
ਕਿਸਾਨਾਂ ਨੂੰ ਕਰਜ਼ਾ ਮੁਆਫ਼ੀ ਦੀ ਜਗ੍ਹਾਂ ਕਰਜ਼ਾ ਮੁਕਤ ਬਣਾ ਰਹੇ ਹਾਂ - CM Mann
ਪਟਿਆਲਾ - ਐਤਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲਾ ਦੇ ਰਾਜਪੁਰਾ ਵਿਚ ਇੱਕ ਡੱਚ ਕੰਪਨੀ ਵੱਲੋਂ ਲਗਾਏ ਜਾ ਰਹੇ ਕੈਟਲ ਫੀਡ ਪਲਾਂਟ ਦਾ ਨੀਂਹ ਪੱਥਰ ਰੱਖਿਆ। ਮੁੱਖ ਮੰਤਰੀ ਨੇ 138 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਪਲਾਂਟ ਬਾਰੇ ਵੱਡੀਆਂ ਉਮੀਦਾਂ ਜ਼ਾਹਰ ਕੀਤੀਆਂ। ਰਾਜਪੁਰਾ ਪਹੁੰਚਣ 'ਤੇ ਨੀਦਰਲੈਂਡ ਤੋਂ ਪਹੁੰਚੇ ਪਤਵੰਤਿਆਂ ਵੱਲੋਂ ਮੁੱਖ ਮੰਤਰੀ ਦਾ ਸਵਾਗਤ ਕੀਤਾ ਗਿਆ।
ਇਸ ਦੌਰਾਨ ਨੀਦਰਲੈਂਡ ਦੀ ਸਫੀਰ ਮਾਰੀਸਾ ਗੇਰਾਦਾਜ ਨੇ ਮੁੱਖ ਮੰਤਰੀ ਨੂੰ ਪ੍ਰੋਜੈਕਟ ਬਾਰੇ ਜਾਣਕਾਰੀ ਦਿੱਤੀ। ਪ੍ਰੋਗਰਾਮ ਤੋਂ ਪਹਿਲਾਂ ਮੁੱਖ ਮੰਤਰੀ ਨੇ ਕੰਪਨੀ ਦੇ ਜਨਰਲ ਡਾਇਰੈਕਟਰ ਤਨਵੀਰ ਅਹਿਮਦ, ਰੁਜਰ ਇਓਨਸ ਅਤੇ ਸਫੀਰ ਮਰੀਸਾ ਗੇਰਾਡਜ ਦੀ ਮੌਜੂਦਗੀ ਵਿੱਚ ਨੀਂਹ ਪੱਥਰ ਰੱਖਿਆ।
ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨਿਵੇਸ਼ ਦੇ ਨਜ਼ਰੀਏ ਤੋਂ ਬਹੁਤ ਲੋੜੀਂਦਾ ਸੂਬਾ ਹੈ। ਇਸ ਦੌਰਾਨ ਉਨ੍ਹਾਂ ਇੱਥੋਂ ਦੇ ਸੱਭਿਆਚਾਰ ਅਤੇ ਖੇਤੀ ਬਾਰੇ ਗੱਲਬਾਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਲੁਧਿਆਣਾ ਵਿਖੇ ਖੇਤੀਬਾੜੀ ਯੂਨੀਵਰਸਿਟੀ ਦੀ ਵਿਸ਼ੇਸ਼ਤਾ ਬਾਰੇ ਦੱਸਿਆ ਅਤੇ ਪੰਜਾਬ ਵਿਚ ਆਲੂ ਦੀ ਕਾਸ਼ਤ, ਪਿਆਜ਼ ਅਤੇ ਪਿਆਜ਼ ਦੇ ਤੇਲ, ਫੁੱਲਾਂ ਅਤੇ ਸੁੱਕੇ ਫੁੱਲਾਂ ਆਦਿ ਦੇ ਲਾਭਾਂ ਬਾਰੇ ਵੀ ਦੱਸਿਆ। ਉਹਨਾਂ ਨੇ ਕਾਰੋਬਾਰ ਲਈ ਮੱਛੀ ਪਾਲਣ ਅਤੇ ਬਾਗਬਾਨੀ 'ਤੇ ਬਹੁਤ ਜ਼ੋਰ ਦਿੱਤਾ।
ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਬਾਰੇ ਵੀ ਗੱਲ ਕੀਤੀ ਤੇ ਕਿਹਾ ਕਿ ਕਿਸਾਨਾਂ ਨੂੰ ਸਿਰਫ਼ ਖੇਤੀ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਕਿਸਾਨਾਂ ਲਈ ਬਿਹਤਰ ਉਪਰਾਲੇ ਕਰ ਹੀ ਹੈ ਤੇ ਕਿਸਾਨਾਂ ਨੂੰ ਕਰਜ਼ਾ ਮੁਆਫ਼ੀ ਦੀ ਜਗ੍ਹਾਂ ਕਰਜ਼ਾ ਮੁਕਤ ਬਣਾ ਰਹੇ ਹਾਂ। ਉਹਨਾਂ ਨੇ ਕਿਹਾ ਕਿ ਸਰਕਾਰ ਅਜਿਹੇ ਉਪਰਾਲੇ ਸ਼ੁਰੂ ਕਰਨ ਬਾਰੇ ਸੋਚ ਰਹੀ ਹੈ ਜਿਸ ਨਾਲ ਕਿਸਾਨਾਂ ਨੂੰ ਕਰਜ਼ਾ ਲੈਣ ਦੀ ਲੋੜ ਹੀ ਨਾ ਪਵੇ।
ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਪੰਜਾਬ ਦੀ ਖੇਤੀ ਦੀ ਵੀ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਧਰਤੀ ਅਜਿਹੀ ਹੈ ਜਿੱਥੇ ਸਭ ਤੋਂ ਵੱਧ ਤੇ ਵਧੀਆ ਅਨਾਜ ਉੱਗਦਾ ਹੈ। ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਉਹ ਸਾਰੀ ਦੁਨੀਆਂ ਘੁੰਮੇ ਹਨ ਪਰ ਉਹਨਾਂ ਨੂੰ ਪੰਜਾਬ ਵਰਗੀ ਧਰਤੀ ਹੀ ਮਿਲੀ ਜਿੱਥੇ ਸਾਲ ਵਿਚ 150 ਤੋਂ ਵੱਧ ਮਣ ਦਾਣੇ ਉੱਗਦੇ ਹੋਣ।