
ਅੱਧੀ ਰਾਤ ਨੂੰ ਯੂ.ਪੀ. ਪੁਲਿਸ ਦਾ ਨਵਾਂ ਸ਼ੈਤਾਨੀ ਰੂਪ ਆਇਆ ਸਾਹਮਣੇ
ਪਰਵਾਰ ਦੀ ਮਰਜ਼ੀ ਤੋਂ ਬਿਨਾਂ ਜਬਰ ਜਿਨਾਹ ਪੀੜਤਾ ਦਾ ਕੀਤਾ ਸਸਕਾਰ
ਲਖਨਊ, 30 ਸਤੰਬਰ : ਹਾਥਰਸ ਸਮੂਹਕ ਜਬਰ ਜਿਨਾਹ ਪੀੜਤਾਂ ਦੀ ਲਾਸ਼ ਦੇਰ ਰਾਤ ਉਸ ਦੇ ਪਿੰਡ ਪਹੁੰਚੀ। ਇਥੇ ਉਸ ਦੇ ਪਰਵਾਰ ਅਤੇ ਪਿੰਡ ਵਾਲਿਆਂ ਦੇ ਭਾਰੀ ਵਿਰੋਧ ਤੋਂ ਬਾਅਦ ਵੀ ਉਸ ਦਾ ਅੰਤਿਮ ਸੰਸਕਾਰ ਕਰਵਾ ਦਿਤਾ ਗਿਆ। ਦਰਅਸਲ ਪੀੜਤਾ ਦੀ ਮਾਂ ਚਾਹੁੰਦੀ ਸੀ ਕਿ ਇਕ ਵਾਰ ਉਸ ਦੀ ਲਾਸ਼ ਨੂੰ ਘਰ ਲਿਜਾਇਆ ਜਾਵੇ। ਪਰ ਅਜਿਹਾ ਨਾ ਹੋ ਸਕਿਆ। ਪਿੰਡ ਵਾਲੇ ਪੀੜਤਾ ਨਾਲ ਹੋਈ ਇਸ ਦਰਿੰਦਗੀ ਤੋਂ ਗੁੱਸੇ ਸਨ, ਉਹ ਨਿਆਂ ਚਾਹੁੰਦੇ ਸਨ।
ਉਥੇ ਹੀ ਪੀੜਤਾ ਦੇ ਪਰਵਾਰ ਵਾਲੇ ਵੀ ਉਸ ਦਾ ਅੰਤਿਮ ਸਸਕਾਰ ਨਹੀਂ ਹੋਣ ਦੇਣਾ ਚਾਹੁੰਦੇ ਸਨ। ਰਾਤ ਕਰੀਬ 12.45 ਵਜੇ ਪੀੜਤਾ ਦੀ ਲਾਸ਼ ਉਸ ਦੇ ਪਿੰਡ ਪਹੁੰਚੀ। ਪਿੰਡ ਵਾਲੇ ਇਸ ਘਟਨਾ ਤੋਂ ਇੰਨੇ ਗੁੱਸੇ ਸਨ ਕਿ ਉਹ ਐਂਬੂਲੈਂਸ ਦੇ ਅੱਗੇ ਲੇਟ ਗਏ ਅਤੇ ਜੰਮ ਕੇ ਹੰਗਾਮਾ ਕੀਤਾ। ਇਸ ਤੋਂ ਬਾਅਦ ਭਾਰੀ ਪੁਲਸ ਦੀ ਤਾਇਨਾਤੀ ਦਰਮਿਆਨ ਪਿੰਡ ਵਾਲਿਆਂ ਦੀ ਕੋਸ਼ਿਸ਼ ਅਸਫ਼ਲ ਰਹੀ ਅਤੇ 2.45 ਵਜੇ ਪੀੜਤਾਂ ਦਾ ਅੰਤਮ ਸਸਕਾਰ ਕਰ ਦਿਤਾ ਗਿਆ। ਅੰਤਿਮ ਸੰਸਕਾਰ ਦੇ ਸਮੇਂ ਪੀੜਤਾ ਦੀ ਬਲਦੀ ਚਿਖ਼ਾ ਕੋਲ ਪੁਲਸ ਮੁਲਾਜ਼ਮ ਹਸਦੇ ਨਜ਼ਰ ਆਏ। ਸਾਈਡ 'ਚ ਖੜੇ ਹੋ ਕੇ ਪੁਲਸ ਦੇ ਕਈ ਅਧਿਕਾਰੀ ਗੱਲਾਂ ਕਰਦੇ ਹੋਏ ਠਹਾਕੇ ਲਗਾ ਕੇ ਹਸ ਰਹੇ ਸਨ।
ਯੂ.ਪੀ. ਕਾਂਗਰਸ ਨੇ ਟਵੀਟ ਕੀਤਾ, ਪੁਲਿਸ ਜਬਰਨ ਹਾਥਰਸ ਪੀੜਤਾ ਦਾ ਅੰਤਮ ਸਸਕਾਰ ਕਰਨ 'ਤੇ ਲੱਗੀ ਹੈ। ਪਰਵਾਰ ਵਾਲੇ ਕਹਿ ਰਹੇ ਹਨ ਕਿ ਇਕ ਵਾਰ ਘਰ ਲੈ ਜਾਣ ਦਿਉ। ਕਿੰਨੀ ਹੈਵਾਨੀਅਤ 'ਤੇ ਉੱਤਰ ਆਈ ਹੈ ਸਰਕਾਰ। ਯੂ.ਪੀ. ਕਾਂਗਰਸ ਨੇ ਟਵੀਟ ਦੇ ਨਾਲ ਵੀਡੀਉ ਵੀ ਸ਼ੇਅਰ ਕੀਤਾ ਹੈ ਜਿਸ 'ਚ ਪਿੰਡ ਵਾਸੀ ਐਂਬੁਲੈਂਸ ਸਾਹਮਣੇ ਵਿਰੋਧ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ 'ਚ ਪੀੜਤਾ ਦੀ ਮੌਤ ਤੋਂ ਬਾਅਦ ਲੋਕਾਂ 'ਚ ਗੁੱਸਾ ਹੈ। (ਏਜੰਸੀ)image
ਪ੍ਰਵਾਰ ਦੀ ਮਰਜ਼ੀ ਤੋਂ ਬਿਨਾਂ ਪੀੜਤਾ ਦਾ ਸਸਕਾਰ ਕਰਦੇ ਹੋਏ ਪੁਲਿਸ ਮੁਲਾਜ਼ਮ।