
ਕਿਸਾਨੀ ਸੰਘਰਸ਼ ਨੂੰ ਦੇਸ਼-ਵਿਆਪੀ ਬਣਾਉਣ ਲਈ ਮੀਟਿੰਗਾਂ ਦਾ ਦੌਰ ਜਾਰੀ
ਚੰਡੀਗੜ੍ਹ: ਖੇਤੀ ਕਾਨੂੰਨਾਂ ਖਿਲਾਫ਼ ਸੜਕਾਂ 'ਤੇ ਉਤਰੀ ਕਿਸਾਨੀ ਦੀ ਗੱਲ ਸੁਣਨ ਦੀ ਬਜਾਏ ਕੇਂਦਰ ਸਰਕਾਰ ਨਿਤ ਨਵੇਂ ਕਦਮ ਚੁੱਕ ਕੇ ਬਲਦੀ 'ਤੇ ਤੇਲ ਪਾਉਣ ਦਾ ਕੰਮ ਕਰ ਰਹੀ ਹੈ। ਕੇਂਦਰ ਵਲੋਂ ਉਪਰ-ਥੱਲੀ ਚੁਕੇ ਜਾ ਰਹੇ ਕਦਮਾਂ ਨੂੰ ਕਿਸਾਨਾਂ ਦੇ ਹੌਂਸਲੇ ਪਸਤ ਕਰਨ ਦੀ ਕੋਸ਼ਿਸ਼ ਵਜੋਂ ਵੇਖਿਆ ਜਾ ਰਿਹਾ ਹੈ, ਪਰ ਵਾਪਰ ਇਸ ਦੇ ਉਲਟ ਰਿਹਾ ਹੈ। ਕਿਸਾਨਾਂ ਦੇ ਹੌਂਸਲੇ ਪਸਤ ਹੋਣ ਦੀ ਥਾਂ ਹੋਰ ਬੁਲੰਦ ਹੁੰਦੇ ਜਾ ਰਹੇ ਹਨ। ਪਰਾਲੀ ਬਾਰੇ ਕੇਂਦਰ ਦੇ ਆਰਡੀਨੈਂਸ ਤੋਂ ਬਾਅਦ ਪਰਾਲੀ ਸਾੜਨ ਦੀਆਂ ਘਟਨਾਵਾਂ 'ਚ ਹੋਏ ਵਾਧੇ ਨੂੰ ਕਿਸਾਨਾਂ ਦੀ ਚਿਤਾਵਨੀ ਵਜੋਂ ਵੇਖਿਆ ਜਾ ਰਿਹਾ ਹੈ।
Farmer protest
ਕੇਂਦਰ ਸਰਕਾਰ ਦੇ ਵਿਵਾਦਿਤ ਕਦਮਾਂ 'ਚ ਦਿਹਾਤੀ ਫ਼ੰਡ ਨੂੰ ਰੋਕਣਾ, ਹਵਾ ਪ੍ਰਦੂਸ਼ਣ ਖਿਲਾਫ਼ ਆਰਡੀਨੈਂਸ, ਵਿਆਜ ਮੁਆਫ਼ੀ 'ਚੋਂ ਕਿਸਾਨੀ ਨੂੰ ਬਾਹਰ ਰੱਖਣਾ, ਟਰੈਕ ਖ਼ਾਲੀ ਹੋਣ ਦੇ ਬਾਵਜੂਦ ਗੱਡੀਆਂ ਨਾ ਚਲਾਉਣ ਤੋਂ ਇਲਾਵਾ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਵਰਗੇ ਕਦਮ ਸ਼ਾਮਲ ਹਨ। ਕਿਸਾਨੀ ਮੰਚਾਂ 'ਤੇ ਕੇਂਦਰ ਦੇ ਉਪਰੋਕਤ ਕਦਮਾਂ ਦੀ ਵੱਡੀ ਮੁਖਾਲਫ਼ਤ ਹੋ ਰਹੀ ਹੈ।
Protest
ਕਿਸਾਨ ਆਗੂਆਂ ਮੁਤਾਬਕ ਸਖ਼ਤ ਕਦਮ ਚੁੱਕਣ ਅਤੇ ਹਰ ਹਾਲ ਲਾਗੂ ਕਰਨ ਦੀ ਮਾਨਸਿਕਤਾ ਤਹਿਤ ਵਿਚਰ ਰਹੀ ਕੇਂਦਰ ਸਰਕਾਰ ਮਸਲੇ ਨੂੰ ਉਲਝਾ ਕੇ ਅਪਣੇ ਰਾਹ 'ਚ ਕੰਡੇ ਬੀਜ ਜਾ ਰਹੀ ਹੈ। ਕਿਸਾਨ ਜਥੇਬੰਦੀਆਂ 5 ਤਰੀਕ ਦੇ ਸੰਘਰਸ਼ ਨੂੰ ਸਫ਼ਲ ਬਣਾਉਣ ਲਈ ਸਖ਼ਤ ਮਿਹਨਤ ਕਰ ਰਹੀਆਂ ਹਨ। ਸੂਤਰਾਂ ਮੁਤਾਬਕ 5 ਦੇ ਚੱਕਾ ਜਾਮ 'ਚ ਦੇਸ਼ ਭਰ ਦੀਆਂ 500 ਤੋਂ ਵਧੇਰੇ ਜਥੇਬੰਦੀਆਂ ਹਿੱਸਾ ਲੈਣਗੀਆਂ।
protest
ਇਸ ਐਕਸ਼ਨ ਤੋਂ ਬਾਅਦ ਕਿਸਾਨੀ ਸੰਘਰਸ਼ ਦੇ ਪੂਰੇ ਦੇਸ਼ ਅੰਦਰ ਫੈਲਣ ਦੇ ਅੰਦਾਜ਼ੇ ਲਗਾਏ ਜਾ ਰਹੇ ਹਨ। ਸੂਤਰਾਂ ਮੁਤਾਬਕ ਕਿਸਾਨ ਜਥੇਬੰਦੀਆਂ ਸੰਘਰਸ਼ ਨੂੰ ਭਾਜਪਾ ਸ਼ਾਸਿਤ ਸੂਬਿਆਂ ਅੰਦਰ ਫ਼ੈਲਾਉਣ ਦੀ ਕੋਸ਼ਿਸ਼ 'ਚ ਹਨ। ਭਾਜਪਾ ਆਗੂ ਕਿਸਾਨੀ ਸੰਘਰਸ਼ ਨੂੰ ਕਾਂਗਰਸ ਨਾਲ ਜੋੜ ਕੇ ਭੰਡ ਰਹੇ ਹਨ। ਕਿਸਾਨੀ ਸੰਘਰਸ਼ ਦੇ ਦੇਸ਼ ਵਿਆਪੀ ਹੋਣ ਤੋਂ ਬਾਅਦ ਭਾਜਪਾ ਇਹ ਦੋਸ਼ ਲਾਉਣ ਦੀ ਹਾਲਤ ਵਿਚ ਨਹੀਂ ਰਹੇਗੀ।
Kissan Protest
ਕਿਸਾਨ ਆਗੂ ਡਾ. ਦਰਸ਼ਨ ਪਾਲ ਮੁਤਾਬਕ ਕੇਂਦਰ ਸਰਕਾਰ ਦੇ ਵਿਵਾਦਿਤ ਕਦਮਾਂ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ 5 ਨਵੰਬਰ ਦੇ ਐਕਸ਼ਨ ਨੂੰ ਸਫ਼ਲ ਬਣਾਉਣ ਲਈ ਪੂਰੀ ਤਰ੍ਹਾਂ ਸਰਗਰਮ ਹਨ। ਕਿਸਾਨ ਜਥੇਬੰਦੀਆਂ ਵਲੋਂ ਪਿੰਡ-ਪਿੰਡ ਸੰਪਰਕ ਮੀਟਿੰਗਾਂ ਜ਼ਰੀਏ ਲੋਕਾਂ ਨੂੰ ਚੱਕਾ ਜਾਮ ਨੂੰ ਸਫ਼ਲ ਬਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਕਿਸਾਨ ਆਗੂਆਂ ਮੁਤਾਬਕ ਲੋਕਾਂ ਦੇ ਮਿਲ ਰਹੇ ਭਰਵੇਂ ਹੁੰਗਾਰੇ ਤੋਂ ਸੰਘਰਸ਼ ਦੇ ਪੂਰਨ ਸਫ਼ਲ ਰਹਿਣ ਦੀ ਉਮੀਦ ਹੈ।