
ਤਾਲਮੇਲ ਵਧਾਉਣ ਲਈ ਮੁਹਾਲੀ/ਚੰਡੀਗੜ੍ਹ ’ਚ ਜਲਦੀ ਹੀ ‘ਪਰਾਲੀ ਪ੍ਰਬੰਧਨ ਸੈੱਲ’ ਸਥਾਪਤ ਕੀਤਾ ਜਾਵੇਗਾ
ਨਵੀਂ ਦਿੱਲੀ : ਕੇਂਦਰ ਦੇ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ (CAQM) ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਝੋਨੇ ਦੀ ਵਾਢੀ ਦੇ ਚੱਲ ਰਹੇ ਸੀਜ਼ਨ ਦੌਰਾਨ ਪਰਾਲੀ ਸਾੜਨ ਤੋਂ ਰੋਕਣ ਲਈ ਪੰਜਾਬ ਦੇ 16 ਜ਼ਿਲ੍ਹਿਆਂ ਅਤੇ ਹਰਿਆਣਾ ਦੇ 10 ਜ਼ਿਲ੍ਹਿਆਂ ’ਚ ਉਡਨ ਦਸਤੇ (ਫਲਾਇੰਗ ਸਕੁਐਡ) ਤਾਇਨਾਤ ਕੀਤੇ ਹਨ।
ਇਸ ਨਾਜ਼ੁਕ ਸਮੇਂ ਦੌਰਾਨ ਤਾਲਮੇਲ ਵਧਾਉਣ ਲਈ ਮੁਹਾਲੀ/ਚੰਡੀਗੜ੍ਹ ’ਚ ਜਲਦੀ ਹੀ ‘ਪਰਾਲੀ ਪ੍ਰਬੰਧਨ ਸੈੱਲ’ ਸਥਾਪਤ ਕੀਤਾ ਜਾਵੇਗਾ। CAQM ਨੇ ਇਕ ਬਿਆਨ ’ਚ ਕਿਹਾ ਕਿ ਪੰਜਾਬ ਅਤੇ ਹਰਿਆਣਾ ਦੀਆਂ ਸੂਬਾ ਸਰਕਾਰਾਂ ਨੇ 2024 ਦੇ ਸਾਉਣੀ ਸੀਜ਼ਨ ਦੌਰਾਨ ਪਰਾਲੀ ਸਾੜਨ ਦੇ ਰਿਵਾਜ ਨੂੰ ਖਤਮ ਕਰਨ ਲਈ ਵਿਆਪਕ ਕਾਰਜ ਯੋਜਨਾਵਾਂ ਤਿਆਰ ਕੀਤੀਆਂ ਹਨ।
ਨਿਗਰਾਨੀ ਦੇ ਯਤਨਾਂ ਨੂੰ ਮਜ਼ਬੂਤ ਕਰਨ ਲਈ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਉਡਨ ਦਸਤੇ ਅਗਲੇ ਦੋ ਮਹੀਨਿਆਂ ਲਈ ਦੋਹਾਂ ਸੂਬਿਆਂ ਦੇ ਪਛਾਣੇ ਗਏ ਜ਼ਿਲ੍ਹਿਆਂ ’ਚ ਤਾਇਨਾਤ ਕੀਤੇ ਗਏ ਹਨ। CAQM ਨੇ ਕਿਹਾ, ‘‘ਇਹ ਉਡਨ ਦਸਤੇ ਸਬੰਧਤ ਸੂਬਾ ਸਰਕਾਰਾਂ ਵਲੋਂ ਨਿਯੁਕਤ ਜ਼ਿਲ੍ਹਾ ਪੱਧਰੀ ਅਧਿਕਾਰੀਆਂ ਅਤੇ ਨੋਡਲ ਅਧਿਕਾਰੀਆਂ ਨਾਲ ਨੇੜਲੇ ਤਾਲਮੇਲ ਨਾਲ ਕੰਮ ਕਰਨਗੇ।’’
ਪੰਜਾਬ ਦੇ 16 ਜ਼ਿਲ੍ਹਿਆਂ ’ਚ ਜਿਥੇ ਉਡਨ ਦਸਤੇ ਤੈਨਾਤ ਕੀਤੇ ਗਏ ਹਨ ਉਨ੍ਹਾਂ ’ਚ ਅੰਮ੍ਰਿਤਸਰ, ਬਰਨਾਲਾ, ਬਠਿੰਡਾ, ਫਰੀਦਕੋਟ, ਫਤਿਹਗੜ੍ਹ ਸਾਹਿਬ, ਫਾਜ਼ਿਲਕਾ, ਫਿਰੋਜ਼ਪੁਰ, ਜਲੰਧਰ, ਕਪੂਰਥਲਾ, ਲੁਧਿਆਣਾ, ਮਾਨਸਾ, ਮੋਗਾ, ਮੁਕਤਸਰ, ਪਟਿਆਲਾ, ਸੰਗਰੂਰ ਅਤੇ ਤਰਨ ਤਾਰਨ ਸ਼ਾਮਲ ਹਨ। ਹਰਿਆਣਾ ਦੇ 10 ਜ਼ਿਲ੍ਹੇ ਅੰਬਾਲਾ, ਫਤਿਹਾਬਾਦ, ਹਿਸਾਰ, ਜੀਂਦ, ਕੈਥਲ, ਕਰਨਾਲ, ਕੁਰੂਕਸ਼ੇਤਰ, ਸਿਰਸਾ, ਸੋਨੀਪਤ ਅਤੇ ਯਮੁਨਾਨਗਰ ਹਨ।
ਇਹ ਦਸਤੇ ਜ਼ਮੀਨੀ ਸਥਿਤੀ ਦਾ ਜਾਇਜ਼ਾ ਲੈਣਗੇ ਅਤੇ ਕਮਿਸ਼ਨ ਅਤੇ CPCB ਨੂੰ ਰੋਜ਼ਾਨਾ ਰੀਪੋਰਟ ਸੌਂਪਣਗੇ ਜਿਸ ’ਚ ਅਪਣੇ-ਅਪਣੇ ਜ਼ਿਲ੍ਹਿਆਂ ’ਚ ਪਰਾਲੀ ਸਾੜਨ ਨੂੰ ਰੋਕਣ ਲਈ ਚੁਕੇ ਗਏ ਕਦਮਾਂ ਦਾ ਵੇਰਵਾ ਦਿਤਾ ਜਾਵੇਗਾ।