
ਕਾਂਗਰਸ ਦਾ ਹਰ ਨੇਤਾ ਮੁੱਖ ਮੰਤਰੀ ਬਣਨਾ ਚਾਹੁੰਦੈ : ਕੇਜਰੀਵਾਲ
ਪੰਜਾਬ ਅੰਦਰ ਸਿਹਤ ਯੋਜਨਾਵਾਂ ਗਰੰਟੀ ਨਾਲ ਲਾਗੂ ਕਰਨ ਦਾ ਕੀਤਾ ਐਲਾਨ
ਲੁਧਿਆਣਾ, 30 ਸਤੰਬਰ (ਆਰ ਪੀ ਸਿੰਘ): ਆਮ ਆਦਮੀ ਪਾਰਟੀ ਵਲੋਂ ਰੱਖੀ ਇਕ ਪ੍ਰੈਸ ਕਾਨਫ਼ਰੰਸ ਦੌਰਾਨ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਪੰਜਾਬ ਅੰਦਰ ਲੋਕਾਂ ਨੇ ਭਰੋਸਾ ਕਰ ਕੇ ਕਾਂਗਰਸ ਪਾਰਟੀ ਦੀ ਸਰਕਾਰ ਬਣਾਈ ਸੀ ਪਰ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਕਾਂਗਰਸ ਵਿਚ ਐਨੀ ਅਰਾਜਕਤਾ ਫੈਲ ਚੁੱਕੀ ਹੈ ਕਿ ਪਾਰਟੀ ਦਾ ਹਰ ਨੇਤਾ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ। ਇਸ ਆਪਸੀ ਲੜਾਈ ਵਿਚ ਲੋਕ ਪ੍ਰੇਸ਼ਾਨ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਿਰਫ਼ ਆਮ ਆਦਮੀ ਪਾਰਟੀ ਪੰਜਾਬ ਦੀ ਤਰੱਕੀ ਲਈ ਯੋਜਨਾਵਾਂ ਬਣਾ ਰਹੀ ਹੈ।
ਕੇਜਰੀਵਾਲ ਨੇ ਕਿਹਾ ਕਿ ਪੰਜਾਬ ਲਈ 24 ਘੰਟੇ 300 ਯੂਨਿਟ ਫ਼ਰੀ, ਪੁਰਾਣੇ ਬਿਜਲੀ ਬਿਲ ਮੁਆਫ਼ ਅਤੇ ਵਪਾਰੀਆ ਲਈ ਖਾਕਾ ਤਿਆਰ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਸਿਹਤ ਨੂੰ ਧਿਆਨ ਵਿਚ ਰਖਦੇ ਹੋਏ ਇਥੇ ਸਿਹਤ ਸਕੀਮ ਸ਼ੁਰੂ ਕੀਤੀ ਜਾਵੇਗੀ ਜੋ ਸੱਭ ਕੁੱਝ ਦਿੱਲੀ ਵਿਚ ਚਲ ਰਿਹਾ ਹੈ। ਕੇਜਰੀਵਾਲ ਨੇ ਪੰਜਾਬ ਵਿਚ ਐਲਾਨ ਕਰਦੇ ਹੋਏ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਹਰ ਬੰਦੇ ਦਾ ਮੁਫ਼ਤ ਅਤੇ ਵਧੀਆ ਇਲਾਜ ਕਰਨ ਦੀ ਗਰੰਟੀ ਦਿਤੀ ਜਾਵੇਗੀ। ਮਰੀਜ਼ ਦੀਆਂ ਸਾਰੀਆਂ ਦਵਾਈਆਂ ਟੈਸਟ ਇਲਾਜ ਅਤੇ ਅਪਰੇਸ਼ਨ ਮੁਫ਼ਤ ਹੋਵੇਗਾ। ਸਾਰੇ ਸਰਕਾਰੀ ਹਸਪਤਾਲਾਂ ਨੂੰ ਹਾਈਟੈਕ ਕੀਤਾ ਜਾਵੇਗਾ ਅਤੇ ਇਥੋਂ ਦਵਾਈਆਂ
ਮੁਫ਼ਤ ਦਿਤੀਆਂ ਜਾਣਗੀਆਂ। ਸਰਕਾਰੀ ਹਸਪਤਾਲ ਵਿਚ ਡਾਇਗਨੋਸ ਕਰਨ ਵਾਲੀਆਂ ਮਸ਼ੀਨਾਂ ਲਗਾਈਆਂ ਜਾਣਗੀਆਂ ਅਤੇ ਸਾਰੇ ਟੈਸਟ ਮੁਫ਼ਤ ਹੋਣਗੇ। ਹਰ ਵਿਅਕਤੀ ਨੂੰ ਹੈਲਥ ਕਾਰਡ ਦਿਤਾ ਜਾਵੇਗਾ ਜਿਸ ਨਾਲ ਉਹ ਅਪਣੇ ਪ੍ਰਵਾਰ ਦਾ ਇਲਾਜ ਮੁਫ਼ਤ ਕਰਵਾ ਸਕੇਗਾ। ਹਰ ਪਿੰਡ ਮੁਹੱਲੇ ਵਿਚ 14000 ਕਲੀਨਿਕ ਬਣਾਏ ਜਾਣਗੇ ਤਾਂ ਜੋ ਹਰ ਵਿਅਕਤੀ ਨਜ਼ਦੀਕ ਤੋਂ ਹੀ ਵਧੀਆ ਅਤੇ ਮੁਫ਼ਤ ਇਲਾਜ ਪ੍ਰਾਪਤ ਕਰ ਸਕੇ। ਇਸ ਤੋਂ ਇਲਾਵਾ ਸਰਕਾਰੀ ਹਸਪਤਾਲਾਂ ਵਿਚ ਏਅਰਕੰਡੀਸ਼ਨਰ ਲਗਾਏ ਜਾਣਗੇ। ਉਨ੍ਹਾਂ ਕਿਹਾ ਜੇਕਰ ਕਿਸੇ ਵਿਅਕਤੀ ਦਾ ਐਕਸੀਡੈਂਟ ਹੋ ਜਾਂਦਾ ਹੈ ਉਸ ਨੂੰ ਕਿਸੇ ਵੀ ਨਜ਼ਦੀਕੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਜਾਵੇਗਾ ਅਤੇ ਉਸ ਦੇ ਇਲਾਜ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਲਵੇਗੀ। ਉਨ੍ਹਾਂ ਕਿਹਾ ਕਿ ਇਹ ਸਾਰੀਆਂ 6 ਯੋਜਨਾਵਾਂ ਗਰੰਟੀ ਨਾਲ ਸਰਕਾਰ ਬਣਦੇ ਹੀ ਸ਼ੁਰੂ ਕੀਤੀਆਂ ਜਾਣਗੀਆਂ। ਇਸ ਮੌਕੇ ਭਗਵੰਤ ਮਾਨ, ਦਲਜੀਤ ਸਿੰਘ ਭੋਲਾ ਗਰੇਵਾਲ, ਕੁਲਵੰਤ ਸਿੰਘ ਸਿੱਧੂ ਆਦਿ ਹਾਜ਼ਰ ਸਨ।
L48_RP Singh_30_04