
ਮੋਰਚੇ 'ਤੇ ਪ੍ਰਦਰਸ਼ਨਕਾਰੀਆਂ ਦਾ ਭਖਿਆ ਗੁੱਸਾ, ਸਰਕਾਰ 'ਤੇ ਲਗਾਏ ਅਣਗਹਿਲੀ ਦੇ ਇਲਜ਼ਾਮ!
ਬਹਿਬਲਕਲਾਂ: ਬਹਿਬਲਕਲਾਂ ਮੋਰਚੇ ਵਲੋਂ ਸਰਕਾਰ 'ਤੇ ਕੋਈ ਕਾਰਵਾਈ ਨਾ ਕਾਰਨ ਅਤੇ ਇਨਸਾਫ ਨਾ ਦੇਣ ਦੇ ਇਲਜ਼ਾਮ ਲਗਾਏ ਹਨ। ਇਸ ਬਾਰੇ ਸੁਖਰਾਜ ਸਿੰਘ ਨਿਆਮੀ ਵਾਲਾ ਨੇ ਦੱਸਿਆ ਕਿ 14 ਅਕਤੂਬਰ 2022 ਨੂੰ ਗੋਲੀਕਾਂਡ ਦੇ ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ ਨਿਆਮੀ ਵਾਲਾ ਅਤੇ ਗੁਰਜੀਤ ਸਿੰਘ ਬਿੱਟੂ ਸਰਾਵਾਂ ਦੀ ਬਰਸੀ ਮਨਾਈ ਜਾਵੇਗਾ ਅਤੇ ਇਕੱਠ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸਰਕਾਰਾਂ ਵਲੋਂ ਬਹੁਤ ਵਾਅਦੇ ਕੀਤੇ ਗਏ ਸਨ ਜਿਨ੍ਹਾਂ ਵਿਚ ਕੋਈ ਵੀ ਪੂਰਾ ਨਹੀਂ ਹੋਈਆਂ ਹੈ। 'ਆਪ' ਸਰਕਾਰ ਵਲੋਂ ਤਿੰਨ ਮਹੀਨੇ ਦਾ ਸਮਾਂ ਮੰਗਿਆ ਗਿਆ ਸੀ ਪਰ ਸੰਗਤ ਨੇ ਸਾਢੇ ਤਿੰਨ ਮਹੀਨੇ ਦਾ ਸਮਾਂ ਦਿੱਤਾ ਫਿਰ ਵੀ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਇਕੱਠ ਵਿਚ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਿਆ ਜਾਵੇਗਾ ਕਿਉਂਕਿ ਉਨ੍ਹਾਂ ਨੂੰ ਅਜੇ ਤੱਕ ਬੇਅਦਬੀ ਮਾਮਲਿਆਂ ਵਿਚ ਕੋਈ ਵੀ ਇਨਸਾਫ ਨਹੀਂ ਮਿਲਿਆ ਹੈ।
ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਆਏ ਦਿਨ ਵਾਪਰ ਰਹੀਆਂ ਬੇਅਦਬੀ ਦੀਆਂ ਘਟਨਾਵਾਂ 'ਤੇ ਸਖਤੀ ਵਰਤੀ ਜਾਵੇ ਅਤੇ ਲੰਬੇ ਸਮੇਂ ਤੋਂ ਲਟਕ ਰਹੇ ਬੇਅਦਬੀ ਮਾਮਲਿਆਂ ਦੀ ਸੁਣਵਾਈ ਕਰ ਕੇ ਇਨਸਾਫ ਦਿੱਤਾ ਜਾਵੇ ਤਾਂ ਜੋ ਪੰਜਾਬ ਦਾ ਮਾਹੌਲ ਸ਼ਾਂਤੀਪੂਰਨ ਬਣਿਆ ਰਹਿ ਸਕੇ ਨਹੀਂ ਤਾਂ ਪੰਜਾਬ ਦੇ ਲੋਕ ਖੁਦ ਫੈਸਲੇ ਲੈਣ ਵਿਚ ਦੇਰ ਨਹੀਂ ਕਰਨਗੇ।
ਉਨ੍ਹਾਂ ਕਿਹਾ ਕਿ ਇਨਸਾਫ ਲਈ ਲਗਾਏ ਇਸ ਮੋਰਚੇ ਨੂੰ 10 ਮਹੀਨੇ ਦਾ ਸਮਾਂ ਪੂਰਾ ਹੋਣ ਵਾਲਾ ਹੈ ਪਰ ਸਰਕਾਰਾਂ ਨੇ ਅਜੇ ਤੱਕ ਸਾਰ ਨਹੀਂ ਲਈ। ਸੁਖਰਾਜ ਸਿੰਘ ਨੇ ਕਿਹਾ ਕਿ 14 ਅਕਤੂਬਰ ਨੂੰ ਹੋਣ ਵਾਲੇ ਇਸ ਸ਼ਹੀਦੀ ਸਮਾਗਮ ਵਿਚ ਸਮੂਹ ਜਥੇਬੰਦੀਆਂ ਵਲੋਂ ਸ਼ਿਰਕਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਸ ਸਟੇਜ ਤੋਂ ਸਰਕਾਰ ਨੇ ਸਿਆਸੀ ਰੋਟੀਆਂ ਸੇਕੀਆਂ ਅਤੇ ਸੱਤਾ ਵਿਚ ਆਈ ਹੈ ਇਸ ਸਟੇਜ ਤੋਂ ਸਰਕਾਰ ਖ਼ਿਲਾਫ਼ ਆਰ-ਪਾਰ ਦੀ ਜੰਗ ਦਾ ਵੀ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਦੇ ਅਧਾਰ 'ਤੇ ਅਤੇ ਉਹ ਅੱਜ ਵੀ ਦੋਸ਼ੀਆਂ ਬਾਰੇ ਚੀਕ-ਚੀਕ ਕੇ ਕਹਿ ਰਿਹਾ ਹੈ ਪਰ ਇਸ 'ਤੇ ਵੀ ਕੋਈ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਜਾ ਰਹੀ ਹੈ।