
ਕੋਵਿਡ ਕਾਰਨ ਫਸੇ ਲੋਕ ਘਰਾਂ ਅਤੇ ਕੰਮਾਂ 'ਤੇ 14 ਨਵੰਬਰ ਨੂੰ ਮੁੜ ਪਰਤਨਗੇ: ਮੈਕਗੋਵਨ
ਪਰਥ, 31 ਅਕਤੂਬਰ (ਪਿਆਰਾ ਸਿੰਘ ਨਾਭਾ): ਸਮੁੱਚੇ ਆਸਟ੍ਰੇਲੀਆ ਵਿਚ ਕੋਰੋਨਾ ਦੇ ਘੱਟਦੇ ਮਾਮਲਿਆਂ ਕਾਰਨ ਸੂਬਾ ਪਛਮੀ ਆਸਟ੍ਰੇਲੀਆ ਪ੍ਰੀਮੀਅਰ ਮਾਰਕ ਮੈਕਗੋਵਨ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਆਉਣ ਵਾਲੇ ਅਗਲੇ ਮਹੀਨੇ ਨਵੰਬਰ ਦੀ 14 ਤਾਰੀਕ ਨੂੰ ਨਿਊ ਸਾਊਥ ਵੇਲਜ਼ ਤੇ ਵਿਕਟੋਰੀਆ ਲਈ ਕੁੱਝ ਪਾਬੰਧੀਆਂ ਜਾਰੀ ਰਖਦਿਆਂ ਬਾਕੀ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਲਗਦੀਆਂ ਸਰਹੱਦਾਂ ਖੋਲ੍ਹ ਦਿਤੀਆਂ ਜਾਣਗੀਆਂ।
ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਵਿਚ ਅਜਿਹੇ ਜੋ ਲੋਕ ਪਛਮੀ ਆਸਟਰੇਲੀਆ ਦੇ ਹੀ ਹਨ ਅਤੇ ਉੱਥੇ ਤਾਲਾਬੰਦੀ ਕਰ ਕੇ ਫਸੇ ਹੋਏ ਸਨ, ਅਪਣੇ ਘਰਾਂ ਜਾਂ ਕੰਮਾਂਕਾਰਾਂ ਉਤੇ ਮੁੜ ਆ ਸਕਣਗੇ ਪਰ ਉਨ੍ਹਾਂ ਨੂੰ 14 ਦਿਨਾਂ ਲਈ ਇਕਾਂਤਵਾਸ ਪ੍ਰਕਿਰਿਆ ਵਿਚ ਰਹਿਣਾ ਹੋਵੇਗਾ। ਅਜਿਹੇ ਲੋਕਾਂ ਦਾ ਪਹਿਲਾਂ ਤਾਂ ਇੱਥੇ ਆਉਣ ਉਤੇ ਕੋਵਿਡ-19 ਟੈਸਟ ਹੋਵੇਗਾ ਅਤੇ ਫਿਰ ਉਨ੍ਹਾਂ ਦੇ ਇਕਾਂਤਵਾਸ ਦੇ 11ਵੇਂ ਦਿਨ ਦੁਬਾਰਾ ਟੈਸਟ ਕੀਤਾ ਜਾਵੇਗਾ।
ਦੂਸਰੇ ਰਾਜਾਂ ਅਤੇ ਟੈਰਿਟਰੀਆਂ ਤੋਂ ਆਉਣ ਵਾਲੇ ਲੋਕਾਂ ਵਾਸਤੇ ਬੁਖ਼ਾਰ ਆਦਿ ਵਰਗੇ ਦੂਸਰੇ ਟੈਸਟ ਹੋਣਗੇ ਤੇ ਉਨ੍ਹਾਂ ਨੂੰ ਅਪਣੀਆਂ ਕੀਤੀਆਂ ਯਾਤਰਾਵਾਂ ਸਬੰਧੀ ਪੂਰਨ ਜਾਣਕਾਰੀ ਵੀ ਦੇਣੀ ਹੋਵੇਗੀ।
ਜ਼ਿਕਰਯੋਗ ਹੈ ਕਿਹਾਲ ਵਿਚ ਹੀ ਲੋਕਾਂ ਵਲੋਂ ਵੋਟਾਂ ਦਾ ਸਹਾਰਾ ਲੈ ਕੇ ਸਰਕਾਰ ਨੂੰ ਤਾਲਾਬੰਦੀ ਖੋਲ੍ਹਣ ਦੀ ਅਪੀਲ ਕੀਤੀ ਹੈ ਅਤੇ ਮਾਈਨਿੰਗ ਦੀ ਦੁਨੀਆਂ ਦੇ ਇਕ ਅਰਬਪਤੀ ਕਲਾਈਵ ਪਾਮਰ ਨੇ ਤਾਂ ਇਸ ਨੂੰ ਉੱਚ imageਅਦਾਲਤ ਵਿਚ ਅਗਲੇ ਹਫ਼ਤੇ ਚੁਨੌਤੀ ਦੇਣ ਦਾ ਵੀ ਫ਼ੈਸਲਾ ਕੀਤਾ ਹੈ।