਾਂ ਨੂੰ ਤੁਰੰਤ ਰਾਹਤ ਪ੍ਰਦਾਨ ਕਰਨ ਅਤੇ ਉਨ੍ਹਾਂ ਦਾ ਮੁੜ-ਵਸੇਬਾ ਕਰਨ ਵਾਸਤੇ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਸਾਰੇ ਪ੍ਰਭਾਵਿਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਕਿ ਉਹ ਨੁਕਸਾਨ ਦਾ ਜਲਦ ਤੋਂ ਜਲਦ ਮੁਲਾਂਕਣ ਕਰਨ ਤਾਂ ਜੋ ਸਮੇਂ ਸਿਰ ਮੁਆਵਜ਼ਾ ਦਿੱਤਾ ਜਾ ਸਕੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement