
ਜੇਕਰ ਕੈਪਟਨ ਭਾਜਪਾ ਵਿਚ ਜਾਂਦੇ ਹਨ ਕੀ ਕਿਸਾਨ ਇਸ ਨੂੰ ਮਾਨਤਾ ਦੇਣਗੇ?
ਸੰਗਰੂਰ, 30 ਸਤੰਬਰ (ਬਲਵਿੰਦਰ ਸਿੰਘ ਭੁੱਲਰ) : ਪੰਜਾਬ ਦੇ ਲੋਕਾਂ ਵਿਚ ਇਹ ਚਰਚਾ ਬਹੁਤ ਆਮ ਹੈ ਕਿ ਸੂਬੇ ਦਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਾਜਪਾ ਵਿਚ ਕਿਸੇ ਵੀ ਸਮੇਂ ਜਾ ਸਕਦਾ ਹੈ। ਇਸ ਚਰਚਾ ਨੂੰ ਬਹੁਤਾ ਬਲ ਉਦੋਂ ਮਿਲਿਆ ਜਦੋਂ ਪਿਛਲੇ ਹਫ਼ਤੇ ਕੈਪਟਨ ਦਿੱਲੀ ਦੌਰੇ ਦੌਰਾਨ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ ਅਤੇ ਉਨ੍ਹਾਂ ਨਾਲ ਲਗਾਤਾਰ 45 ਮਿੰਟ ਗੱਲਬਾਤ ਵੀ ਕੀਤੀ। ਜਦੋਂ ਕੈਪਟਨ ਅਮਰਿੰਦਰ ਸਿੰਘ ਸੂਬੇ ਦੇ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੂੰ ਅਮਿਤ ਸ਼ਾਹ ਨੇ ਕਦੇ 15 ਮਿੰਟ ਵੀ ਪੂਰੇ ਨਹੀਂ ਸੀ ਦਿਤੇ ਪਰ ਹੁਣ ਚਰਚਾ ਹੈ ਕਿ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਕੈਪਟਨ ਨੂੰ ਪਾਰਟੀ ਦਾ ਚਿਹਰਾ ਬਣਾ ਕੇ ਪੰਜਾਬੀਆਂ ਦੀਆਂ ਵੋਟਾਂ ਬਟੋਰਨ ਦੀਆਂ ਵਿਉਂਤਾਂ ਬਣਾ ਰਹੀ ਹੈ ਅਤੇ ਪੰਜਾਬ ਦੀਆਂ ਸਾਰੀਆਂ 117 ਸੀਟਾਂ ’ਤੇ ਚੋਣ ਲੜ ਕੇ ਭਾਜਪਾ ਸਰਕਾਰ ਵੀ ਬਣਾਉਣਾ ਚਾਹੁੰਦੀ ਹੈ।
ਚਰਚਾ ਇਹ ਵੀ ਚਲ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਕੇਂਦਰ ਵਿਚ ਰਾਜ ਕਰਦੀ ਭਾਜਪਾ ਸਰਕਾਰ ਨੂੰ ਇਹ ਕਹਿ ਰਹੇ ਹਨ ਕਿ ਉਹ ਪਹਿਲਾਂ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨ ਵਾਪਸ ਲੈਣ ਜਿਸ ਤੋਂ ਬਾਅਦ ਹੀ ਉਹ ਬਾਕਾਇਦਾ ਭਾਜਪਾ ਵਿਚ ਸ਼ਾਮਲ ਹੋ ਕੇ ਪਾਰਟੀ ਦਾ ਸਰਵ ਪ੍ਰਮੁੱਖ ਚਿਹਰਾ ਬਣ ਸਕਦਾ ਹੈ। ਪਰ ਕੀ ਕੈਪਟਨ ਦੇ ਭਾਜਪਾ ਵਿਚ ਸ਼ਾਮਲ ਹੋਣ ਉਪਰੰਤ ਅਤੇ ਕਾਲੇ ਕਾਨੂੰਨ ਵਾਪਸ ਲੈਣ ਤੋਂ ਬਾਅਦ ਦਿੱਲੀ ਦੇ ਬਾਰਡਰਾਂ ਤੇ ਪਿਛਲੇ ਦਸ ਮਹੀਨਿਆਂ ਤੋਂ ਬੈਠੇ ਮਜਬੂਰ ਅਤੇ ਬੇਵਸ ਕਿਸਾਨ ਭਾਜਪਾ ਨੂੰ ਵੋਟਾਂ ਪਾ ਦੇਣਗੇ?
ਅਗਰ ਕੈਪਟਨ ਅਮਰਿੰਦਰ ਸਿੰਘ ਭਾਜਪਾ ਵਿਚ ਸ਼ਾਮਲ ਹੋ ਕੇ ਕਿਸਾਨ ਵਿਰੋਧੀ ਕਾਨੂੰਨ ਵਾਪਸ ਕਰਵਾ ਦੇਵੇ ਤਾਂ ਵੀ, ਕੀ ਲੋਕ ਕੈਪਟਨ ਨੂੰ ਭਾਜਪਾ ਦੇ ਮੁੱਖ ਮੰਤਰੀ ਵਜੋਂ ਸਵੀਕਾਰ ਕਰ ਲੈਣਗੇ? ਇਹ ਸਵਾਲ ਬਹੁਤ ਟੇਢੇ ਹਨ ਕਿਉਂਕਿ ਪਿਛਲੇ 10 ਮਹੀਨਿਆਂ ਦੌਰਾਨ ਇਕੱਲੇ ਦਿੱਲੀ ਧਰਨੇ ਵਿਚ ਹੀ 600 ਤੋਂ ਵੀ ਵਧੇਰੇ ਕਿਸਾਨ ਇਸ ਅੰਦੋਲਨ ਦੌਰਾਨ ਸ਼ਹੀਦ ਹੋ ਚੁੱਕੇ ਹਨ। ਇਸ ਘਾਟੇ ਨੂੰ ਕੋਈ ਵੀ ਕਿਸਾਨ ਨਹੀਂ ਭੁਲਾ ਸਕੇਗਾ। ਭਾਜਪਾ ਨੇ ਦੇਸ਼ ਦੇ ਕਿਸਾਨਾਂ ਨੂੰ ਜੋ ਜ਼ਖ਼ਮ ਪਿਛਲੇ ਇਕ ਸਾਲ ਵਿਚ ਦਿਤੇ ਹਨ ਕਿਸਾਨ ਉਨ੍ਹਾਂ ਜ਼ਖ਼ਮਾਂ ਨੂੰ ਪੂਰੀ ਇਕ ਸਦੀ ਵੀ ਨਹੀਂ ਭੁਲਾ ਸਕਣਗੇ।
ਕਿਸਾਨ ਵਿਰੋਧੀ ਕਾਲੇ ਕਾਨੂੰਨ ਸਰਕਾਰ ਨੂੰ ਵਾਪਸ ਲੈਣੇ ਹੀ ਪੈਣਗੇ, ਇਸ ਵਿਚ ਕੋਈ ਦੋ ਰਾਏ ਨਹੀਂ ਪਰ ਇਹ ਸੱਚ ਹੈ ਕਿ ਕੈਪਟਨ ਦੇ ਭਾਜਪਾ ਵਿਚ ਚਲੇ ਜਾਣ ਤੋਂ ਬਾਅਦ ਵੀ ਲੋਕ ਇਸ ਪਾਰਟੀ ’ਤੇ ਕਦੇ ਭਰੋਸਾ ਪ੍ਰਗਟ ਨਹੀਂ ਕਰਨਗੇ ਅਤੇ ਕੋਈ ਵੀ ਕਿਸਾਨ ਭਾਜਪਾ ਨੂੰ ਅਪਣੀ ਵੋਟ ਨਹੀਂ ਦੇਵੇਗਾ।