
ਪੰਜਾਬ ਦੇ ਸਿਆਸੀ ਦ੍ਰਿਸ਼ 'ਚ ਨਵਜੋਤ ਸਿੱਧੂ ਦੇ ਮੁੜ ਕੇਂਦਰੀ ਭੂਮਿਕਾ 'ਚ ਆਉਣ ਦੀ ਚਰਚਾ
ਬਠਿੰਡਾ, 30 ਸਤੰਬਰ (ਸੁਖਜਿੰਦਰ ਮਾਨ) : ਮੋਦੀ ਸਰਕਾਰ ਵਲੋਂ ਪਿਛਲੇ ਦਿਨਾਂ 'ਚ ਸੰਸਦ ਵਿਚ ਪਾਸ ਕਰਵਾਏ ਤਿੰਨ ਖੇਤੀ ਬਿੱਲਾਂ ਦੇ ਵਿਰੋਧ 'ਚ ਪੰਜਾਬ ਵਿਚ ਕਿਸਾਨਾਂ ਵਲੋਂ ਵਿੱਢੇ ਸੰਘਰਸ਼ ਦੌਰਾਨ ਸਾਬਕਾ ਮੰਤਰੀ ਨਵਜੋਤ ਸਿੱਧੂ ਮੁੜ ਸਿਆਸੀ ਚਰਚਾ ਦੇ ਕੇਂਦਰ ਬਿੰਦੂ ਵਿਚ ਆ ਗਏ ਹਨ। ਪਹਿਲੀ ਵਾਰ ਸਿੱਧੇ ਤੌਰ 'ਤੇ ਕਿਸਾਨਾਂ ਨੂੰ ਸਿਆਸੀ ਪਿੜ 'ਚ ਆਉਣ ਦਾ ਸੱਦਾ ਦੇਣ ਤੋਂ ਬਾਅਦ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਨਵੇਂ ਬਣਨ ਵਾਲੇ ਸਮੀਕਰਨ ਦਿਖ਼ਾਈ ਦੇਣ ਲੱਗੇ ਹਨ। ਬੇਸ਼ੱਕ ਅੱਜ ਇਕ ਚੈਨਲ ਨੂੰ ਦਿਤੀ ਇੰਟਰਵਿਊ ਵਿਚ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਸ੍ਰੀ ਸਿੱਧੂ ਨੂੰ ਪਾਰਟੀ ਦਾ ਚਿਹਰਾ ਦਸਿਆ ਹੈ ਪ੍ਰੰਤੂ ਸਿਆਸੀ ਮਾਹਰਾਂ ਮੁਤਾਬਕ ਪਾਰਟੀ ਅੰਦਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਚੱਲ ਰਹੇ ਛੱਤੀ ਦੇ ਅੰਕੜੇ ਮੁਤਾਬਕ ਬਿਨ੍ਹਾਂ ਕਿਸੇ ਵੱਡੀ ਜ਼ਿੰਮੇਵਾਰੀ ਦੇ ਉਕਤ ਆਗੂ ਦਾ ਪਾਰਟੀ ਅੰਦਰ ਸਰਗਰਮ ਹੋਣਾ ਕਾਫ਼ੀ ਸ਼ੱਕੀ ਜਾਪ ਰਿਹਾ ਹੈ। ਹਾਲਾਂਕਿ ਅਕਾਲੀਆਂ ਦੇ ਭਾਜਪਾ ਨਾਲੋਂ ਵੱਖ ਹੋਣ ਤੋਂ ਬਾਅਦ ਨਵਜੋਤ ਸਿੱਧੂ ਦੇ ਮੁੜ ਭਾਜਪਾ 'ਚ ਸ਼ਾਮਲ ਹੋਣ ਦੀਆਂ ਚੱਲ ਰਹੀਆਂ ਕਿਆਸਅਰਾਈਆਂ ਦੌਰਾਨ ਉਨ੍ਹਾਂ ਵਲੋਂ ਕਿਸਾਨਾਂ ਦੇ ਹੱਕ 'ਚ ਲਏ ਸਪੱਸ਼ਟ ਸਟੈਂਡ ਤੋਂ ਬਾਅਦ ਪੰਜਾਬ ਦੀ ਸਿਆਸਤ ਵਿਚ ਨਵੇਂ ਸਿਆਸੀ ਸਮੀਕਰਨ ਬਣਨ ਦੀ ਸੰਭਾਵਨਾ ਪੈਦਾ ਹੋ ਗਈ ਹੈ। ਸਿਆਸੀ ਮਾਹਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਹੁਣ ਤਕ ਦੀ ਸਥਿਤੀ ਮੁਤਾਬਕ ਨਵਜੋਤ ਸਿੱਧੂ ਹੀ ਕੇਂਦਰੀ ਧੁਰਾ ਬਣੇ ਰਹਿ ਸਕਦੇ ਹਨ। ਉਨ੍ਹਾਂ ਦੀ ਅਗਵਾਈ ਵਾਲੀ ਪਾਰਟੀ ਨੂੰ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣ ਤੋਂ ਬਾਅਦ ਮਿਲੀ ਲੋਕਪ੍ਰਿਅਤਾ ਚੋਣਾਂ ਜਿੱਤਣ ਵਿਚ ਵੱਡੀ ਭੂਮਿਕਾ ਨਿਭਾ ਸਕਦੀ ਹੈ।