
ਫਰਾਂਸ ਦੀ ਬਹੁਕੌਮੀ ਕੰਪਨੀ ਏਅਰ ਲਿਕਵਿਡ ਰਾਜਪੁਰਾ ਵਿਖੇ ਅਪਣੀ ਪਹਿਲੀ ਉਦਯੋਗਿਕ ਇਕਾਈ ਸਥਾਪਤ ਕਰੇਗੀ
ਚੰਡੀਗੜ੍ਹ, 30 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ) : ਦੇਸ਼ ਵਿਚ ਅਪਣੇ ਵਿਸਥਾਰ ਲਈ ਪੰਜਾਬ ਨੂੰ ਨਿਵੇਸ਼ ਲਈ ਤਰਜੀਹੀ ਥਾਂ ਮੰਨਦਿਆਂ ਫਰਾਂਸ ਦੀ ਬਹੁਕੌਮੀ ਕੰਪਨੀ ਏਅਰ ਲਿਕਵਿਡ ਜੋ ਗੈਸਾਂ, ਤਕਨਾਲੋਜੀ ਅਤੇ ਉਦਯੋਗ ਤੇ ਸਿਹਤ ਸਬੰਧੀ ਸੇਵਾਵਾਂ ਵਿਚ ਵਿਸ਼ਵ ਦੀ ਮੋਹਰੀ ਕੰਪਨੀ ਹੈ, ਨੇ ਰਾਜਪੁਰਾ (ਪਟਿਆਲਾ) ਵਿਚ ਅਪਣੀ ਉਦਯੋਗਿਕ ਗੈਸਾਂ ਦੀ ਨਿਰਮਾਣ ਇਕਾਈ ਸਥਾਪਤ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਅਪਣੀ ਅਤਿ-ਆਧੁਨਿਕ ਇਕਾਈ ਸਥਾਪਤ ਕਰਨ ਲਈ ਜ਼ਮੀਨ ਖ਼ਰੀਦੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬਾ ਸਰਕਾਰ ਵਲੋਂ ਬਣਾਈਆਂ ਨਿਵੇਸ਼ ਪੱਖੀ ਨੀਤੀਆਂ ਸਦਕਾ ਪੰਜਾਬ ਨਿਵੇਸ਼ਕਾਂ ਲਈ ਤਰਜੀਹੀ ਸੂਬਾ ਬਣਿਆ ਹੈ।
ਅੱਜ ਇਥੇ ਜਾਰੀ ਇਕ ਪ੍ਰੈਸ ਬਿਆਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਇਨਵੈਸਟ ਪੰਜਾਬ ਦੇ ਸੀ.ਈ.ਓ. ਰਜਤ ਅਗਰਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸ਼ੁਰੂਆਤੀ ਪੜਾਅ ਤੋਂ ਲੈ ਕੇ ਹੁਣ ਤਕ ਨਿਵੇਸ਼ਕਾਂ ਅਤੇ ਭਾਈਵਾਲਾਂ ਦਰਮਿਆਨ ਨਿਰੰਤਰ ਸਹਾਇਤਾ ਅਤੇ ਵਿਚਾਰ ਵਟਾਂਦਰੇ ਦੀ ਸੁਵਿਧਾ ਦਿਤੀ ਹੈ। ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਵੇਲੇ ਏਅਰ ਲਿਕਵਿਡ ਇੰਡੀਆ ਹਰਿਆਣਾ ਵਿਚ ਅਪਣੀ ਮੌਜੂਦਾ ਅਤਿ-ਆਧੁਨਿਕ ਉਤਪਾਦਨ ਸਹੂਲਤ ਰਾਹੀਂ ਪੰਜਾਬ ਦੀ ਮਾਰਕੀਟ ਮੰਗ ਪੂਰੀ ਕਰ ਰਹੀ ਹੈ। ਗਾਹਕ ਮਾਰਕੀਟ ਦੇ ਵਿਸਥਾਰ ਨਾਲ ਸੰਭਾਵਤ ਤੌਰ 'ਤੇ ਮਾਲਵਾ ਅਤੇ ਇਸ ਦੇ ਆਲੇ ਦੁਆਲੇ ਦੇ ਖੇਤਰ ਵਿਚ ਪਲਾਂਟ ਲਗਾਉਣ ਦੀ ਲੋੜ ਪੈਦਾ ਹੋਈ ਹੈ। ਰਾਜਪੁਰਾ ਵਿਚ ਅਪਣੇ ਪਲਾਂਟ ਦੀ ਸਥਾਪਨਾ ਨਾਲ ਏਅਰ ਲਿਕਵਿਡ ਗੈਸਾਂ ਦੇ ਖਪਤਕਾਰਾਂ ਰਾਹੀਂ ਰਾਜ ਦੇ ਸਾਰੇ ਉਦਯੋਗਾਂ ਦੀ ਵੈਲਿਊ ਚੇਨ ਨੂੰ ਮਜ਼ਬੂਤੀ ਦੇਵੇਗੀ।image