
ਕੈਪਟਨ ਸਾਡਾ ਗਰੀਨ ਗੋਲਡ, ਸਿੱਧੂ 'ਚੋਂ ਦਿਸਦੈ ਕਾਂਗਰਸ ਦਾ ਭਵਿੱਖ : ਹਰੀਸ਼ ਰਾਵਤ
ਸੀਨੀਅਰ ਕਾਂਗਰਸੀ ਆਗੂ ਨੇ ਕਿਹਾ, 'ਨਾਰਾਜ਼ ਆਗੂਆਂ ਦੀ ਗੱਲ ਨੂੰ ਅਹਿਮੀਅਤ ਦੇਣਾ ਮੇਰਾ ਮੁੱਖ ਟੀਚਾ'
ਚੰਡੀਗੜ੍ਹ, 30 ਸਤੰਬਰ (ਸਪੋਕਸਮੈਨ ਟੀ.ਵੀ.): ਖੇਤੀ ਕਾਨੂੰਨਾਂ ਨੂੰ ਲੈ ਕੇ ਜਿੱਥੇ ਪੰਜਾਬ ਅੰਦਰ ਕਿਸਾਨੀ ਸੰਘਰਸ਼ ਅਪਣੀ ਚਰਮ-ਸੀਮਾਂ 'ਤੇ ਪਹੁੰਚ ਚੁੱਕਾ ਹੈ, ਉਥੇ ਹੀ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੀਆਂ ਸਿਆਸੀ ਧਿਰਾਂ ਵੀ ਕਿਸਾਨੀ ਘੋਲ 'ਚੋਂ ਅਪਣੀ ਸਿਆਸੀ ਜ਼ਮੀਨ ਤਲਾਸ਼ਣ 'ਚ ਲੱਗੀਆਂ ਹੋਈਆਂ ਹਨ। ਸੱਤਾਧਾਰੀ ਧਿਰ ਕਾਂਗਰਸ ਜੋ ਅੰਦਰੂਨੀ ਖਿੱਚੋਤਾਣ ਕਾਰਨ ਪਹਿਲਾਂ ਹੀ ਕਈ ਸਮੱਸਿਆਵਾਂ ਨਾਲ ਜੂਝ ਰਹੀ ਸੀ, ਨੇ ਵੀ ਆਉਂਦੀਆਂ ਵਿਧਾਨ ਸਭਾ ਦੇ ਮੱਦੇਨਜ਼ਰ ਤਿਆਰੀਆਂ ਵਿੱਢ ਰੱਖੀਆਂ ਹਨ। ਇਸੇ ਨੂੰ ਵੇਖਦਿਆਂ ਕਾਂਗਰਸ ਹਾਈ ਕਮਾਂਡ ਨੇ ਇਕ ਲੰਮੇ ਸਿਆਸੀ ਤਜਰਬੇ ਵਾਲੇ ਸੀਨੀਅਰ ਕਾਂਗਰਸੀ ਆਗੂ ਹਰੀਸ਼ ਰਾਵਤ ਨੂੰ ਪੰਜਾਬ ਮਾਮਲਿਆਂ ਦਾ ਇੰਚਾਰਜ ਬਣਾ ਕੇ ਭੇਜਿਆ ਹੈ। ਤਕਰੀਬਨ ਪੰਜ ਵਾਰ ਸੰਸਦ ਮੈਂਬਰ, ਤਿੰਨ ਵਾਰ ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਦੇ ਅਹੁਦੇ 'ਤੇ ਰਹਿ ਚੁੱਕੇ ਸ੍ਰੀ ਹਰੀਸ਼ ਰਾਵਤ ਨਾਲ ਸਾਡੇ ਪੱਤਰਕਾਰ ਹਰਦੀਪ ਭੋਗਲ ਨੇ ਵਿਸ਼ੇਸ਼ ਗੱਲਬਾਤ ਕੀਤੀ।
ਕਾਂਗਰਸ ਪਾਰਟੀ ਵਲੋਂ 2022 ਦੀਆਂ ਚੋਣਾਂ ਦੇ ਮੱਦੇਨਜ਼ਰ ਚੁੱਕੇ ਜਾਣ ਵਾਲੇ ਕਦਮਾਂ ਸਬੰਧੀ ਪੁਛੇ ਸਵਾਲ ਦੇ ਜਵਾਬ 'ਚ ਹਰੀਸ਼ ਰਾਵਤ ਨੇ ਕਿਹਾ ਕਿ ਪੰਜਾਬ ਕਾਂਗਰਸ ਦੀ ਲੀਡਰਸ਼ਿਪ 'ਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ। ਖ਼ਾਸ ਕਰ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਬਲੀਅਤ ਦੇ ਉਹ ਕਾਇਲ ਹਨ। ਪਾਰਟੀ ਅੰਦਰ ਜੋ ਵੀ ਮਸਲੇ ਹਨ, ਉਨ੍ਹਾਂ ਨੂੰ ਮਿਲ ਬੈਠ ਕੇ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਇਕ ਸਰਹੱਦੀ ਸੂਬਾ ਹੈ, ਜਿੱਥੇ ਗੁਆਢੀ ਮੁਲਕ ਦੀਆਂ ਨਾਕਾਪ ਨਜ਼ਰਾਂ ਹਮੇਸ਼ਾ ਟਿੱਕੀਆਂ ਰਹਿੰਦੀਆਂ ਹਨ। ਉਪਰੋਂ ਕੇਂਦਰ ਸਰਕਾਰ ਨੇ ਕਿਸਾਨੀ 'ਤੇ ਤਿੰਨ ਕਾਲੇ ਕਾਨੂੰਨ ਥੋਪ ਦਿਤੇ ਹਨ। ਬਦਲ ਰਹੇ ਸਮੀਕਰਨਾਂ ਨੂੰ ਵੇਖਦਿਆਂ ਕਾਂਗਰਸ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਗਈ ਹੈ। ਕਿਸਾਨੀ ਦੇ ਹਿੱਤਾਂ ਨੂੰ ਸੁਰੱਖਿਅਤ ਕਰਨ ਦੇ ਨਾਲ-ਨਾਲ ਸ਼ਾਂਤੀ ਬਹਾਲੀ ਦੀ ਜ਼ਿੰਮੇਵਾਰੀ ਵੀ ਸਰਕਾਰ ਸਿਰ ਹੈ। ਇਸ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਸਥਾਨਕ ਆਗੂਆਂ ਨੂੰ ਜਿੱਥੇ ਵੀ ਮੇਰੀ ਜ਼ਰੂਰਤ ਪਵੇਗੀ, ਮੈਂ ਉਨ੍ਹਾਂ ਦੀ ਮਦਦ ਲਈ ਤਿਆਰ ਹਾਂ। ਭਾਵੇਂ ਮੈਂ ਕੋਈ ਵੱਡਾ ਸਿਆਸਤਦਾਨ ਨਹੀਂ ਹਾਂ, ਪਰ ਫਿਰ ਵੀ ਮੈਂ ਕਾਂਗਰਸੀ ਆਗੂਆਂ ਅਤੇ ਵਰਕਰਾਂ ਵਿਚਾਲੇ ਇਕ ਪੁਲ ਵਜੋਂ ਕੰਮ ਕਰਨ ਦੀ ਕੋਸ਼ਿਸ਼ ਕਰਾਂਗਾ।
ਹਰੀਸ਼ ਰਾਵਤ ਨੂੰ ਸਿਆਸਤ ਦੇ ਸ਼ੁਰੂਆਤੀ ਦੌਰ ਦੌਰਾਨ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਨੂੰ ਸਫ਼ਲਤਾ ਨਾਲ ਪਾਰ ਕਰਦਿਆਂ ਉਹ ਮੁੱਖ ਮੰਤਰੀ ਤੋਂ ਇਲਾਵਾ ਕੇਂਦਰੀ ਮੰਤਰੀ ਦੇ ਅਹੁਦੇ ਤਕ ਪਹੁੰਚੇ ਸਨ। ਪੰਜਾਬ ਦੀ ਸਥਿਤੀ ਵੀ ਇਸ ਵੇਲੇ ਅਜਿਹੀ ਹੀ ਹੈ ਜਿੱਥੇ ਬਾਗੀ ਸੁਰਾਂ ਉਠ ਰਹੀਆਂ ਹਨ। ਇਸ ਸਥਿਤੀ ਨਾਲ ਨਜਿੱਠਣ ਸਬੰਧੀ ਪੁਛੇ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਮੈਂ ਅਪਣੇ ਤਜਰਬੇ ਦੇ ਅਧਾਰ 'ਤੇ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨੂੰ ਕਹਿਣਾ ਚਾਹੁੰਦਾ ਹਾਂ ਕਿ ਸਿਆਸਤ 'ਚ ਸਾਡੇ 'ਤੇ ਕਈ ਜ਼ਿੰਮੇਵਾਰੀਆਂ ਹੁੰਦੀਆਂ ਹਨ ਪਰ ਸਾਡਾ ਪਹਿਲਾਂ ਟੀਚਾ ਪਾਰਟੀ ਦੀ ਹਰ ਹਾਲ ਬਿਹਤਰੀ ਬਾਰੇ ਸੋਚਣਾ ਹੋਣਾ ਚਾਹੀਦਾ ਹੈ। ਸੱਤਾ 'ਚ ਆਉਣ ਤੋਂ ਬਾਅਦ ਵੀ ਬਹੁਤ ਸਾਰੇ ਸਾਥੀ ਅਜਿਹੇ ਹੋ ਸਕਦੇ ਹਨ ਜੋ ਇਹ ਸੋਚਦੇ ਹਨ ਕਿ ਉਨ੍ਹਾਂ ਨੂੰ ਬਣਦਾ ਅਹੁਦਾ ਨਹੀਂ ਮਿਲਿਆ ਜਾਂ ਉਨ੍ਹਾਂ ਨੂੰ ਕਾਬਲੀਅਤ ਮੁਤਾਬਕ ਜ਼ਿੰਮੇਵਾਰੀ ਨਹੀਂ ਮਿਲੀ ਜਾਂ ਹੋਰ ਨੂੰ ਮਿਲ ਗਿਆ ਹੈ ਤੇ ਉਹ ਪਿਛੇ ਰਹਿ ਗਏ ਹਨ। ਅਜਿਹੀ ਸਥਿਤੀ ਹਰ ਪਾਰਟੀ 'ਚ ਆਉਣੀ ਸੁਭਾਵਿਕ ਹੈ। ਪਰ ਫਿਰ ਵੀ ਮੇਰੀ ਕੋਸ਼ਿਸ਼ ਇਹੀ ਹੋਵੇਗੀ ਕਿ ਜਿਨ੍ਹਾਂ ਦੀ ਆਵਾਜ਼ ਨਹੀਂ ਸੁਣੀ ਜਾ ਰਹੀ ਜਾਂ ਉਹ ਪਾਰਟੀ ਤੋਂ ਨਾਰਾਜ਼ ਹਨ, ਉਨ੍ਹਾਂ ਨੂੰ ਵੀ ਪਾਰਟੀ ਅੰਦਰ ਬਣਦਾ ਮਾਣ ਸਤਿਕਾਰ ਦਿਵਾ ਸਕਾਂ।
ਨਵਜੋਤ ਸਿੱਧੂ ਦੀ ਨਰਾਜ਼ਗੀ ਅਤੇ ਉਨ੍ਹਾਂ ਵਲੋਂ ਸਮੇਂ ਸਮੇਂ 'ਤੇ ਰੇਤ ਮਾਫੀਆ, ਕੇਵਲ ਮਾਫ਼ੀਆ ਸਮੇਤ ਉਠਾਏ ਅਨੇਕਾਂ ਮੁੱਦਿਆਂ ਦੀ ਅਣਦੇਖੀ ਸਬੰਧੀ ਪੁਛੇ ਗਏ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਸਕਦਾ ਕਿ ਉਨ੍ਹਾਂ ਦੀ ਕੋਈ ਗੱਲ ਸੁਣੀ ਨਾ ਜਾਵੇ। ਮੈਂ ਇਸ ਸਬੰਧੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਰਕਾਰ ਨੇ ਉਨ੍ਹਾਂ ਵਲੋਂ ਚੁੱਕੇ ਗਏ ਸਵਾਲਾਂ ਦੇ ਮਾਮਲੇ 'ਚ ਕਾਰਵਾਈ ਵੀ ਕੀਤੀ ਹੈ। ਪਰ ਕਈ ਵਾਰ ਹਾਲਾਤ ਹੀ ਅਜਿਹੇ ਬਣ ਜਾਂਦੇ ਹਨ ਕਿ ਸਰਕਾਰ ਚਾਹੁੰਦੇ ਹੋਏ ਵੀ ਕੁੱਝ ਕਰਨ 'ਚ ਅਸਫ਼ਲ ਰਹਿ ਜਾਂਦੀ ਹੈ। ਜਿਵੇਂ ਕੋਵਿਡ ਮਹਾਮਾਰੀ ਵਰਗੇ ਹਾਲਾਤਾਂ ਦਾ ਅਚਾਨਕ ਆ ਜਾਣ ਨਾਲ ਹੋਇਆ ਹੈ। ਸਰਕਾਰ ਅੱਗੇ ਲੋਕਾਂ ਦੀ ਜ਼ਿੰਦਗੀ ਬਚਾਉਣਾ ਵੱਡਾ ਕੰਮ ਸੀ। ਇਸੇ ਤਰ੍ਹਾਂ ਜੀ.ਐਸ.ਟੀ. ਸਮੇਤ ਹੋਰ ਕਈ ਮਸਲੇ ਹਨ ਜਿਸ 'ਚ ਕੇਂਦਰ ਨੇ ਸਾਡੇ ਨਾਲ ਵਿਤਕਰਾ ਕੀਤਾ। ਸਾਨੂੰ ਜੀ.ਐਸ.ਟੀ. ਦੇ ਪੈਸੇ ਲੈਣ 'ਚ ਦਿੱਕਤ ਹੋਈ। ਕੋਵਿਡ ਨਾਲ ਲੜਨ 'ਚ ਵੀ ਕੇਂਦਰ ਨੇ ਵਿਤਕਰਾ ਕੀਤਾ। ਇਸ ਦਾ ਸਿੱਧਾ ਅਸਰ ਪੰਜਾਬ ਦੀ ਅਰਥ ਵਿਵਸਥਾ 'ਤੇ ਪਿਆ। ਅਜਿਹੇ ਹਾਲਾਤ 'ਚ ਚਾਹੁੰਦੇ ਹੋਏ ਵੀ ਕੁੱਝ ਨਾ ਕਰ ਸਕਣ ਵਰਗੀ ਸਥਿਤੀ ਦਾ ਬਣ ਜਾਣਾ ਸੁਭਾਵਿਕ ਹੈ। ਮੈਂ ਖੁਦ ਮੁੱਖ ਮੰਤਰੀ ਦੇ ਅਹੁਦੇ 'ਤੇ ਰਿਹਾ ਹਾਂ, ਇਸ ਲਈ ਮੈਂ ਮੁੱਖ ਮੰਤਰੀ ਨੂੰ ਪੇਸ਼ ਆਉਂਦੀਆਂ ਮੁਸ਼ਕਲਾਂ ਬਾਰੇ ਭਲੀ ਭਾਂਤ ਜਾਣਦਾ ਹਾਂ। ਹੁਣ ਪੰਜਾਬ 'ਤੇ ਖੇਤੀ ਕਾਨੂੰਨਾਂ ਵਰਗੀ ਵੱਡੀ ਸਮੱਸਿਆ ਆਣ ਪਈ ਹੈ, ਜਿਸ ਲਈ ਮੁੱਖ ਮੰਤਰੀ ਨੂੰ ਭਾਰੀ ਮੁਸ਼ੱਕਤ ਕਰਨੀ ਪੈ ਰਹੀ ਹੈ।
ਕਿਸਾਨੀ ਸੰਘਰਸ਼ 'ਚ ਕਾਂਗਰਸ ਪਾਰਟੀ ਦੀ ਭੂਮਿਕਾ ਸਬੰਧੀ ਪੁਛੇ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਇਸ ਮਸਲੇ 'ਤੇ ਮੈਂ ਮੁੱਖ ਮੰਤਰੀ ਦੇ ਨਾਲ ਹਾਂ। ਮੁੱਖ ਮੰਤਰੀ ਕਿਸਾਨੀ ਮਸਲੇ ਦੇ ਹੱਲ ਲਈ ਪੂਰੀ ਤਰ੍ਹਾਂ ਸੰਜੀਦਾ ਹਨ। ਉਹ ਬੀਤੇ ਕੱਲ੍ਹ ਵੀ ਇਸ ਸਬੰਧੀ ਮੀਟਿੰਗਾਂ ਕਰਦੇ ਰਹੇ ਹਨ। ਅੱਜ ਵੀ ਉਹ ਲਗਾਤਾਰ 5 ਘੰਟੇ ਤਕ ਕੁਰਸੀ 'ਤੇ ਬੈਠੇ ਵੱਖ-ਵੱਖ ਧਿਰਾਂ ਨਾਲ ਵਿਚਾਰ-ਵਟਾਂਦਰਾ ਕਰਦੇ ਰਹੇ। ਇੱਥੋਂ ਤਕ ਕਿ ਮੈਨੂੰ ਉਨ੍ਹਾਂ ਨੂੰ ਕਹਿਣਾ ਪਿਆ ਕਿ ਇੰਨੀ ਦੇਰ ਤਕ ਬੈਠੇ ਰਹਿਣਾ ਠੀਕ ਨਹੀਂ, ਵਿਚ-ਵਿਚ ਖੜ੍ਹੇ ਹੋਣਾ ਵੀ ਜ਼ਰੂਰੀ ਹੈ, ਨਹੀਂ ਤਾਂ ਸਮੱਸਿਆ ਹੋ ਜਾਵੇਗੀ। ਉਹ ਕਿਸਾਨਾਂ ਦੀ ਸਮੱਸਿਆ ਦੇ ਹੱਲ ਲਈ ਬੜੀ ਸਜੀਦਗੀ ਨਾਲ ਲੱਗੇ ਹੋਏ ਹਨ। ਇਹ ਇਕ ਵੱਡੀ ਲੜਾਈ ਹੈ। ਇਸ 'ਚ ਪਹਿਲਾ ਟੀਚਾ ਬਿੱਲਾਂ ਨੂੰ ਲਾਗੂ ਹੋਣ ਤੋਂ ਰੋਕਣਾ ਹੈ, ਇਸ ਨੂੰ ਕਾਨੂੰਨੀ ਤਰੀਕੇ ਨਾਲ ਰੋਕਣ ਦੀ ਵੀ ਲੋੜ ਪੈ ਸਕਦੀ ਹੈ, ਜੇਕਰ ਨਹੀਂ ਵੀ ਰੁਕ ਸਕਦਾ ਤਾਂ ਘੱਟੋ ਘੱਟ ਕਿਸਾਨਾਂ ਨੂੰ ਉਨ੍ਹਾਂ ਦੀ ਕਣਕ ਅਤੇ ਝੋਨੇ ਦੀ ਫ਼ਸਲ ਦਾ ਘੱਟੋ ਘੱਟ ਸਮਰਥਨ ਮੁੱਲ 'ਤੇ ਖ਼ਰੀਦ ਦੀ ਗਾਰੰਟੀ ਲੈ ਕੇ ਦੇਣ ਵਰਗੇ ਕੰਮ ਹਨ ਜਿਸ ਸਬੰਧੀ ਰਸਤੇ ਤਲਾਸ਼ਣ ਲਈ ਮੁੱਖ ਮੰਤਰੀ ਲੱਗੇ ਹੋਏ ਹਨ।
ਕੇਂਦਰ ਵਲੋਂ ਪਾਣੀਆਂ ਸਮੇਤ ਹੋਰ ਮੁੱਦਿਆਂ 'ਤੇ ਪੰਜਾਬ ਨਾਲ ਹਮੇਸ਼ਾ ਵਿਤਕਰਾ ਹੁੰਦਾ ਰਿਹਾ ਹੈ। ਖੇਤੀਬਾੜੀ ਅਤੇ ਪਾਣੀ ਸਬੰਧੀ ਮਹਿਕਮੇ ਦੇ ਕੇਂਦਰੀ ਮੰਤਰੀ ਵਜੋਂ ਵਿਚਰਨ ਸਮੇਂ ਦੇ ਤਜਰਬੇ ਬਾਰੇ ਪੁਛਣ 'ਤੇ ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਹੈ ਕਿ ਕੇਂਦਰ ਪੰਜਾਬ ਨਾਲ ਹਮੇਸ਼ਾ ਵਿਤਕਰਾ ਕਰਦਾ ਹੈ। ਪੰਡਤ ਜਵਾਹਰ ਲਾਲ ਨਹਿਰੂ ਹੀ ਸਨ ਜਿਨ੍ਹਾਂ ਨੇ ਪੰਜਾਬ 'ਚ ਭਾਖੜਾ ਡੈਮ ਦੀ ਉਸਾਰੀ ਕਰਵਾਈ। ਉਨ੍ਹਾਂ ਨੇ ਪੰਜਾਬ ਦੇ ਮਹੱਤਵ ਨੂੰ ਸਮਝਿਆ। ਇਸੇ ਤਰ੍ਹਾਂ ਜਦੋਂ ਹਰੀ ਕ੍ਰਾਂਤੀ ਦੀ ਗੱਲ ਆਈ ਤਾਂ ਪੰਜਾਬ ਨੂੰ ਅਹਿਮੀਅਤ ਦਿਤੀ ਗਈ। ਪੰਜਾਬ ਨੂੰ ਅੰਨਦਾਤਾ ਕਿਹਾ ਜਾਂਦਾ ਹੈ। ਪੰਜਾਬ ਦੀ ਇਕ ਖ਼ਾਸੀਅਤ ਇਹ ਵੀ ਰਹੀ ਹੈ ਕਿ ਇੱਥੇ ਹੋਰ ਇੰਡਸਟਰੀ ਭਾਵੇਂ ਨਹੀਂ ਵਧੀ ਫੁਲੀ ਪਰ ਖੇਤੀਬਾੜੀ 'ਚ ਕਾਫੀ ਤਰੱਕੀ ਹੋਈ ਹੈ। ਇੱਥੋਂ ਦੀਆਂ ਅੱਧੇ ਤੋਂ ਜ਼ਿਆਦਾ ਇੰਡਸਟਰੀ ਖੇਤੀ ਨਾਲ ਸਬੰਧਤ (ਐਗਰੋ ਬੇਸਿਟ) ਹਨ। ਹੁਣ ਸਾਨੂੰ ਖੇਤੀ ਨਾਲ ਸਬੰਧਤ ਇੰਡਸਟਰੀ ਨੂੰ ਅੱਗੇ ਵਧਾਉਣਾ ਹੋਵੇਗਾ, ਖੇਤੀ ਖੇਤਰ ਨੂੰ ਵੀ ਉਚਾ ਚੁੱਕਣਾ ਹੈ। ਕਿਸਾਨਾਂ ਦੀ ਖੇਤੀ 'ਚ ਦਿਲਚਸਪੀ ਬਣੀ ਰਹੇ, ਇਸ ਨੂੰ ਵੀ ਵੇਖਣਾ ਹੋਵੇਗਾ। ਇਹ ਅਜਿਹੇ ਪਹਿਲੂ ਹਨ ਜਿਨ੍ਹਾਂ ਲਈ ਮੁੱਖ ਮੰਤਰੀ ਨੂੰ ਕਾਫ਼ੀ ਕੰਮ ਕਰਨ ਦੀ ਲੋੜ ਹੁੰਦੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਨ੍ਹਾਂ ਪਹਿਲੂਆਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਮੈਂ ਵੇਖ ਰਿਹਾ ਹਾਂ ਕਿ ਉਹ ਕੱਲ੍ਹ ਦੇ ਕਈ ਵਾਰ ਕਹਿ ਚੁੱਕੇ ਹਨ ਕਿ ਪੰਜਾਬ ਦੀ 80 ਆਬਾਦੀ ਖੇਤੀ 'ਤੇ ਨਿਰਭਰ ਹੈ, ਇਸ ਲਈ ਖੇਤੀ ਨੂੰ ਅਣਗੌਲਿਆ ਕਰਨਾ ਕਿਸੇ ਦੇ ਹਿੱਤ 'ਚ ਨਹੀਂ ਹੈ। ਸੋ ਮੈਂ ਸਭ ਨੂੰ ਕਹਿਣਾ ਚਾਹੁੰਦਾ ਹਾਂ ਕਿ ਅਮਰਿੰਦਰ ਸਿੰਘ ਜਿੱਥੇ ਪੰਜਾਬ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਲੱਭਣ 'ਚ ਕਾਮਯਾਬ ਹੋਣਗੇ, ਉਥੇ ਪੂਰੇ ਦੇਸ਼ ਦਾ ਕਿਸਾਨ ਵੀ ਉਨ੍ਹਾਂ ਵੱਲ ਵੇਖ ਰਿਹਾ ਹੈ ਕਿ ਉਹ ਇਸ ਸਮੱਸਿਆ ਦਾ ਹੱਲ ਕਿਵੇਂ ਕੱਢਦੇ ਹਨ। ਮੈਂ ਅਪਣੇ ਕਾਂਗਰਸੀ ਭਰਾਵਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਨ੍ਹਾਂ ਦੇ ਅਪਣੇ ਮਸਲੇ ਵੀ ਹੋਣਗੇ, ਪਰ ਇਸ ਸਮੇਂ ਖੁਦ ਦੇ ਮਸਲਿਆਂ ਨੂੰ ਛੱਡ ਕੇ ਸਭ ਨੂੰ ਕਿਸਾਨਾਂ ਦੇ ਪਿੱਠ 'ਤੇ ਖਲੋਣਾ ਚਾਹੀਦਾ ਹੈ। ਅਸੀਂ ਕੇਂਦਰ ਸਰਕਾਰ 'ਤੇ ਦਬਾਅ ਬਣਾ ਸਕੀਏ ਕਿ ਉਹ ਕਿਸਾਨੀ ਨੂੰ ਤਬਾਹ ਕਰਨ ਵਾਲੇ ਕਦਮਾਂ ਨੂੰ ਵਾਪਸ ਲੈਣ ਲਈ ਮਜ਼ਬੂਰ ਹੋ ਜਾਵੇ।
2022 ਦੀਆਂ ਚੋਣਾਂ ਵੇਲੇ ਕਾਂਗਰਸੀ ਮੁੱਖ ਮੰਤਰੀ ਦਾ ਚਿਹਰਾ ਕੈਪਟਨ ਅਮਰਿੰਦਰ ਸਿੰਘ ਜਾਂ ਕੋਈ ਹੋਰ ਹੋਣ ਸਬੰਧੀ ਪੁਛੇ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਇਸ ਸਬੰਧੀ ਫ਼ੈਸਲਾ ਪਾਰਟੀ ਪ੍ਰਧਾਨ ਸੋਨੀਆਂ ਗਾਂਧੀ ਅਤੇ ਡਾਕਟਰ ਮਨਮੋਹਨ ਸਿੰਘ ਵਰਗੇ ਆਗੂ ਹੀ ਕਰ ਸਕਦੇ ਹਨ। ਉਹ ਉਹੀ ਫ਼ੈਸਲਾ ਕਰਨਗੇ, ਜੋ ਕਾਂਗਰਸ ਸਮੇਤ ਪੰਜਾਬ ਦੇ ਲੋਕਾਂ ਲਈ ਸਹੀ ਹੋਵੇਗਾ। ਜੇਕਰ ਕੋਈ ਮੈਨੂੰ ਪੁਛੇ ਤਾਂ ਮੈਂ ਤਾਂ ਇਹੀ ਕਹਾਂਗਾ ਕਿ ਓਲਡ ਇਜ਼ ਗੋਲਡ। ਜਿਵੇਂ ਡਾਕਟਰ ਮਨਮੋਹਨ ਸਿੰਘ ਕੇਂਦਰ ਦੇ ਗੋਲਡ ਹਨ, ਉਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਗ੍ਰੀਨ ਗੋਲਡ ਹਨ।
ਨਵਜੋਤ ਸਿੰਘ ਸਿੱਧੂ ਨਾਲ ਉਨ੍ਹਾਂ ਦਾ ਰਾਬਤਾ ਹੋਣ ਸਬੰਧੀ ਪੁਛੇ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਜੇਕਰ ਸਿੱਧੂ ਦੇ ਅਸਤੀਫ਼ੇ ਸਮੇਂ ਮੈਂ ਕੁੱਝ ਕਰ ਸਕਣ ਦੀ ਹਾਲਤ 'ਚ ਹੁੰਦਾ ਤਾਂ ਮੈਂ ਨਾ ਹੀ ਨਵਜੋਤ ਸਿੰਘ ਸਿੱਧੂ ਨੂੰ ਵਜ਼ਾਰਤ 'ਚੋਂ ਬਾਹਰ ਜਾਣ ਦਿੰਦਾ ਅਤੇ ਨਾ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਕਰਨ ਦਿੰਦਾ। ਇਹ ਜੋ ਕੁੱਝ ਵੀ ਹੋਇਆ ਇਹ ਕਾਂਗਰਸ ਲਈ ਠੀਕ ਨਹੀਂ ਹੋਇਆ, ਕਿਉਂਕਿ ਨਵਜੋਤ ਸਿੱਧੂ ਜਵਾਨ ਹਨ, ਜਿਨ੍ਹਾਂ 'ਚ ਮੈਂ ਕਾਂਗਰਸ ਦਾ ਭਵਿੱਖ ਵੇਖਦਾ ਹਾਂ। ਅਜਿਹੇ ਆਗੂਆਂ ਨੇ ਕਾਂਗਰਸ ਨੂੰ ਅੱਗੇ ਲੈ ਕੇ ਚੱਲਣਾ ਹੈ। ਇਸ ਲਈ ਮੇਰੇ ਅੰਦਰ ਦਾ ਕਾਂਗਰਸਮੈਨ ਕਹਿੰਦਾ ਹੈ ਕਿ ਨਵਜੋਤ ਸਿੱਧੂ ਨੂੰ ਵੀ ਇਸ ਮਾਮਲੇ 'ਚ ਜਲਦਬਾਜ਼ੀ ਦੀ ਥਾਂ ਠਰੰਮੇ ਤੋਂ ਕੰਮ ਲੈਣਾ ਚਾਹੀਦਾ ਹੈ।
ਉਤਰਾਂਖੰਡ ਦੀਆਂ ਵਿਧਾਨ ਸਭਾ ਚੋਣਾਂ ਸਮੇਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਇਕੋ ਸਮੇਂ ਹੋਣ ਦੇ ਦੌਰਾਨ ਕਿਸ ਖੇਤਰ 'ਚ ਅਹਿਮੀਅਤ ਦੇਣੀ ਹੈ, ਸਬੰਧੀ ਪੁਛੇ ਗਏ ਸਵਾਲ 'ਤੇ ਉਨ੍ਹਾਂ ਕਿਹਾ ਕਿ ਪੰਜਾਬ ਤੋਂ ਉਤਰਾਂਖੰਡ ਤਿੰਨ ਘੰਟੇ ਦੀ ਦੂਰੀ 'ਤੇ ਹੈ ਅਤੇ ਅਸੀਂ ਵੀ ਅੱਧੇ ਪੰਜਾਬੀ ਹੀ ਹਾਂ। ਅਸੀਂ ਸਭ ਕੁੱਝ ਸੰਭਾਲ ਲਵਾਂਗੇ। ਪਾਰਟੀ ਦੇ ਸੀਨੀਅਰ ਆਗੂ ਸਮਸ਼ੇਰ ਸਿੰਘ ਦੂਲੋਂ ਅਤੇ ਪ੍ਰਤਾਪ ਸਿੰਘ ਬਾਜਵਾ ਦੀ ਨਰਾਜਗੀ ਸਬੰਧੀ ਉਨ੍ਹਾਂ ਕਿਹਾ ਕਿ ਕਾਂਗਰਸ ਦੇ ਇਨ੍ਹਾਂ ਸੀਨੀਅਰ ਆਗੂਆਂ ਨੂੰ ਲਾਲ ਸਿੰਘ ਤੋਂ ਸਬਕ ਲੈਣਾ ਚਾਹੀਦਾ ਹੈ ਜੋ ਲੰਮੇ ਸਮੇਂ ਤੋਂ ਪਾਰਟੀ ਲਈ ਕੰਮ ਕਰਦੇ ਆ ਰਹੇ ਹਨ ਪਰ ਉਨ੍ਹਾਂ ਕਦੇ ਵੀ ਅਜਿਹੀ ਟੀਕਾ ਟਿੱਪਣੀ ਨਹੀਂ ਕੀਤੀ। ਇਸ ਤੋਂ ਇਲਾਵਾ ਖੇਤੀਬਾੜੀ ਕਾਨੂੰਨਾਂ ਸਬੰਧੀ ਕਾਂਗimageਰਸ ਦੇ ਅਗਲੇ ਐਕਸ਼ਨ ਪਲਾਨ ਸਬੰਧੀ ਪੁਛੇ ਗਏ ਸਵਾਲ 'ਤੇ ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਵੀ ਕਿਸਾਨਾਂ ਦੇ ਹੱਕ 'ਚ ਪੰਜਾਬ ਆਉਣਗੇ ਪਰ ਕੋਵਿਡ ਕਾਰਨ ਵਿਗੜੇ ਹੋਏ ਹਾਲਾਤਾਂ ਨੂੰ ਵੇਖਦਿਆਂ ਉਨ੍ਹਾਂ ਦੇ ਦੋਰੇ ਸਬੰਧੀ ਅਗਲਾ ਫ਼ੈਸਲਾ ਛੇਤੀ ਹੀ ਹੋ ਜਾਵੇਗਾ।