
ਏਐਸਆਈ ਤੇ ਉਸਦੇ ਪੁੱਤਰ ਨੂੰ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਘੇਰ ਕੇ ਲੁੱਟਿਆ
ਤਰਨ ਤਾਰਨ: ਪੰਜਾਬ ਦੇ ਵੱਖ ਵੱਖ ਜਿਲ੍ਹਿਆਂ 'ਚ ਹੋ ਰਹੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਅੱਜ ਤਾਜਾ ਮਾਮਲਾ ਤਰਨ ਤਾਰਨ ਤੋਂ ਸਾਹਮਣੇ ਆਇਆ ਹੈ। ਇਸ ਮਾਮਲੇ 'ਚ ਮੋਟਰਸਾਈਕਲ ਸਵਾਰਾਂ ਨੇ ਗੋਲੀ ਮਾਰ ਕੇ ਥਾਣੇਦਾਰ ਦਾ ਕਤਲ ਕਰ ਦਿੱਤਾ। ਇਹ ਘਟਨਾ ਦੇਰ ਰਾਤ ਦੀ ਹੈ। ਇਹ ਵਾਰਦਾਤ ਨੂੰ ਅੰਜਾਮ ਉਸ ਵੇਲੇ ਦਿੱਤਾ ਗਿਆ ਜਦੋਂ ਏਐਸਆਈ ਗੁਰਦੀਪ ਸਿੰਘ ਤੇ ਉਸ ਦਾ ਲੜਕਾ ਮਨਪ੍ਰੀਤ ਸਿੰਘ ਕੋਈ ਕੰਮ ਜਾ ਰਹੇ ਸਨ। ਇਸ ਦੌਰਾਨ ਏਐਸਆਈ ਤੇ ਉਸਦੇ ਪੁੱਤਰ ਨੂੰ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਘੇਰ ਲਿਆ।
ਉਨ੍ਹਾਂ ਪਹਿਲਾਂ ਮਨਪ੍ਰੀਤ ਕੋਲੋਂ ਮੋਬਾਈਲ ਤੇ ਨਗਦੀ ਖੋਹੀ ਤੇ ਜਦ ਏਐਸਆਈ ਵੱਲੋਂ ਵਿਰੋਧ ਕੀਤਾ ਗਿਆ ਤਾਂ ਨੌਜਵਾਨਾਂ ਨੇ ਗੁਰਦੀਪ ਸਿੰਘ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਏਐਸਆਈ ਦੇ ਲੜਕੇ ਨੂੰ ਸਿਵਲ ਹਸਪਤਾਲ ਤਰਨ ਤਾਰਨ ਇਲਾਜ ਲਈ ਦਾਖਲ ਕਰਵਾ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਏਐਸਆਈ ਗੁਰਦੀਪ ਸਿੰਘ ਬੰਬ ਡਿਸਪੋਜ਼ਲ ਟੀਮ ਦਾ ਇੰਚਾਰਜ ਸੀ ਅਤੇ ਪੁਲਿਸ ਲਾਈਨ 'ਚ ਸੀ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਅਧਿਕਾਰੀ ਤੁਰੰਤ ਮੌਕੇ ‘ਤੇ ਪਹੁੰਚ ਗਏ, ਜਿਨ੍ਹਾਂ ਵਿੱਚ ਐਸਐਸਪੀ ਧਰੁਮਨ ਐਚ ਨਿੰਬਲੇ, ਐਸਪੀ ਜਗਜੀਤ ਸਿੰਘ ਵਾਲੀਆ, ਬਲਜੀਤ ਸਿੰਘ ਢਿੱਲੋਂ, ਡੀਐਸਪੀ ਸੁੱਚਾ ਸਿੰਘ ਬੱਲ, ਐਸਐਚਓ ਜਸਵੰਤ ਸਿੰਘ ਸ਼ਾਮਲ ਸਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਘਟਨਾ ਤੋਂ ਬਾਅਦ ਪੁਲਿਸ ਵੱਲੋਂ ਤੁਰੰਤ ਹੀ ਇਲਾਕੇ ਵਿਚ ਨਾਕਾਬੰਦੀ ਕਰਵਾ ਦਿੱਤੀ ਗਈ ਪਰ ਦੋਸ਼ੀਆਂ ਦਾ ਕੋਈ ਸੁਰਾਗ ਨਹੀਂ ਲੱਗਾ। ਪੁਲਿਸ ਵੱਲੋਂ ਇਸ ਨੂੰ ਲੁੱਟ ਦੀ ਘਟਨਾ ਦੇ ਨਾਲ-ਨਾਲ ਹੋਰ ਪਹਿਲੂਆਂ ਨਾਲ ਜੋੜ ਕੇ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ।