
Punjab Flood Situation: ਘੱਗਰ ਦੇ ਖ਼ਤਰੇ ਦੇ ਨਿਸ਼ਾਨ ਨੇੜੇ ਪਹੁੰਚਣ ਨਾਲ ਸੰਗਰੂਰ, ਪਟਿਆਲਾ, ਮੋਹਾਲੀ ਜ਼ਿਲ੍ਹਿਆਂ 'ਚ ਵੀ ਪ੍ਰਸ਼ਾਸਨ ਚੌਕਸ
- ਮਾਨਸੂਨ ਦੇ ਮੁੜ ਸਰਗਰਮ ਹੋਣ ਨਾਲ ਪੰਜਾਬ ਵਿਚ ਹੜ੍ਹਾਂ ਦੀ ਹਾਲਤ ਹੋਰ ਵਿਗੜੀ
- ਬਿਆਸ ’ਚ ਪਾਣੀ ਚੜ੍ਹਨ ਨਾਲ ਹੁਸ਼ਿਆਰਪੁਰ ਤੇ ਕਪੂਰਥਲਾ ਜ਼ਿਲ੍ਹਿਆਂ ’ਚ ਮੁੜ ਵੱਡਾ ਖ਼ਤਰਾ ਬਣਿਆ
- ਪਹਿਲਾਂ ਹੀ ਹੜ੍ਹਾਂ ਦੀ ਵੱਡੀ ਮਾਰ ਝੱਲ ਰਹੇ ਪਠਾਨਕੋਟ, ਗੁਰਦਾਸਪੁਰ ਤੇ ਹੁਸ਼ਿਆਰਪੁਰ ਜ਼ਿਲ੍ਹਿਆਂ ’ਚ ਮੀਂਹ ਦਾ ਰੈੱਡ ਅਲਰਟ, ਰਾਵੀ ਵੀ ਮਚਾ ਰਿਹੈ ਸਰਹੱਦੀ ਖੇਤਰਾਂ ਵਿਚ ਤਬਾਹੀ
Punjab Flood Situation news in punjabi: ਪੰਜਾਬ ਵਿਚ ਮਾਨਸੂਨ ਦੇ ਮੁੜ ਸਰਗਰਮ ਹੋਣ ਬਾਅਦ ਕਈ ਜ਼ਿਲ੍ਹਿਆਂ ਵਿਚ ਪਏ ਮੀਂਹ ਨੇ ਹੜ੍ਹਾਂ ਦੀ ਹਾਲਤ ਹੋਰ ਗੰਭੀਰ ਬਣਾ ਦਿਤੀ ਹੈ। ਜਿਥੇ ਬਿਆਸ ਦਾ ਪਾਣੀ ਤਬਾਹੀ ਮਚਾ ਰਿਹਾ ਹੈ, ਉਥੇ ਘੱਗਰ ਦਰਿਆ ਵੀ ਖ਼ਤਰੇ ਦੇ ਨਿਸ਼ਾਨ ਨੇੜੇ ਪਹੁੰਚਣ ਤੇ ਮੀਂਹ ਜਾਰੀ ਰਹਿਣ ਨਾਲ ਸੰਗਰੂਰ ਤੇ ਪਟਿਆਲਾ ਜ਼ਿਲ੍ਹਿਆਂ ਵਿਚ ਵੀ ਹੜ੍ਹਾਂ ਦਾ ਖ਼ਤਰਾ ਪੈਦਾ ਹੋ ਗਿਆ ਹੈ। ਸੰਗਰੂਰ ਦੇ ਖਨੌਰੀ ਖੇਤਰ ਵਿਚ ਘੱਗਰ ਦਾ ਪਾਣੀ ਖੇਤਾਂ ਵਿਚ ਆਉਣ ਬਾਅਦ ਪਟਿਆਲਾ ਜ਼ਿਲ੍ਹੇ ਵਿਚ ਵੀ ਪ੍ਰਸ਼ਾਸਨ ਨੇ ਘੱਗਰ ਨਾਲ ਲਗਦੇ ਇਲਾਕਿਆਂ ਵਿਚ ਚੌਕਸੀ ਵਧਾ ਦਿਤੀ ਹੈ।
ਜਿਥੇ 8 ਜ਼ਿਲ੍ਹਿਆਂ ਦੇ ਹੜ੍ਹਾਂ ਨਾਲ ਜ਼ਿਆਦਾ ਪ੍ਰਭਾਵਤ ਹੋਣ ਨਾਲ ਫ਼ਸਲਾਂ, ਘਰਾਂ ਆਦਿ ਦਾ ਭਾਰੀ ਨੁਕਸਾਨ ਹੋਇਆ ਹੈ, ਉਥੇ ਹੁਣ ਮੌਤਾਂ ਦੀ ਗਿਣਤੀ ਵੀ ਹੋਰ ਵਧੀ ਹੈ। ਬੀਤੇ 24 ਘੰਟੇ ਦੌਰਾਨ ਮੀਂਹ ਅਤੇ ਹੜ੍ਹਾਂ ਦੇ ਪਾਣੀ ਕਾਰਨ ਘਰਾਂ ਦੀਆਂ ਛੱਤਾਂ ਡਿੱਗਣ ਨਾਲ ਦੋ ਔਰਤਾਂ ਦੀ ਮੌਤ ਦੀ ਖ਼ਬਰ ਹੈ। ਇਕ ਮੌਤ ਫ਼ਾਜ਼ਿਲਕਾ ਅਤੇ ਇਕ ਸੰਗਰੂਰ ਜ਼ਿਲ੍ਹੇ ਵਿਚ ਹੋਈ ਹੈ। ਭਾਵੇਂ ਸਰਕਾਰੀ ਤੌਰ ’ਤੇ ਮੌਤਾਂ ਦਾ ਅੰਕੜਾ ਹਾਲੇ ਨਹੀਂ ਦਸਿਆ ਜਾ ਰਿਹਾ ਪਰ ਵੱਖ ਵੱਖ ਜ਼ਿਲ੍ਹਿਆਂ ਦੀ ਜਾਣਕਾਰੀ ਮੁਤਾਬਕ ਦੋ ਹੋਰ ਮੌਤਾਂ ਹੋਣ ਨਾਲ ਹੁਣ ਮਰਨ ਵਾਲਿਆਂ ਦੀ ਗਿਣਤੀ 27 ਤਕ ਪਹੁੰਚ ਗਈ ਹੈ।
ਕਈ ਵਿਅਕਤੀ ਪਾਣੀ ਵਿਚ ਰੁੜ੍ਹਨ ਕਾਰਨ ਲਾਪਤਾ ਵੀ ਹਨ। ਜਿਨ੍ਹਾਂ ਦੇ ਜ਼ਿੰਦਾ ਜਾਂ ਮੌਤ ਦੀ ਹਾਲੇ ਕੋਈ ਪੁਸ਼ਟੀ ਨਹੀਂ। ਘੱਗਰ ਵਿਚ ਪਾਣੀ ਦੇ ਖ਼ਤਰੇ ਦਾ ਨਿਸ਼ਾਨ 748 ਫੁੱਟ ਹੈ ਜਦਕਿ ਇਸ ਸਮੇਂ 745 ਤਕ ਪਾਣੀ ਪਹੁੰਚ ਚੁੱਕਾ ਹੈ। ਉਧਰ ਮੌਸਮ ਵਿਭਾਗ ਨੇ 9 ਜ਼ਿਲ੍ਹਿਆਂ ਵਿਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਜਦਕਿ ਪਹਿਲਾਂ ਹੀ ਬੁਰੀ ਤਰ੍ਹਾਂ ਹੜ੍ਹਾਂ ਦੀ ਮਾਰ ਝੱਲ ਰਹੇ ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ।
ਅੱਜ ਵੀ ਬਠਿੰਡਾ, ਸੰਗਰੂਰ, ਮਾਨਸਾ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਜਲੰਧਰ, ਲੁਧਿਆਣਾ, ਪਟਿਆਲਾ, ਮੋਹਾਲੀ, ਰੋਪੜ ਤੇ ਫ਼ਤਿਹਗੜ੍ਹ ਜ਼ਿਲ੍ਹਿਆਂ ਵਿਚ ਰੁਕ ਰੁਕ ਕੇ ਮੀਂਹ ਪੈ ਰਿਹਾ ਹੈ। ਇਸ ਨਾਲ ਜਿਥੇ ਹੜ੍ਹਾਂ ਦੀ ਹਾਲਤ ਹੋਰ ਗੰਭੀਰ ਬਣੀ ਹੈ, ਉਥੇ ਚਲ ਰਹੇ ਰਾਹਤ ਕਾਰਜਾਂ ਵਿਚ ਵੀ ਵਿਘਨ ਪੈ ਰਿਹਾ ਹੈ। ਬਿਆਸ ਦਰਿਆ ਵਿਚ ਵੀ 2.35 ਲੱਖ ਕਿਊਸਿਕ ਪਾਣੀ ਵਧਿਆ ਹੈ। ਬਿਆਸ ਦੇ ਚੜ੍ਹਨ ਨਾਲ ਹੁਸ਼ਿਆਰਪੁਰ ਤੇ ਕਪੂਰਥਲਾ ਜ਼ਿਲ੍ਹੇ ਦੇ ਦਰਿਆ ਨਾਲ ਪੈਂਦੇ ਪਿੰਡਾਂ ਵਿਚ ਚੌਕਸ ਕਰਦੇ ਹੋਏ ਪ੍ਰਸ਼ਾਸਨ ਵਲੋਂ ਸੁਰੱਖਿਅਤ ਥਾਵਾਂ ਉਪਰ ਜਾਣ ਲਈ ਕਿਹਾ ਗਿਆ ਹੈ।
ਟਾਂਡਾ ਨੇੜੇ ਧੁੱਸੀ ਬੰਨ੍ਹ ਟੁਟਣ ਕਾਰਨ ਰਾਵੀ ਦਾ ਪਾਣੀ ਵੀ ਅਜਨਾਲਾ ਦੇ ਸ਼ਹਿਰੀ ਖੇਤਰ ਵਿਚ ਦਾਖ਼ਲ ਹੋਇਆ ਹੈ। ਅਜਨਾਲਾ ਖੇਤਰ ਦੇ 50 ਪਿੰਡ ਬੁਰੀ ਤਰ੍ਹਾਂ ਹੜ੍ਹ ਦੀ ਮਾਰ ਹੇਠ ਹਨ। ਸਤਲੁਜ ਦਰਿਆ ਵਿਚ ਵੀ ਪਾਣੀ ਵਧਣ ਨਾਲ ਫ਼ਿਰੋਜ਼ਪੁਰ, ਫ਼ਾਜ਼ਿਲਕਾ ਆਦਿ ਜ਼ਿਲ੍ਹਿਆਂ ਵਿਚ ਖ਼ਤਰਾ ਵਧਿਆ ਹੈ। ਸਤਲੁਜ ਦੇ ਪਾਣੀ ਦੇ ਵਹਾਅ ਦਾ ਰੁਖ਼ ਬਦਲਣ ਨਾਲ ਫ਼ਿਰੋਜ਼ਪੁਰ ਦੇ ਹਬੀਬ ਪੱਤਣ ਨੇੜੇ ਧੁੱਸੀ ਬੰਨ੍ਹ ਟੁਟਣ ਦੇ ਖ਼ਤਰੇ ਬਾਅਦ ਫ਼ੌਜ ਬੁਲਾਉਣੀ ਪਈ ਹੈ। ਸੂਬੇ ਵਿਚ ਫ਼ੌਜ ਦੇ ਨਾਲ ਸਰਕਾਰ ਐਨ.ਡੀ.ਆਰ.ਐਫ਼ ਆਦਿ ਵਲੋਂ ਲੋਕਾਂ ਦੇ ਸਹਿਯੋਗ ਨਾਲ ਰਾਹਤ ਅਤੇ ਬਚਾਅ ਕਾਰਜ ਵੀ ਲਗਾਤਾਰ ਜਾਰੀ ਹਨ।
ਚੰਡੀਗੜ੍ਹ ਤੋਂ ਭੁੱਲਰ ਦੀ ਰਿਪੋਰਟ
ਹਰੀਕੇ ਹੈੱਡ ਵਰਕਸ ’ਚ ਫਿਰ ਵਧਿਆ ਪਾਣੀ ਦਾ ਪੱਧਰ, ਪਿੰਡਾਂ ਵਿਚ ਹੜ੍ਹ ਦੇ ਹਾਲਾਤ ਬੇਕਾਬੂ
ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਹੜ੍ਹ ਦੇ ਹਾਲਾਤ ਦਿਨੋ ਦਿਨ ਵਿਗੜਦੇ ਜਾ ਰਹੇ ਹਨ। ਕੱਲ ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਥੋੜ੍ਹਾ ਘਟਿਆ ਸੀ ਪਰ ਅੱਜ ਦੁਬਾਰਾ ਫਿਰ ਪਾਣੀ ਦਾ ਪੱਧਰ ਵਧਣ ਅਤੇ ਉਪਰੋਂ ਹੋ ਰਹੀ ਬਰਸਾਤ ਕਾਰਨ ਹੜ੍ਹ ਪੀੜਤਾਂ ਲਈ ਹੋਰ ਮੁਸ਼ਕਲਾਂ ਖੜੀਆਂ ਹੋ ਗਈਆਂ ਹਨ। ਕੱੁਝ ਪਰਵਾਰਾਂ ਨੇ ਹੜ੍ਹ ਤੇ ਪਾਣੀ ਤੋਂ ਬਚਣ ਲਈ ਅਪਣਾ ਸਮਾਨ ਘਰਾਂ ਦੀਆਂ ਛੱਤਾਂ ਉਪਰ ਰਖਿਆ ਹੋਇਆ ਸੀ ਜੋ ਉਪਰੋਂ ਪੈ ਰਹੀ ਬਰਸਾਤ ਕਾਰਨ ਖ਼ਰਾਬ ਹੋਣ ਲੱਗਾ ਹੈ। ਹੜ੍ਹ ’ਚ ਫਸੇ ਲੋਕਾਂ ਅਤੇ ਉਨ੍ਹਾਂ ਦੇ ਪਸ਼ੂਆਂ ਨੂੰ ਐਨਡੀਆਰਐਫ਼, ਭਾਰਤੀ ਫੌਜ ਅਤੇ ਕਈ ਸਮਾਜਸੇਵੀ ਸੰਸਥਾਵਾਂ ਵਲੋਂ ਸੁਰੱਖਿਤ ਬਾਹਰ ਕੱਢਣ ਲਈ ਦਿਨ-ਰਾਤ ਬਚਾਅ ਕਾਰਜ ਜਾਰੀ ਹਨ। ਕਈ ਇਲਾਕਿਆਂ ਵਿਚ ਕਿਸ਼ਤੀਆਂ ਦੀ ਘਾਟ ਵੀ ਸਾਹਮਣੇ ਆ ਰਹੀ ਹੈ।
ਹਰੀਕੇ ਹੈੱਡ ਤੋਂ ਅੱਗੇ ਪੈਂਦੇ ਪਿੰਡ ਫ਼ਤਿਹਗੜ੍ਹ ਸਭਰਾ, ਰਾਜੀ ਸਭਰਾ, ਦੁੱਲਾ ਸਿੰਘ ਵਾਲਾ, ਆਲੇ ਵਾਲਾ, ਫਤੈ ਵਾਲਾ, ਧੀਰਾ, ਘਾਰਾ, ਨਿਹਾਲਾ, ਲਵੇਰਾ, ਬੰਡਾਲਾ, ਕਾਲੇ ਕੇ ਹਿਠਾੜ, ਆਦਿ ਪਿੰਡਾਂ ਵਿਚ ਹੜ੍ਹ ਕਾਰਨ ਹਾਲਾਤ ਮਾੜੇ ਹਨ। ਮੌਸਮ ਵਿਭਾਗ ਵਲੋਂ ਅਗਲੇ ਦੋ ਤਿੰਨ ਦਿਨ ਮੀਂਹ ਦਾ ਅਲਰਟ ਵੀ ਜਾਰੀ ਕੀਤਾ ਹੋਇਆ ਹੈ। ਲਗਾਤਾਰ ਮੀਂਹ ਕਾਰਨ ਲੋਕਾਂ ਦੇ ਮਕਾਨਾਂ ’ਚ ਤਰੇੜਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਪ੍ਰਸ਼ਾਸਨ ਵਲੋਂ ਹੜ੍ਹ ਦੇ ਪਾਣੀ ਵਿਚ ਘਿਰੇ ਪਰਵਾਰਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕਈ ਪਰਵਾਰ ਚੋਰੀ ਦੇ ਡਰ ਕਾਰਨ ਅਪਣੇ ਘਰਾਂ ਵਿਚ ਰਹਿਣ ਲਈ ਮਜਬੂਰ ਹਨ ਅਤੇ ਅਪਣੇ ਘਰ ਦੀਆਂ ਛੱਤਾਂ ਉਪਰ ਹੀ ਅਪਣੇ ਖਾਣ ਪੀਣ ਲਈ ਭੋਜਨ ਤਿਆਰ ਕਰ ਰਹੇ ਹਨ।
ਹਰੀਕੇ ਹੈੱਡ ਵਰਕਸ ਦੇ ਵਿਭਾਗ ਕੋਲੋਂ ਮਿਲੀ ਜਾਨਕਾਰੀ ਅਨੁਸਾਰ ਐਤਵਾਰ ਨੂੰ ਸਵੇਰੇ ਅੱਪ ਸਟਰੀਮ ਵਿਚ 2 ਲੱਖ 63 ਹਜ਼ਾਰ 692 ਕਿਊਸਕ ਦੇ ਕਰੀਬ ਆਮਦ ਹੋਈ ਜਿਸ ਵਿਚੋਂ ਡਾਊਨ ਸਟਰੀਮ ਨੂੰ 2 ਲੱਖ 53 ਹਜ਼ਾਰ ਕਿਉਸਿਕ ਪਾਣੀ ਛਡਿਆ ਜਾ ਰਿਹਾ ਹੈ। ਜੇਕਰ ਆਉਣ ਵਾਲੇ ਦਿਨ੍ਹਾਂ ਵਿਚ ਬਾਰਸ਼ਾਂ ਲਗਾਤਾਰ ਜਾਰੀ ਰਹੀਆ ਤਾਂ ਦਾ ਪੱਧਰ ਹੋਰ ਵੀ ਵੱਧ ਸਕਦਾ ਹੈ ਜਿਸ ਨਾਲ ਲੋਕਾਂ ਲਈ ਵੱਧੀ ਮੁਸੀਬਤ ਖੜੀ ਹੋ ਸਕਦੀ ਹੈ।
ਮੱਲਾਂਵਾਲਾ, ਪੱਟੀ/ਹਰੀਕੇ ਪੱਤਣ ਤੋਂ ਸੁਖਵਿੰਦਰ ਸਿੰਘ, ਅਜੀਤ ਸਿੰਘ ਘਰਿਆਲਾ/ਗਗਨਦੀਪ ਸਿੰਘ/ਪ੍ਰਦੀਪ ਦੀ ਰਿਪੋਰਟ
(For more news apart from “ Punjab Flood Situation news in punjabi, ” stay tuned to Rozana Spokesman.)