
ਕਿਸਾਨ ਅੰਦੋਲਨ ਵਿਚ ਤਾਕਤ ਭਰਨ ਲਈ ਪੰਜਾਬ ਵਿਚ ਟਰੈਕਟਰ-ਰੈਲੀਆਂ ਕਰਨਗੇ ਰਾਹੁਲ ਗਾਂਧੀ
ਕਾਂਗਰਸ ਖੇਤੀਬਾੜੀ ਕਾਨੂੰਨਾਂ ਵਿਰੁਧ ਹਸਤਾਖਰ ਮੁਹਿੰਮ ਵੀ ਸ਼ੁਰੂ ਕਰੇਗੀ
ਚੰਡੀਗੜ੍ਹ, 30 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ) : ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦਾ ਜਿਥੇ ਚੁਫ਼ੇਰਿਉਂ ਵਿਰੋਧ ਹੋ ਰਿਹਾ ਹੈ, ਉਥੇ ਹੀ ਰਾਹੁਲ ਗਾਂਧੀ ਵੀ ਹੁਣ ਇਨ੍ਹਾਂ ਕਾਨੂੰਨਾਂ ਵਿਰੁਧ ਮੈਦਾਨ ਵਿਚ ਉਤਰਨ ਜਾ ਰਹੇ ਹਨ। ਸੂਤਰਾਂ ਮੁਤਾਬਕ ਰਾਹੁਲ ਗਾਂਧੀ ਪੰਜਾਬ ਵਿਚ ਤਿੰਨ ਦਿਨ ਟ੍ਰੈਕਟਰ ਰੈਲੀਆਂ ਕਰਨਗੇ। ਇਸ ਦੀ ਸ਼ੁਰੂਆਤ 2 ਅਕਤੂਬਰ ਤੋਂ ਮੋਗਾ ਤੋਂ ਕੀਤੀ ਜਾਵੇਗੀ। ਇਸ ਤੋਂ ਬਾਅਦ ਉਹ 3 ਅਕਤੂਬਰ ਨੂੰ ਸੰਗਰੂਰ ਅਤੇ 4 ਅਕਤੂਬਰ ਨੂੰ ਪਟਿਆਲਾ ਵਿਚ ਟ੍ਰੈਕਟਰ ਰੈਲੀ ਕਰ ਕੇ ਇਸ ਦੀ ਸਮਾਪਤੀ ਕਰਨਗੇ।
ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਦਰਮਿਆਨ ਕਾਂਗਰਸ ਵਲੋਂ ਇਨ੍ਹਾਂ ਖੇਤੀ ਕਾਨੂੰਨਾਂ ਵਿਰੁਧ ਇਕ ਹਸਤਾਖਰ ਮੁਹਿੰਮ ਵੀ ਸ਼ੁਰੂ ਕੀਤੀ ਜਾਵੇਗੀ, ਜਿਸ ਦੀ ਸ਼ੁਰੂਆਤ ਅਮਰਗੜ੍ਹ ਤੋਂ ਕੀਤੀ ਜਾਵੇਗੀ ਅਤੇ ਇਸ ਦੀ ਸਮਾਪਤੀ 4 ਅਕਤੂਬਰ ਨੂੰ ਪਟਿਆਲਾ ਵਿਚ ਹੋਵੇਗੀ। ਪੰਜਾਬ ਕਾਂਗਰਸ ਵਲੋਂ 2 ਅਕਤੂਬਰ ਤੋਂ 4 ਅਕਤੂਬਰ ਤਕ ਖੇਤੀਬਾੜੀ ਆਰਡੀਨੈਂਸ ਦੇ ਵਿਰੋਧ 'ਚ ਰੋਡ ਸ਼ੋਅ ਕੀਤਾ ਜਾ ਰਿਹਾ ਹੈ। ਇਸ ਰੋਡ ਸ਼ੋਅ 'ਚ ਰਾਹੁਲ ਗਾਂਧੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਣਗੇ। ਇਹ ਰੋਡ ਸ਼ੋਅ ਹੇਠ ਲਿਖੇ ਵੇਰਵੇ ਅਨੁਸਾਰ ਕੀਤਾ ਜਾਵੇਗਾ...
2 ਅਕਤਬੂਰ ਨੂੰ ਰੋਡ ਸ਼ੋਅ ਦੀ ਸ਼ੁਰੂਆਤ : ਜਨਤਕ ਬੈਠਕ ਤੋਂ ਬਾਅਦ ਬੱਧਨੀ ਕਲਾਂ, ਨਿਹਾਲ ਸਿੰਘ ਵਾਲਾ ਮੋਗਾ ਤੋਂ ਹੋਵੇਗੀ ਅਤੇ ਰਾਏਕੋਟ,
ਲੁਧਿਆਣਾ ਵਿਖੇ ਫਿਰ ਜਨਤਕ ਬੈਠਕ ਤੋਂ ਬਾਅਦ ਸਮਾਪਤੀ ਹੋਵੇਗੀ।
3 ਅਕਤੂਬਰ ਨੂੰ ਰੋਡ ਸ਼ੋਅ ਦੀ ਸ਼ੁਰੂਆਤ : ਜਨਤਕ ਬੈਠਕ ਤੋਂ ਮਗਰੋਂ ਧੂਰੀ, ਸੰਗਰੂਰ ਤੋਂ ਹੋਵੇਗੀ ਅਤੇ ਸਮਾਣਾ ਮੰਡੀ ਪਟਿਆਲਾ ਵਿਖੇ ਇਕ ਹੋਰ ਜਨਤਕ ਬੈਠਕ ਨਾਲ ਸਮਾਪਤੀ ਹੋਵੇਗੀ।
4 ਅਕਤਬੂਰ ਨੂੰ ਸ਼ੋਅ ਦੀ ਸ਼ੁਰੂਆਤ : ਦੇਵੀਗੜ੍ਹ, ਪਟਿਆਲਾ ਤੋਂ ਜਨਤਕ ਬੈਠਕ ਨਾਲ ਹੋਵੇਗੀ ਅਤੇ ਜਨਤਕ ਬੈਠਕ ਬਾਅਦ ਹੀ ਹਰਿਆਣਾ ਦੀ ਸਰਹੱਦ 'ਤੇ ਸਮਾਪਤੀ ਹੋਵੇਗੀ।
ਹਰਿਆਣਾ ਦੀ ਸਰਹੱਦ ਤੋਂ ਇਹ ਰੋਡ ਸ਼ੋਅ ਹਰਿਆਣਾ ਕਾਂਗਰਸ ਵਲੋਂ ਜਾਰੀ ਰਹੇਗਾ ਅਤੇ ਦਿੱਲੀ ਵਿਖੇ ਸਮਾਪਤ ਹੋਵੇਗਾ। ਰੋਡ ਸ਼ੋਅ 'ਚ ਅਗਵਾਈ ਕਰਨ/ਹਿੱਸਾ ਲੈਣ ਵਾਲੇ ਪ੍ਰਮੁੱਖ ਆਗੂਆਂ 'ਚ ਰਾਹੁਲ ਗਾਂਧੀ, ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਦੇ ਮਾਮਲਿਆਂ ਦੇ ਮੁਖੀ ਹਰੀਸ਼ ਰਾਵਤ ਅਤੇ ਪ੍ਰਧਾਨ ਪ੍ਰਦੇਸ਼ ਕਾਂਗਰਸ ਸੁਨੀਲ ਜਾਖੜ ਸ਼ਾਮਲ ਹੋਣਗੇ।
image