
ਆਸਟ੍ਰੇਲੀਆਈ ਪੰਜਾਬੀ ਭਾਈਚਾਰੇ ਨੇ ਖੇਤੀ ਸੁਧਾਰ ਬਿਲਾਂ ਦੇ ਵਿਰੋਧ 'ਚ ਕੀਤਾ ਪ੍ਰਦਰਸ਼ਨ
ਪਰਥ, 30 ਸਤੰਬਰ (ਪਿਆਰਾ ਸਿੰਘ ਨਾਭਾ) : ਸੂਬਾ ਪੱਛਮੀ ਆਸਟ੍ਰੇਲੀਆ ਦੇ ਸ਼ਹਿਰ ਪਰਥ ਚ ਵੱਸਦੇ ਪੰਜਾਬੀ ਭਾਈਚਾਰੇ ਨੇ ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਨਵੇਂ ਖੇਤੀ ਕਾਨੂੰਨਾਂ ਨੂੰ ਪੰਜਾਬ ਅਤੇ ਬਾਕੀ ਸਬੰਧਤ ਸੂਬਿਆਂ ਦੀ ਕਿਸਾਨੀ ਤੇ ਜਵਾਨੀ ਲਈ ਤਬਾਹਕੁਨ ਦਸਿਆ।
ਪਰਥ ਦੀਆਂ ਵੱਖ ਵੱਖ ਕਲੱਬਾਂ ਅਤੇ ਸੰਸਥਾਵਾਂ ਦੇ ਅਹੁਦੇਦਾਰਾਂ ਨੇ ਮੁਲਕ ਦੀ ਕਿਸਾਨੀ ਤੇ ਅਰਥਚਾਰੇ ਨੂੰ ਬਚਾਉਣ ਸਾਰੀਆਂ ਸਿਆਸੀ ਜਮਾਤਾਂ ਤੇ ਕਿਸਾਨ ਜਥੇਬੰਦੀਆਂ ਵਲੋਂ ਪਾਸ ਖੇਤੀ ਬਿਲਾਂ ਨੂੰ ਰੱਦ ਕਰਵਾਉਣ ਲਈ ਕੀਤੇ ਜਾ ਰਹੇ ਸੰਘਰਸ਼ ਦੀ ਪੁਰਜ਼ੋਰ ਹਮਾਇਤ ਕੀਤੀ ।
ਪਰਮਿੰਦਰ ਸਿੰਘ ਨਾਭਾ ਨੇ ਕੇਂਦਰ ਸਰਕਾਰ ਵਲੋਂ ਖੇਤੀਬਾੜੀ ਸੁਧਾਰ ਬਿਲਾਂ ਨੂੰ ਲਾਗੂ ਕਰਨਾ ਸੂਬਿਆਂ ਦੇ ਅਧਿਕਾਰਾਂ ਤੇ ਸਿੱਧਾ ਹਮਲਾ ਦਸਿਆ । ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਬਣਾਏ ਤਿੰਨ ਖੇਤੀ ਵਿਰੋਧੀ ਬਿਲ ਲਾਗੂ ਹੋਣ ਦੇ ਨਾਲ ਕਿਸਾਨਾਂ ਦੀਆਂ ਫ਼ਸਲਾਂ ਵੱਡੇ ਵਪਾਰਕ ਘਰਾਣਿਆਂ ਦੀ ਝੋਲੀ ਪਾਉਣ ਲਈ ਕੇਂਦਰ ਸਰਕਾਰ ਦੀ ਘੜੀ ਨੀਤੀ ਸਾਹਮਣੇ ਆਈ ਹੈ ਇਸ ਮੌਕੇ ਪੰਜਾਬੀ ਭਾਈਚਾਰੇ ਦੇ ਨੁਮਾਇੰਦਿਆਂ ਨੇ ਮੰਗ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਖੇਤੀ ਸੁਧਾਰਾਂ ਦੇ ਨਾਂ ਤੇ ਲਿਆਂਦੇ ਗਏ ਖੇਤੀ ਕਾਨੂੰਨਾਂ ਨੂੰ ਤੁਰੰਤ ਵਾਪਸ ਲਵੇ ।